Crime Special -‘ਆਪ’ ਸਰਪੰਚ ਸਤਵੀਰ ਕੌਰ ‘ਰਿਸ਼ਵਤ’ ਮਾਮਲਾ : ਆਗੂ ਪਤੀ ਅਤੇ ਸ਼ਕਾਇਤਕਰਤਾ ਖਹਿਬੜੇ
ਅਸ਼ੋਕ ਵਰਮਾ
ਬਠਿੰਡਾ, 10 ਅਕਤੂਬਰ 2026 : ਬਠਿੰਡਾ ਜਿਲ੍ਹੇ ਦੇ ਪਿੰਡ ਕਾਲਝਰਾਣੀ ਦੀ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਸਾਬਕਾ ਜਿਲ੍ਹਾ ਪ੍ਰਧਾਨ ਸਤਵੀਰ ਕੌਰ ਸਿੱਧੂ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਨਵਾਂ ਵਿਵਾਦ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਸ਼ਕਾਇਤਕਰਤਾ ਜਤਿੰਦਰ ਸਿੰਘ ਵਾਸੀ ਭਗਵਾਨਗੜ੍ਹ ( ਭੁੱਖਿਆਂ ਵਾਲੀ) ਤਹਿਸੀਲ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਹੈ ਜੋ ਉਦੋਂ ‘ਆਪ ’ ਵਲੰਟੀਅਰ ਸੀ, ਦੀ ਸ਼ਕਾਇਤ ’ਤੇ ਵਿਜੀਲੈਂਸ ਨੇ ਸਤਵੀਰ ਕੌਰ ਖਿਲਾਫ 25 ਜਨਵਰੀ 2026 ਨੂੰ ਜੰਗਲਾਤ ਵਿਭਾਗ ’ਚ ਨੌਕਰੀ ਦਿਵਾਉਣ ਬਦਲੇ ਉਸ ਤੋਂ (ਜਤਿੰਦਰ ਸਿੰਘ) ਉਸ ਦੀ ਤਨਖਾਹ ਚੋਂ ਰਿਸ਼ਵਤ ਵਜੋਂ ਸਾਢੇ 8 ਹਜ਼ਾਰ ਰੁਪਏ ਮਹੀਨਾ ਦੇਣ ਦੀ ਮੰਗ ਕਰਨ ਸਬੰਧੀ ਐਫਆਈਆਰ ਦਰਜ ਕੀਤੀ ਸੀ। ਮੁਕੱਦਮਾ ਦਰਜ ਹੋਣ ਤੋਂ ਬਾਅਦ ਸਤਵੀਰ ਕੌਰ ਲਗਾਤਾਰ ਫਰਾਰ ਚੱਲੀ ਆ ਰਹੀ ਹੈ। ਬਠਿੰਡਾ ਅਦਾਲਤ ਅਤੇ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸਤਵੀਰ ਕੌਰ ਦੀ ਅਗਾਊਂ ਜਮਾਨਤ ਅਰਜੀ ਲਈ ਰੱਦ ਕੀਤੀ ਜਾ ਚੁੱਕੀ ਹੈ।
ਸ਼ਿਕਾਇਤਕਰਤਾ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਬਠਿੰਡਾ ਦੇ ਅਦਾਲਤੀ ਕੰਪਲੈਕਸ ’ਚ ਆਪਣੇ ਕੰਮ ਆਇਆ ਸੀ ਜਿੱਥੇ ਸਤਵੀਰ ਕੌਰ ਦੇ ਪਤੀ ਨਰੋਤਮ ਸਿੰਘ ਨੇ ਉਸ ’ਤੇ ਹਮਲਾ ਕਰ ਦਿੱਤਾ । ਉਨ੍ਹਾਂ ਦੋਸ਼ ਲਾਇਆ ਕਿ ਇਸ ਦੌਰਾਨ ਉਨ੍ਹਾਂ ਦਾ ਮੋਬਾਈਲ ਫ਼ੋਨ ਖੋਹਕੇ ਤੋੜ ਦਿੱਤਾ ਗਿਆ, ਤਾਂ ਜੋ ਉਸ ਵਿੱਚ ਮੌਜੂਦ ਉਨ੍ਹਾਂ ਦੀ ਪਤਨੀ ਦੇ ਖਿਲਾਫ ਸਬੂਤ ਨਸ਼ਟ ਕੀਤੇ ਜਾ ਸਕਣ। ਦੋਵਾਂ ਧਿਰਾਂ ’ਚ ਹੋਏ ਝਗੜੇ ਦੀਆਂ ਕੁੱਝ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਵੀਡੀਓ ’ਚ ਇੱਕ ਵਿਅਕਤੀ ਜਤਿੰਦਰ ਦਾ ਮੋਬਾਇਲ ਫੋਨ ਭੰਨਦਾ ਦਿਖਾਈ ਦਿੰਦਾ ਹੈ ਜਦੋਂਕਿ ਜਤਿੰਦਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਤਿੰਦਰ ਨੇ ਕਿਹਾ ਕਿ ਉਸ ਨੇ ਵਿਜੀਲੈਂਸ ਨੂੰ ਸਤਵੀਰ ਕੌਰ ਦੇ ਉੱਥੇ ਮੌਜੂਦ ਹੋਣ ਸਬੰਧੀ ਸੂਚਨਾ ਦਿੱਤੀ ਸੀ ਉਸ ਨੇ ਦੱਸਿਆ ਕਿ ਸਤਵੀਰ ਕੌਰ ਦੇ ਪਤੀ ਨੂੰ ਕਿਧਰੋਂ ਭਿਣਕ ਪੈ ਗਈ ਤਾਂ ਉਸ ਨੇ ਆਪਣੀ ਪਤਨੀ ਨੂੰ ਭਜਾ ਦਿੱਤਾ ।
ਜਤਿੰਦਰ ਨੇ ਦੱਸਿਆ ਕਿ ਉਸ ਨੇ ਪੁਲਿਸ ਕੋਲ ਸ਼ਕਾਇਤ ਦਰਜ ਕਰਵਾਈ ਸੀ ਜਿਸ ਨੇ ਉਸ ਦੇ ਬਿਆਨ ਵੀ ਦਰਜ ਕਰ ਲਏ ਹਨ। ਦੂਜੇ ਪਾਸੇ ਆਪਣਾ ਪੱਖ ਦੱਸਦਿਆਂ ਸਰਪੰਚ ਸਤਵੀਰ ਕੌਰ ਦੇ ਪਤੀ ਨਰੋਤਮ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਜਤਿੰਦਰ ਸਿੰਘ ਝੂਠ ਬੋਲਦਾ ਹੈ ਬਲਕਿ ਕੁੱਟਿਆ ਤਾਂ ਉਸ ਨੂੰ ਗਿਆ ਅਤੇ ਸੋਨੇ ਦੀ ਚੈਨ ਲਾਹ ਲਈ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁੱਟਮਾਰ ਸਬੰਧੀ ਪੁਸ਼ਟੀ ਲਈ ਵੀਡੀਓ ਦੇਖੀਆਂ ਜਾ ਸਕਦੀਆਂ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਪੁਲਿਸ ਨੂੰ ਬਿਆਨ ਦਰਜ ਕਰਵਾ ਦਿੱਤੇ ਹਨ। ਦੱਸ ਦੇਈਏ ਕਿ ਜਤਿੰਦਰ ਸਿੰਘ ਜੁਲਾਈ 2023 ਵਿੱਚ ਵਣ ਵਿਭਾਗ ’ਚ ਆਊਟਸੋਰਸਿੰਗ ਤਹਿਤ ਡਰਾਈਵਰ ਵਜੋਂ ਭਰਤੀ ਹੋਇਆ ਸੀ। ਜਤਿੰਦਰ ਨੇ 2023 ’ਚ ਵਿਜੀਲੈਂਸ ਨੂੰ ਸ਼ਕਾਇਤ ਦਿੱਤੀ ਸੀ ਜਿਸ ’ਚ ਦੋਸ਼ ਲਾਇਆ ਸੀ ਕਿ ਸਤਵੀਰ ਕੌਰ ਅਤੇ ਇੱਕ ਚੇਅਰਮੈਨ ਨੇ ਮਿਲਕੇ ਉਸ ਤੋਂ ਹਰ ਮਹੀਨੇ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।
ਸ਼ਕਾਇਤ ਅਨੁਸਾਰ ਬਾਅਦ ’ਚ ਇਹ ਰਾਸ਼ੀ 85 ਸੌ ਰੁਪਏ ਤੈਅ ਹੋ ਗਈ ਸੀ। ਸ਼ਕਾਇਤ ’ਚ ਦੱਸਿਆ ਸੀ ਕਿ ਉਸ ਨੇ ਦੋ ਮਹੀਨਿਆਂ ਦੀ ਤਨਖਾਹ ਚੋਂ 10 ਹਜ਼ਾਰ ਰੁਪਏ ਕਿਸ਼ਤ ਦੇ ਰੂਪ ਵਿੱਚ ਅਦਾ ਵੀ ਕੀਤੇ ਸਨ ਪਰ ਜਦੋਂ ਪੈਸੇ ਦੇਣ ਤੋਂ ਜਵਾਬ ਦਿੱਤਾ ਤਾਂ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਸ਼ਕਾਇਤਕਰਤਾ ਨੇ ਵਿਜੀਲੈਂਸ ਨੂੰ ਇੱਕ ਪੈਨ ਡਰਾਈਵ ’ਚ ਕੁੱਝ ਆਡੀਓ ਅਤੇ ਵੀਡੀਓ ਰਿਕਾਰਡਿੰਗਾਂ ਸੌਂਪੀਆਂ ਸਨ। ਰਿਕਾਰਡਿੰਗ ਦੀ ਲਿਖਤੀ ਪ੍ਰਤੀ ਵਿੱਚ ਕਥਿਤ ਤੌਰ ’ਤੇ ਰਕਮ ਦੀ ਮੰਗ ਅਤੇ ਭੁਗਤਾਨ ਸਬੰਧੀ ਗੱਲਬਾਤ ਦਾ ਜ਼ਿਕਰ ਸੀ। ਇਸ ਮਾਮਲੇ ਵਿੱਚ ਜਿਸ ਚੇਅਰਮੈਨ ਦਾ ਨਾਮ ਸਾਹਮਣੇ ਆਇਆ ਸੀ ਪਰ ਕੋਈ ਠੋਸ ਸਬੂਤ ਨਾ ਹੋਣ ਕਾਰਨ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਵਿਜੀਲੈਂਸ ਨੇ ਪੜਤਾਲ ਤੋਂ ਬਾਅਦ ਸਰਪੰਚ ਸਤਵੀਰ ਕੌਰ ਖਿਲਾਫ 25 ਜਨਵਰੀ 2025 ਨੂੰ ਭ੍ਰਿਸ਼ਟਾਚਾਰ ਰੋਕਥਾਮ ਐਕਟ 1988 ਦੀ ਧਾਰਾ 7-ਏ ਤਹਿਤ ਐਫਆਈਆਰ ਨੰਬਰ ਦੋ ਦਰਜ ਕੀਤੀ ਸੀ।
ਜਿਕਰਯੋਗ ਹੈ ਕਿ ਬਠਿੰਡਾ ਅਦਾਲਤ ਨੇ ਭ੍ਰਿਸ਼ਟਾਚਾਰ ਨਾਲ ਜੁੜੇ ਇਸ ਮਾਮਲੇ ’ਚ 16 ਫਰਵਰੀ 2026 ਨੂੰ ਸਤਵੀਰ ਕੌਰ ਵੱਲੋਂ ਅਗਾਊਂ ਜਮਾਨਤ ਲਈ ਦਿੱਤੀ ਅਰਜੀ ਖਾਰਜ ਕਰ ਦਿੱਤੀ ਸੀ। ਇਸ ਤੋਂ ਬਾਅਦ ਸਤਵੀਰ ਕੌਰ ਨੇ ਅਗਾਊਂ ਜਮਾਨਤ ਹਾਸਲ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਸੀ । ਹਾਈਕੋਰਟ ਨੇ ਸ਼ਕਾਇਤਕਰਤਾ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਦਾ ਹਵਾਲਾ ਦਿੰਦਿਆਂ 3 ਜੂਨ 2026 ਨੂੰ ਸਤਵੀਰ ਕੌਰ ਦੀ ਅਗਾਊਂ ਜਮਾਨਤ ਲਈ ਦਿੱਤੀ ਅਰਜੀ ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਨੇ ਦੋਸ਼ਾਂ ਦੀ ਗੰਭੀਰਤਾ ਅਤੇ ਹਿਰਾਸਤ ’ਚ ਪੁੱਛਗਿਛ ਦੀ ਜਰੂਰਤ ਨੂੰ ਧਿਆਨ ’ਚ ਰੱਖਦਿਆਂ ਸਤਵੀਰ ਕੌਰ ਨੂੰ ਕਿਸੇ ਕਿਸਮ ਦੀ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਦੂਸਰੀ ਤਰਫ ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਵਿਵਾਦਿਤ ਰਕਮ ਰਿਸ਼ਵਤ ਦੀ ਨਹੀਂ ਬਲਕਿ ਕਥਿਤ ਤੌਰ ’ਤੇ ਪਹਿਲਾਂ ਦਿੱਤੇ ਗਏ 1 ਲੱਖ 30 ਹਜ਼ਾਰ ਰੁਪਏ ਕਰਜੇ ਦੀ ਕਿਸ਼ਤ ਸੀ।
ਬਿਆਨਾਂ ਪਿਛੋਂ ਕਾਰਵਾਈ - ਐਸਐਚਓ
ਥਾਣਾ ਸਿਵਲ ਲਾਈਨ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਦੋਵੇਂ ਧਿਰਾਂ ਹਸਪਤਾਲ ’ਚ ਦਾਖਲ ਹਨ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਏਗੀ।
- Download Babushahi App
-
-