ਟੈੱਟ ਦੀ ਸ਼ਰਤ ਥੋਪਣ ਖਿਲਾਫ ਅਧਿਆਪਕ ਜਥੇਬੰਦੀਆਂ ਵੱਲੋਂ ਡੀਸੀ ਦਫਤਰ ਬਠਿੰਡਾ ਅੱਗੇ ਧਰਨਾ ਦੇਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ,9 ਫ਼ਰਵਰੀ 2026 : ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਉੱਪਰ ਨੌਕਰੀ ਵਿੱਚ ਬਣੇ ਰਹਿਣ ਅਤੇ ਪ੍ਰਮੋਸ਼ਨਾਂ ਲਈ ਟੈੱਟ ਦੀ ਸ਼ਰਤ ਤੋਂ ਛੋਟ ਦਿੰਦਾ ਪੱਤਰ ਵਾਪਸ ਲੈ ਕੇ ਨਵਾਂ ਪੱਤਰ ਜਾਰੀ ਕਰ ਲਾਜ਼ਮੀ ਕਰ ਪਿਛਲੇ 25-30 ਸਾਲਾਂ ਤੋਂ ਨੌਕਰੀਆਂ ਕਰ ਰਹੇ ਅਧਿਆਪਕਾਂ ਦੇ ਰੁਜ਼ਗਾਰ ਉੱਪਰ ਕੁਹਾੜਾ ਚਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਨੂੰ ਪੰਜਾਬ ਦੇ ਸਮੁੱਚੇ ਅਧਿਆਪਕ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰਨਗੇ। ਇਸ ਲਈ ਅਧਿਆਪਕਾਂ ਦੀਆਂ ਸਮੁੱਚੇ ਜਥੇਬੰਦੀਆਂ ਨੇ ਇੱਕ ਮੁੱਠ ਹੋ ਕੇ ਇਸ ਨਾਦਰਸ਼ਾਹੀ ਫਰਮਾਨ ਖਿਲਾਫ ਸੰਘਰਸ਼ ਸ਼ੁਰੂ ਕਰ ਦਿੱਤਾ ਹੈ।। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸਿੱਖਿਆ ਵਿਭਾਗ ਵੱਲੋਂ ਲੰਬੇ ਸਮੇਂ ਤੋਂ ਨੌਕਰੀਆਂ ਕਰ ਰਹੇ ਅਧਿਆਪਕਾਂ ਨੂੰ ਨੌਕਰੀ ਵਿੱਚ ਬਣੇ ਰਹਿਣ ਲਈ ਅਤੇ ਪ੍ਰਮੋਸ਼ਨਾਂ ਲੈਣ ਲਈ ਟੈਟ ਦੀ ਸ਼ਰਤ ਮੜਨ ਦੇ ਖਿਲਾਫ ਬਠਿੰਡਾ ਜਿਲ੍ਹੇ ਸਾਰੀਆਂ ਅਧਿਆਪਕ ਜਥੇਬੰਦੀਆਂ ਵੱਲੋਂ 10 ਫਰਵਰੀ ਨੂੰ ਬਠਿੰਡਾ ਦੇ ਡੀਸੀ ਦਫਤਰ ਅੱਗੇ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ ।ਇਸ ਮੌਕੇ ਡੈਮੋਕਰੇਟਿਕ ਟੀਚਰ ਫਰੰਟ (ਦਿਗਵਿਜੇ) ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ, ਸਕੱਤਰ ਜਸਵਿੰਦਰ ਸਿੰਘ, ਡੀ ਟੀ ਐਫ (ਵਿਕਰਮ ਦੇਵ ) ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ ਸਕੱਤਰ ਗੁਰਮੇਲ ਮਲਕਾਣਾ,ਜੀ ਟੀ ਯੂ ਦੇ ਬਲਦੇਵ ਸਿੰਘ, ਬੀਐਡ ਅਧਿਆਪਕ ਫਰੰਟ ਦੇ ਕਰਮਜੀਤ ਸਿੰਘ ਜਲਾਲ, ਅਧਿਆਪਕ ਦਲ ਦੇ ਜਗਤਾਰ ਸਿੰਘ ਬਾਠ, ਕੰਪਿਊਟਰ ਅਧਿਆਪਕ ਯੂਨੀਅਨ ਦੇ ਜੋਨੀ ਸਿੰਗਲਾ, ਈਟੀਟੀ ਟੀਚਰ ਯੂਨੀਅਨ ਦੇ ਜਗਸੀਰ ਸਹੋਤਾ, ਫਿਜੀਕਲ ਐਸੋਸੀਏਸ਼ਨ ਦੇ ਕੁਲਵਿੰਦਰ ਸਿੰਘ ਗਿਆਨਾ ਨੇ ਇਹ ਐਲਾਨ ਕੀਤਾ ਹੈ।
