Canada: ਇੰਡੋ ਕੈਨੇਡੀਅਨਜ਼ ਸੀਨੀਅਰ ਸੁਸਾਇਟੀ ਵੈਨਕੂਵਰ ਨੇ ਵਰਲਡ ਸੀਨੀਅਰਜ਼ ਡੇ ਅਤੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਹਰਦਮ ਮਾਨ
ਵੈਨਕੂਵਰ, 10 ਅਕਤੂਬਰ 2025-ਸਨਸਿਟ ਇੰਡੋ ਕੈਨੇਡੀਅਨਜ਼ ਸੀਨੀਅਰ ਸੁਸਾਇਟੀ ਵੈਨਕੂਵਰ ਵੱਲੋਂ ਬੀਤੇ ਦਿਨੀਂ ਵਰਲਡ ਸੀਨੀਅਰਜ਼ ਡੇ ਅਤੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਸਮਾਗਮ ਦਾ ਆਰੰਭ ਸੁਰਜੀਤ ਸਿੰਘ ਮਿਨਹਾਸ ਦੇ ਧਾਰਮਿਕ ਸ਼ਬਦ ਨਾਲ ਹੋਇਆ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਵਰਲਡ ਸੀਨੀਅਰਜ਼ ਡੇ 1 ਅਕਤੂਬਰ 1991 ਤੋਂ UNO ਦੇ ਇੱਕ ਫੈਸਲੇ ਅਨੁਸਾਰ ਮਨਾਇਆ ਜਾਂਦਾ ਹੈ। ਜਪਾਨ ਵਿੱਚ ਇਹ ਦਿਨ ਸਤੰਬਰ ਮਹੀਨੇ ਦੇ ਤੀਜੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ। ਭਾਰਤ ਵਿੱਚ ਔਸਤ ਉਮਰ ਲਗਭਗ 65 ਸਾਲ ਮੰਨੀ ਜਾਂਦੀ ਹੈ, ਜਦਕਿ ਜਪਾਨ ਵਿੱਚ ਇਹ 85 ਸਾਲ ਹੈ। ਜਪਾਨ ਵਿੱਚ 100 ਸਾਲ ਤੋਂ ਵੱਧ ਉਮਰ ਵਾਲੇ ਹਜ਼ਾਰਾਂ ਲੋਕ ਹਨ। ਸੰਸਾਰ ਦਾ ਹਰ ਦਸਵਾਂ ਮਨੁੱਖ ਬਜ਼ੁਰਗ ਹੈ ਅਤੇ ਇਹ ਅਬਾਦੀ 1.4% ਦੀ ਦਰ ਨਾਲ ਵਧ ਰਹੀ ਹੈ। ਭਾਰਤ ਵਿੱਚ ਵੀ ਇਹ ਦਰ ਤੇਜ਼ੀ ਨਾਲ ਵਧ ਰਹੀ ਹੈ। ਸਿਹਤ ਸਹੂਲਤਾਂ ਅਤੇ ਜੀਵਨ ਪੱਧਰ ਵਿੱਚ ਆਈ ਤਬਦੀਲੀ ਨੇ ਲੋਕਾਂ ਦੀ ਉਮਰ ਵਿੱਚ ਵਾਧਾ ਕੀਤਾ ਹੈ। ਪਰ ਪਿਛਲੇ ਤਿੰਨ-ਚਾਰ ਦਹਾਕਿਆਂ ਵਿੱਚ ਸਾਡੀ ਜੀਵਨ ਸ਼ੈਲੀ ਅਤੇ ਪਰਿਵਾਰਕ ਰਿਸ਼ਤਿਆਂ ਵਿੱਚ ਅਜਿਹਾ ਵਿਗਾੜ ਆਇਆ ਹੈ ਕਿ ਕਈ ਵਾਰੀ ਬਜ਼ੁਰਗ ਸਾਨੂੰ “ਭਾਰ” ਵਾਂਗ ਲੱਗਣ ਲੱਗ ਪਏ ਹਨ। ਜਦੋਂ ਕਿ ਬਜ਼ੁਰਗਾਂ ਨੂੰ ਪਿਆਰ, ਸਾਥ, ਸਕੂਨ ਅਤੇ ਸੁਰੱਖਿਆ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਮਨੁੱਖ ਉਮਰ ਦੇ ਸਾਲਾਂ ਨਾਲ ਨਹੀਂ, ਸਗੋਂ ਆਪਣੀ ਨੈਤਿਕਤਾ ਅਤੇ ਸੋਚ ਨਾਲ ਬੁੱਢਾ ਹੁੰਦਾ ਹੈ।
