UK ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ 28 ਸਾਲ ਦੀ ਸਖ਼ਤ ਕੈਦ
ਬਾਬੂਸ਼ਾਹੀ ਬਿਊਰੋ
ਲੀਡਜ਼ (ਯੂ.ਕੇ.), 3 ਨਵੰਬਰ, 2026 (ਨਵਦੀਪ ਸ਼ਰਮਾ): ਯੂਨਾਈਟਿਡ ਕਿੰਗਡਮ (ਯੂ.ਕੇ.) ਦੀ ਲੀਡਜ਼ ਕਰਾਊਨ ਕੋਰਟ ਨੇ ਸਾਲ 2023 ਵਿੱਚ ਵਾਪਰੇ ਇੱਕ ਭਿਆਨਕ ਹਾਦਸੇ ਦਾ ਫ਼ੈਸਲਾ ਸੁਣਾਉਂਦਿਆਂ ਆਡੀ ਅਤੇ ਬੀਐੱਮਡਬਲਯੂ ਕਾਰਾਂ ਦੀ ਰੇਸਿੰਗ ਕਰਕੇ ਸਕੂਲ ਜਾ ਰਹੀ ਮਾਂ ਅਤੇ 4 ਸਾਲਾ ਮਾਸੂਮ ਬੱਚੀ ਦੀ ਜਾਨ ਲੈਣ ਵਾਲੇ ਦੋ ਪੰਜਾਬੀ ਵਿਅਕਤੀਆਂ ਨੂੰ ਕੁੱਲ 28 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
16 ਜਨਵਰੀ 2023 ਦੀ ਸਵੇਰ ਨੂੰ ਵਾਪਰੇ ਇਸ ਹਾਦਸੇ ਵਿੱਚ 27 ਸਾਲਾ ਪੋਲਿਸ਼ ਮਹਿਲਾ ਜਸਟੀਨਾ ਹਲਬੌਏ ਆਪਣੀ ਚਾਰ ਸਾਲਾ ਧੀ ਲੀਨਾ ਚੇਪਚੋਰ ਨੂੰ ਸਕੂਲ ਛੱਡਣ ਜਾ ਰਹੀ ਸੀ, ਜਦੋਂ ਹਰਦੀਪ ਭੱਚੂ (29) ਆਪਣੀ ਬੇਕਾਬੂ ਤੇਜ਼ ਰਫ਼ਤਾਰ ਆਡੀ ਕਾਰ ਨਾਲ ਪੈਦਲ ਜਾ ਰਹੀਆਂ ਮਾਂ-ਧੀ ਨੂੰ ਟੱਕਰ ਮਾਰ ਕੇ ਜੈਗੁਆਰ ਡੀਲਰਸ਼ਿਪ ਦੀ ਕੰਧ ਨਾਲ ਜਾ ਟਕਰਾਇਆ, ਜਿਸ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਪੁਲਿਸ ਅਤੇ ਡੈਸ਼ਕੈਮ ਫੁਟੇਜ ਦੀ ਜਾਂਚ ਤੋਂ ਸਾਹਮਣੇ ਆਇਆ ਕਿ ਹਾਦਸੇ ਤੋਂ ਠੀਕ ਪਹਿਲਾਂ ਹਰਦੀਪ ਭੱਚੂ ਅਤੇ ਜਸਕਮਲ ਰਿਆਤ (37) ਲਾਲ ਬੱਤੀ 'ਤੇ ਆਪਣੀਆਂ ਲਗਜ਼ਰੀ ਗੱਡੀਆਂ ਦੀ ਰੇਸ ਲਗਾ ਰਹੇ ਸਨ ਅਤੇ ਆਡੀ ਦੇ ਇੰਜਣ ਦੀ ਤਾਕਤ ਬਾਰੇ ਸ਼ੇਖੀਆਂ ਮਾਰ ਰਹੇ ਸਨ, ਜਿਸ ਦੌਰਾਨ ਹਾਦਸੇ ਤੋਂ ਬਾਅਦ ਜਸਕਮਲ ਆਪਣੀ ਬੀਐੱਮਡਬਲਯੂ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ ਸੀ ਜਿਸਨੂੰ ਬਾਅਦ ਵਿੱਚ ਪੁਲਿਸ ਨੇ ਕਾਬੂ ਕਰ ਲਿਆ।
ਲੰਬੇ ਮੁਕੱਦਮੇ ਤੋਂ ਬਾਅਦ ਅਦਾਲਤ ਨੇ ਖ਼ਤਰਨਾਕ ਡਰਾਈਵਿੰਗ ਅਤੇ ਮੌਤ ਦੇ ਦੋਸ਼ ਹੇਠ ਹਰਦੀਪ ਭੱਚੂ ਨੂੰ 12 ਸਾਲ ਅਤੇ ਜਸਕਮਲ ਰਿਆਤ ਨੂੰ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਨਾਲ ਹੀ ਦੋਵਾਂ ਦੇ ਡਰਾਈਵਿੰਗ ਲਾਇਸੈਂਸ 6 ਸਾਲਾਂ ਲਈ ਮੁਅੱਤਲ ਕਰ ਦਿੱਤੇ ਗਏ ਹਨ ਅਤੇ ਜੇਲ੍ਹ ਤੋਂ ਰਿਹਾਈ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਸਜ਼ਾ ਦਾ ਘੱਟੋ-ਘੱਟ ਦੋ-ਤਿਹਾਈ ਹਿੱਸਾ ਕੱਟਣਾ ਪਵੇਗਾ।
- Download Babushahi App
-
-