SIR ਉਪਰੰਤ ਜ਼ਿਲ੍ਹਾ ਜਲੰਧਰ ਦੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ, ਕੁੱਲ 15,25,450 ਵੋਟਰ
ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਦੀਆਂ ਕਾਪੀਆਂ ਸੌਂਪੀਆਂ
ਜਲੰਧਰ, 12 ਅਕਤੂਬਰ 2026: ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ.)-2026 ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਅੱਜ ਜ਼ਿਲ੍ਹਾ ਜਲੰਧਰ ਦੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ, ਜਿਸ ਮੁਤਾਬਕ ਜ਼ਿਲ੍ਹੇ ਵਿੱਚ 15,25,450 ਵੋਟਰ ਹਨ। ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਨਿੰਦਰ ਕੌਰ ਵੱਲੋਂ ਅੰਤਿਮ ਪ੍ਰਕਾਸ਼ਨਾ ਉਪਰੰਤ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀ ਦੀ ਹਾਰਡ ਕਾਪੀ ਅਤੇ ਬਿਨਾਂ ਫੋਟੋ ਵਾਲੀ ਸਾਫ਼ਟ ਕਾਪੀ ਮੁਹੱਈਆ ਕਰਵਾਈ ਗਈ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਕਤੂਬਰ 2026 ਨੂੰ ਯੋਗਤਾ ਮਿਤੀ ਮੰਨਦਿਆਂ ਅੰਤਿਮ ਵੋਟਰ ਸੂਚੀ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 13 ਅਗਸਤ 2026 ਨੂੰ ਕੀਤੀ ਗਈ ਸੀ, ਜਿਸ ’ਤੇ 12 ਸਤੰਬਰ 2026 ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਨੋਟਿਸ ਪੜਾਅ ਤੇ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ 2026 ਤੱਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੰਤਿਮ ਪ੍ਰਕਾਸ਼ਨਾ ਉਪਰੰਤ ਜ਼ਿਲ੍ਹੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 15,25,450 ਹੈ, ਜਿਨ੍ਹਾਂ ਵਿੱਚ 778194 ਪੁਰਸ਼, 747203 ਮਹਿਲਾ ਅਤੇ 53 ਥਰਡ ਜੈਂਡਰ ਵੋਟਰ ਸ਼ਾਮਲ ਹਨ। ਵਿਧਾਨ ਸਭਾ ਹਲਕਾ ਵਾਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਤਿਮ ਪ੍ਰਕਾਸ਼ਨਾ ਉਪਰੰਤ ਹਲਕਾ ਫਿਲੌਰ ਵਿੱਚ 96985 ਪੁਰਸ਼, 