Crime Special ਸਰਪੰਚ ਸਤਵੀਰ ਕੌਰ ਕੇਸ ’ਚ ਸ਼ਕਾਇਤਕਰਤਾ ’ਤੇ ਪਰਚਾ:ਸਾਡਾ ਚੱਲਦੈ ਧੱਕਾ ਅਸੀਂ ਤਾਂ ਕਰਦੇ
ਸਰਪੰਚ ਦੇ ਪਤੀ ਨੇ ਦਰਜ ਕਰਵਾਇਆ ਮੁਕੱਦਮਾ
ਅਸ਼ੋਕ ਵਰਮਾ
ਬਠਿੰਡਾ , 12 ਅਕਤੂਬਰ 2026 : ਬਠਿੰਡਾ ਜਿਲ੍ਹੇ ਦੇ ਪਿੰਡ ਕਾਲਝਰਾਣੀ ਦੀ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਸਾਬਕਾ ਜਿਲ੍ਹਾ ਪ੍ਰਧਾਨ ਸਤਵੀਰ ਕੌਰ ਸਿੱਧੂ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸ਼ਕਾਇਤਕਰਤਾ ਜਤਿੰਦਰ ਸਿੰਘ ਵਾਸੀ ਭਗਵਾਨਗੜ੍ਹ ( ਭੁੱਖਿਆਂ ਵਾਲੀ) ਜਿਲ੍ਹਾ ਬਠਿੰਡਾ ਅਤੇ ਸਰਪੰਚ ਦੇ ਪਤੀ ਨਰੋਤਮ ਸਿੰਘ ਵਿਚਕਾਰ ਹੋਏ ਝਗੜੇ ਸਬੰਧੀ ਬਠਿੰਡਾ ਪੁਲਿਸ ਨੇ ਸ਼ਕਾਇਤਕਰਤਾ ਸਮੇਤ ਛੇ ਜਣਿਆਂ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਨਰੋਤਮ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਾਲਝਰਾਣੀ ਦੀ ਸ਼ਕਾਇਤ ’ਤੇ ਜਤਿੰਦਰ ਸਿੰਘ ਸੋਹਲ , ਉਸ ਦੀ ਪਤਨੀ ਹਰਪ੍ਰੀਤ ਕੌਰ ਅਤੇ ਵਕੀਲ ਅੰਗਰੇਜ ਸਿੰਘ ਤੋਂ ਇਲਾਵਾ 3 ਅਣਪਛਾਤਿਆਂ ਨੂੰ ਬੀਐਨਐਸ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦੋਸ਼ੀ ਵਜੋਂ ਨਾਮਜਦ ਕੀਤਾ ਹੈ। ਮਾਮਲਾ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਜੁੜਿਆ ਹੋਣ ਕਰਕੇ ਇਸ ਨੂੰ ਸ਼ਕਾਇਤਕਰਤਾ ’ਤੇ ਕਥਿਤ ਦਬਾਅ ਪਾਉਣ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ।
