HMEL ਨੇ ਸਰਕਾਰੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਾਲ ਨਵਾਜਿਆ
ਅਸ਼ੋਕ ਵਰਮਾ
ਤਲਵੰਡੀ ਸਾਬੋ , 9 ਫਰਵਰੀ 2026 : ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤਲਵੰਡੀ ਸਾਬੋ ਵਿਖੇ ਹਲਕਾ ਵਿਧਾਇਕ ਸ੍ਰੀਮਤੀ ਬਲਜਿੰਦਰ ਕੌਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਤੇ ਟੈਬ ਦੇ ਕੇ ਸਨਮਾਨਿਤ ਕੀਤਾ ਤਾਂ ਜੋ ਉਹ ਡਿਜੀਟਲ ਮਾਧਿਅਮ ਰਾਹੀਂ ਆਪਣੀ ਸਿੱਖਿਆ ਨੂੰ ਹੋਰ ਮਜ਼ਬੂਤ ਬਣਾ ਸਕਣ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਖੰਨਾ, ਸਕੂਲ ਆਫ਼ ਐਮਿਨੈਂਸ ਦੇ ਮੁੱਖ ਅਧਿਆਪਕ ਦਵਿੰਦਰ ਕੁਮਾਰ ਗੋਇਲ, ਸਕੂਲ ਪ੍ਰਿੰਸੀਪਲ ਸੁਖਦੀਪ ਕੌਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਸਨ । ਇਸ ਤੋਂ ਇਲਾਵਾ ਬਾਰ੍ਹਵੀਂ ਜਮਾਤ ਦੇ ਛੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਨਾਲ ਲੈਪਟਾਪ ਭੇਟ ਕੀਤੇ ਗਏ, ਜਿਸ ਨਾਲ ਉਹ ਆਪਣੀ ਉੱਚ ਸਿੱਖਿਆ ਲਈ ਹੋਰ ਸਸ਼ਕਤ ਹੋ ਸਕਣ। ਇਸ ਮੌਕੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ ਗਈ। ਸਾਲਾਨਾ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸਾਂਸਕ੍ਰਿਤਿਕ ਪ੍ਰੋਗਰਾਮਾਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਖੰਨਾ ਅਤੇ ਪ੍ਰਿੰਸੀਪਲ ਸੁਖਦੀਪ ਕੌਰ ਨੇ ਐਚਐਮਈਐਲ ਦੀ ਇਸ ਪਹਿਲ ਦੀ ਸਰਾਹਨਾ ਕਰਦੇ ਹੋਏ ਵਿਦਿਆਰਥੀਆਂ ਨੂੰ ਲਗਾਤਾਰ ਮਿਹਨਤ ਕਰਨ ਅਤੇ ਪ੍ਰਾਪਤ ਸਾਧਨਾਂ ਦਾ ਸਹੀ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਐਚਐਮਈਐਲ ਦੀ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਵਚਨਬੱਧਤਾ ਅਤੇ ਖੇਤਰ ਵਿੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਨੂੰ ਦਰਸਾਉਂਦਾ ਹੈ।
ਖ਼ਾਸ ਗੱਲ ਇਹ ਹੈ ਕਿ ਐਚਐਮਈਐਲ ਵੱਲੋਂ ਹਰ ਸਾਲ ਦਿੱਤੀਆਂ ਜਾਣ ਵਾਲੀਆਂ ਸਕਾਲਰਸ਼ਿਪਾਂ ਅਤੇ ਡਿਜ਼ਿਟਲ ਗੈਜਟਸ ਨਾਲ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ, ਜਿਸ ਨਾਲ ਉਹ ਪੜ੍ਹਾਈ ਵਿੱਚ ਹੋਰ ਅੱਗੇ ਵਧਣ ਲਈ ਪ੍ਰੇਰਿਤ ਹੁੰਦੇ ਹਨ ਅਤੇ ਸਕੂਲਾਂ ਦੇ ਨਤੀਜਿਆਂ ਵਿੱਚ ਵੀ ਸਕਾਰਾਤਮਕ ਬਦਲਾਅ ਵੇਖਣ ਨੂੰ ਮਿਲਿਆ ਹੈ।
ਇਸੇ ਸਕੂਲ ਦੇ ਵਿਦਿਆਰਥੀ ਹਰਮਨਦੀਪ ਸਿੰਘ ਨੇ ਪਿਛਲੇ ਸਾਲ ਬਾਰ੍ਹਵੀਂ ਜਮਾਤ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਐਚਐਮਈਐਲ ਸਕਾਲਰਸ਼ਿਪ ਅਤੇ ਲੈਪਟਾਪ ਹਾਸਲ ਕੀਤਾ ਸੀ। ਇਸ ਦੀ ਮਦਦ ਨਾਲ ਉਸ ਨੇ ਆਨਲਾਈਨ ਪੜ੍ਹਾਈ ਕਰਕੇ ਦੇਸ਼ ਦੇ ਸਭ ਤੋਂ ਮੁਸ਼ਕਲ ਮੈਡੀਕਲ ਦਾਖਲਾ ਇਮਤਿਹਾਨ ‘ਨੀਟ’ ਨੂੰ ਕਵਾਲੀਫਾਈ ਕੀਤਾ। ਇਸ ਸਾਲ ਉਸ ਦਾ ਦਾਖਲਾ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਹੋਇਆ ਹੈ, ਜਿੱਥੇ ਉਹ ਆਪਣੇ ਡਾਕਟਰ ਬਣਨ ਦੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ।
ਇਸ ਤੋਂ ਇਲਾਵਾ, ਐਚਐਮਈਐਲ ਵੱਲੋਂ ਅਡਾਪਟ ਕੀਤੇ 113 ਸਰਕਾਰੀ ਸਕੂਲਾਂ ਵਿੱਚ ਸਕਾਲਰਸ਼ਿਪ ਦੀ ਬਦੌਲਤ ਪਿਛਲੇ ਸਾਲ 101 ਵਿਦਿਆਰਥੀਆਂ ਨੇ ਮੈਰਿਟੋਰੀਅਸ ਸਕੂਲਾਂ ਦੀ ਪ੍ਰਤੀਯੋਗੀ ਪਰੀਖਿਆ ਪਾਸ ਕਰਕੇ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਦਾਖਲਾ ਲਿਆ, ਜਦਕਿ 62 ਵਿਦਿਆਰਥੀਆਂ ਨੇ ਸਕੂਲ ਆਫ਼ ਐਮਿਨੈਂਸ ਦੀ ਪ੍ਰਵੇਸ਼ ਪਰੀਖਿਆ ਵੀ ਕਵਾਲੀਫਾਈ ਕੀਤੀ।