ਅਧਿਆਪਕ ਆਗੂਆਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਮੰਗ ਕੀਤੀ ਕਿ 2011 ਤੋਂ ਪਹਿਲਾਂ ਭਰਤੀ ਅਧਿਆਪਕਾਂ ਉੱਤੇ ਨੌਕਰੀ ਵਿੱਚ ਬਣੇ ਰਹਿਣ ਲਈ ਅਤੇ ਤਰੱਕੀ ਹਾਸਿਲ ਕਰਨ ਲਈ ਈ.ਟੀ.ਟੀ. ਕਾਡਰ, ਮਾਸਟਰ ਕਾਡਰ, ਲੈਕਚਰਾਰ ਕਾਡਰ, ਹੈੱਡ ਮਾਸਟਰ ਅਤੇ ਪ੍ਰਿੰਸੀਪਲ ਕਾਡਰ ਕਰਨ ਲਈ ਟੈੱਟ ਪਾਸ ਕਰਨ ਦੀ ਜਬਰੀ ਥੋਪੀ ਸ਼ਰਤ ਖਿਲਾਫ ਆਵਾਜ਼ ਬੁਲੰਦ ਕਰਨ ਲਈ ਪੂਰੇ ਪੰਜਾਬ ਵਿੱਚ ਵਿਭਾਗ ਦੇ ਪੱਤਰ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।ਆਗੂਆਂ ਵੱਲੋਂ ਸਪਸ਼ਟ ਕੀਤਾ ਗਿਆ ਇਹਨਾਂ ਅਧਿਆਪਕਾਂ ਉੱਤੇ ਟੈੱਟ ਦੀ ਸ਼ਰਤ ਥੋਪਣਾ ਠੀਕ ਉਵੇਂ ਹੀ ਹੈ ਜਿਵੇਂ ਮੈਚ ਸ਼ੁਰੂ ਹੋਣ ਤੋਂ ਬਾਅਦ ਖੇਡ ਨਿਯਮ ਬਦਲ ਦਿੱਤੇ ਜਾਣ। ਅਧਿਆਪਕ ਨੂੰ ਨੌਕਰੀਆਂ ਵਿੱਚ ਰਹਿਣ ਲਈ ਅਤੇ ਤਰੱਕੀਆਂ ਕਰਨ ਵਿੱਚ ਅਜਿਹੀ ਸ਼ਰਤ ਲਗਾਉਣਾ ਬਿਲਕੁਲ ਹੀ ਗਲਤ ਹੈ। ਕਿਉਂਕਿ ਭਰਤੀ ਹੋਣ ਸਮੇਂ ਹਰੇਕ ਅਧਿਆਪਕ ਸਮੇਂ ਮੁਤਾਬਿਕ ਹਰੇਕ ਯੋਗਤਾ ਪੂਰੀ ਕਰਕੇ ਨੌਕਰੀ ਵਿੱਚ ਆਏ ਹਨ। ਨੌਕਰੀ ਵਿੱਚ ਆਉਣ ਤੋਂ ਬਾਅਦ ਟੈੱਟ ਵਰਗੀ ਬੇਲੋੜੀ ਸ਼ਰਤ ਲਗਾਉਣਾ ਬਿਲਕੁੱਲ ਗ਼ੈਰਵਾਜਿਬ, ਤਰਕਹੀਣ ਅਤੇ ਅਧਿਆਪਕਾਂ ਨਾਲ ਬੇਇਨਸਾਫ਼ੀ ਹੈ। ਆਗੂਆਂ ਨੇ ਕਿਹਾ ਭਵਿੱਖ ਵਿੱਚ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਦੀਆਂ ਇਹਨਾਂ ਮੁਲਾਜ਼ਮ ਅਤੇ ਰੁਜ਼ਗਾਰ ਮਾਰੂ ਨੀਤੀਆਂ ਖਿਲਾਫ ਸਮੁੱਚੇ ਅਧਿਆਪਕਾਂ ਵੱਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਦੀ ਜਿੰਮੇਵਾਰੀ ਸਮੇਂ ਦੀਆਂ ਸਰਕਾਰਾਂ ਦੀ ਹੋਵੇਗੀ।