91014 ਮਹਿਲਾ ਤੇ 6 ਥਰਡ ਜੈਂਡਰ ਵੋਟਰਾਂ ਸਮੇਤ ਕੁੱਲ 188005 ਵੋਟਰ ਹਨ। ਇਸੇ ਤਰ੍ਹਾਂ ਨਕੋਦਰ ਵਿੱਚ 92521 ਪੁਰਸ਼, 86829 ਮਹਿਲਾ, 4 ਥਰਡ ਜੈਂਡਰ ਸਮੇਤ ਕੁੱਲ 179354, ਸ਼ਾਹਕੋਟ ਵਿੱਚ 86746 ਪੁਰਸ਼, 81641 ਮਹਿਲਾ ਤੇ 6 ਥਰਡ ਜੈਂਡਰ ਵੋਟਰਾਂ ਸਮੇਤ ਕੁੱਲ 168393 ਵੋਟਰ ਹਨ। ਇਸੇ ਤਰ੍ਹਾਂ ਕਰਤਾਰਪੁਰ ਵਿੱਚ 177096 ਵੋਟਰ ਹਨ, ਜਿਨ੍ਹਾਂ ਵਿੱਚ 90927 ਪੁਰਸ਼, 86164 ਮਹਿਲਾ ਤੇ 5 ਥਰਡ ਜੈਂਡਰ ਵੋਟਰ ਸ਼ਾਮਲ ਹਨ। ਜਲੰਧਰ ਪੱਛਮੀ ਵਿੱਚ 81863 ਪੁਰਸ਼, 81540 ਮਹਿਲਾ ਤੇ 12 ਥਰਡ ਜੈਂਡਰ ਵੋਟਰਾਂ ਸਮੇਤ ਕੁੱਲ 163415 ਵੋਟਰ, ਜਲੰਧਰ ਕੇਂਦਰੀ ਵਿੱਚ 73856 ਪੁਰਸ਼, 73785 ਮਹਿਲਾ, 4 ਥਰਡ ਜੈਂਡਰ ਵੋਟਰਾਂ ਸਮੇਤ ਕੁੱਲ 147645 ਵੋਟਰ ਹਨ। ਜਲੰਧਰ ਉੱਤਰੀ ਵਿੱਚ ਕੁੱਲ 168009 ਵੋਟਰ ਹਨ, ਜਿਨ੍ਹਾਂ ਵਿੱਚ 84824 ਪੁਰਸ਼, 83179 ਮਹਿਲਾ ਤੇ 6 ਥਰਡ ਜੈਂਡਰ ਵੋਟਰ ਸ਼ਾਮਲ ਹਨ। ਜਲੰਧਰ ਛਾਉਣੀ ਵਿੱਚ 89441 ਪੁਰਸ਼, 87192 ਮਹਿਲਾ, 5 ਥਰਡ ਜੈਂਡਰ ਵੋਟਰਾਂ ਸਮੇਤ ਕੁੱਲ 176638 ਵੋਟਰ ਅਤੇ ਆਦਮਪੁਰ ਵਿੱਚ 81031 ਪੁਰਸ਼, 75859 ਮਹਿਲਾ ਤੇ 5 ਥਰਡ ਜੈਂਡਰ ਵੋਟਰਾਂ ਸਮੇਤ ਕੁੱਲ 156895 ਵੋਟਰ ਹਨ। ਉਨ੍ਹਾਂ ਦੱਸਿਆ ਕਿ ਅੰਤਿਮ ਵੋਟਰ ਸੂਚੀ ਮੁੱਖ ਚੋਣ ਅਫ਼ਸਰ ਪੰਜਾਬ ਦੀ ਅਧਿਕਾਰਤ ਵੈਬਸਾਈਟ http://www.ceopunjab.gov.in/index ਅਤੇ ਜ਼ਿਲ੍ਹਾ ਜਲੰਧਰ ਦੀ ਵੈਬਸਾਈਟ http://jalandhar.nic.in ’ਤੇ ਦੇਖੀ ਜਾ ਸਕਦੀ ਹੈ। ਇਸ ਤੋਂ ਇਲ਼ਾਵਾ ਵੋਟਰ ਸੂਚੀ ਜ਼ਿਲ੍ਹਾ ਚੋਣ ਦਫ਼ਤਰ, ਵਿਧਾਨ ਸਭਾ ਚੋਣ ਹਲਕਿਆਂ ਦੇ ਦਫ਼ਤਰ ਅਤੇ ਸਬੰਧਤ ਬੂਥ ਲੈਵਲ ਅਫ਼ਸਰ ਪਾਸ ਵੀ ਉਪਲਬਧ ਹੈ। ਉਨ੍ਹਾਂ ਐਸ.ਆਈ.ਆਰ. ਪ੍ਰਕਿਰਿਆ ਨੂੰ ਸਫ਼ਲਤਾਪੂਰਵਰ ਨੇਪਰੇ ਚਾੜ੍ਹਨ ਲਈ ਸਹਿਯੋਗ ਦੇਣ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਧੰਨਵਾਦ ਵੀ ਪ੍ਰਗਟ ਕੀਤਾ । ਮੀਟਿੰਗ ਵਿੱਚ ਚੋਣ ਤਹਿਸੀਲਦਾਰ ਡਾ. ਦੀਪਕ ਰਾਜ ਵੀ ਮੌਜੂਦ ਸਨ।
- Download Babushahi App
-
-