ਇਸ ਮੌਕੇ ‘ਤੇ ਮੁਖਤਿਆਰ ਸਿੰਘ ਬੋਪਾਰਾਏ (78 ਸਾਲ), ਦਿਨੇਸ਼ ਕੁਮਾਰ ਮਲਹੋਤਰਾ (72 ਸਾਲ), ਸੁਰਜੀਤ ਸਿੰਘ ਭੱਟੀ (80 ਸਾਲ), ਹਰਦਿਆਲ ਸਿੰਘ ਗਿੱਲ (77 ਸਾਲ) ਅਤੇ ਰਾਮ ਧੀਰ (76 ਸਾਲ) ਨੂੰ ਉਹਨਾਂ ਦੇ ਜਨਮ ਦਿਨ ਦੇ ਮੌਕੇ ‘ਤੇ ਯਾਦਗਾਰੀ ਤੋਹਫ਼ੇ ਦਿੱਤੇ ਗਏ। ਮਨਜੀਤ ਢਿੱਲੋਂ, ਗੁਰਮੀਤ ਸਿੰਘ ਕਾਲਕਟ, ਅੰਦਰੇਸ ਬਾਜਵਾ, ਗੁਰਪਾਲ ਸਿੰਘ ਪੰਧੇਰ, ਕੁਲਦੀਪ ਸਿੰਘ ਜਗਪਾਲ, ਗੁਰਦਰਸ਼ਨ ਸਿੰਘ ਮਠਾੜੂ ਅਤੇ ਹੋਰ ਕਲਾਕਾਰਾਂ ਨੇ ਗੀਤਾਂ ਤੇ ਕਵਿਤਾਵਾਂ ਰਾਹੀਂ ਮਨੋਰੰਜਨ ਕੀਤਾ। ਦਿਨੇਸ਼ ਕੁਮਾਰ ਮੁਲਹੋਤਰਾ ਨੇ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਨ ਦੇ ਮੌਕੇ ‘ਤੇ ਉਹਨਾਂ ਨੂੰ ਯਾਦ ਕਰਦਿਆਂ ਦੁਸਹਿਰੇ ਦੇ ਤਿਉਹਾਰ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਗੁਰਦਿੱਤ ਸਿੰਘ ਸੰਧੂ ਅਤੇ ਸੁੱਚਾ ਸਿੰਘ ਕਲੇਰ ਨੇ ਦੇਸ਼-ਵਿਦੇਸ਼ ਦੀਆਂ ਖਬਰਾਂ ਸਾਂਝੀਆਂ ਕੀਤੀਆਂ।
ਅੰਤ ਵਿੱਚ ਸਭਾ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਸਿੱਧੂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਬਾਰੇ ਬੋਲਦਿਆਂ ਕਿਹਾ ਕਿ ਭਗਤ ਸਿੰਘ ਸਿਰਫ਼ ਇਕ ਆਜ਼ਾਦੀ ਸੈਨਾਨੀ ਨਹੀਂ ਸਨ, ਸਗੋਂ ਉਹ ਇਕ ਵਿਚਾਰਵਾਨ ਅਤੇ ਇਨਕਲਾਬੀ ਦਰਸ਼ਨ ਸ਼ਾਸਤਰੀ (Philosopher) ਸਨ, ਜਿਨ੍ਹਾਂ ਦੇ ਵਿਚਾਰ ਅੱਜ ਵੀ ਓਨੇ ਹੀ ਪ੍ਰਸੰਗਿਕ ਹਨ। ਉਹ ਇਕ ਅਜਿਹੇ ਸਮਾਜ ਦੀ ਕਲਪਨਾ ਕਰਦੇ ਸਨ ਜਿਥੇ ਲੁੱਟ-ਖਸੋਟ, ਗਰੀਬੀ, ਬੇਰੋਜ਼ਗਾਰੀ ਅਤੇ ਜਾਤੀਵਾਦ ਦਾ ਅੰਤ ਹੋਵੇ — ਇਕ ਐਸਾ ਸਮਾਜ ਜਿਥੇ ਮਿਹਨਤੀ ਲੋਕਾਂ ਦੀ ਸਰਦਾਰੀ ਹੋਵੇ।