ਇੱਥੇ ਇਹ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਇਹ ਉਹੀ ਜਤਿੰਦਰ ਸਿੰਘ ਹੈ ਜਿਸ ਦੀ ਸ਼ਕਾਇਤ ’ਤੇ ਵਿਜੀਲੈਂਸ ਨੇ ਕਾਲਝਰਾਣੀ ਦੀ ਸਰਪੰਚ ਸਤਵੀਰ ਕੌਰ ਖਿਲਾਫ 25 ਜਨਵਰੀ 2026 ਨੂੰ ਜੰਗਲਾਤ ਵਿਭਾਗ ’ਚ ਨੌਕਰੀ ਦਿਵਾਉਣ ਬਦਲੇ ਉਸ ਦੀ ਤਨਖਾਹ ਚੋਂ ਰਿਸ਼ਵਤ ਵਜੋਂ ਸਾਢੇ 8 ਹਜ਼ਾਰ ਰੁਪਏ ਮਹੀਨਾ ਦੇਣ ਦੀ ਮੰਗ ਕਰਨ ਸਬੰਧੀ ਐਫਆਈਆਰ ਨੰਬਰ 2 ਦਰਜ ਕੀਤੀ ਸੀ। ਵਿਜੀਲੈਂਸ ਅਨੁਸਾਰ ਸਤਵੀਰ ਕੌਰ ਫਰਾਰ ਹੈ ਅਤੇ ਬਠਿੰਡਾ ਅਦਾਲਤ ਤੇ ਪੰਜਾਬ ਹਰਿਆਣਾ ਹਾਈਕੋਰਟ ਉਸ ਦੀਆਂ ਅਗਾਊਂ ਜਮਾਨਤ ਅਰਜੀ ਰੱਦ ਕਰ ਚੁੱਕੀਆਂ ਹਨ। ਐਫਆਈਆਰ ਦੀ ਇਬਾਰਤ ਅਨੁਸਾਰ ਨਰੋਤਮ ਸਿੰਘ ਲੰਘੀ 9 ਅਕਤੂਬਰ ਨੂੰ ਆਪਣੇ ਸਾਥੀ ਜਗਸੀਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਕਾਲਝਰਾਣੀ ਨਾਲ ਕਿਸੇ ਮਾਮਲੇ ਦੀ ਪੈਰਵਾਈ ਲਈ ਬਠਿੰਡਾ ਕਚਹਿਰੀ ਆਇਆ ਸੀ। ਇਸ ਦੌਰਾਨ ਜਦੋਂ ਉਹ ਆਪਣੇ ਵਕੀਲ ਦੇ ਚੈਂਬਰ ਤੋਂ ਬਾਹਰ ਆਇਆ ਤਾਂ ਜਤਿੰਦਰ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਭਗਵਾਨਗੜ੍ਹ ਨੇ ਉਸ ਦੀ ਵੀਡੀਓ ਬਨਾਉਣੀ ਸ਼ੁਰੂ ਕਰ ਦਿੱਤੀ।
ਇਸ ਮੌਕੇ ਉਸ ਦੇ ਤਾਏ ਦਾ ਲੜਕਾ ਅੰਗਰੇਜ ਸਿੰਘ ਸੋਹਲ , ਪਤਨੀ ਹਰਪ੍ਰੀਤ ਕੌਰ ਅਤੇ 2-3 ਅਣਪਛਾਤੇ ਨਾਲ ਸਨ। ਇਸ ਮੌਕੇ ਜਤਿੰਦਰ ਸਿੰਘ ਨੇ ਕਿਹਾ ਕਿ ਇਸ ਦੀ ਪਤਨੀ ਸਤਵੀਰ ਕੌਰ ਨੇ ਮੇਰੇ ਨਾਲ ਠੱਗੀ ਮਾਰੀ ਹੈ ਇਸ ਲਈ ਇਸ ਨੂੰ ਸਬਕ ਸਿਖਾਉਣਾ ਹੈ। ਐਫਆਈਆਰ ਅਨੁਸਾਰ ਮੈਂ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇੰਨ੍ਹਾਂ ਸਾਰਿਆਂ ਨੇ ਮੈਨੂੰ ਘੇਰ ਲਿਆ ਅਤੇ ਜਤਿੰਦਰ ਸਿੰਘ ਨੇ ਮੇਰੀ ਛਾਤੀ ’ਚ ਮੁੱਕਾ ਮਾਰਿਆ ਤੇ ਘਰੂਟ ਮਾਰੇ ਜਿਸ ਨਾਲ ਮੇਰੀ ਕਮੀਜ ਪਾਟ ਗਈ। ਇਸ ਮੌਕੇ ਜਤਿੰਦਰ ਦੀ ਪਤਨੀ ਵੱਲੋਂ ਹੱਲਾਸ਼ੇਰੀ ਦੇਣ ’ਤੇ ਜਤਿੰਦਰ ਨੇ ਮੇਰੇ ਗਲ ’ਚ ਪਾਈ ਸੋਨੀ ਦੀ ਕਰੀਬ ਦੋ ਤੋਲੇ ਦੀ ਚੈਨੀ ਪੱਟ ਲਈ। ਐਫਆਈਆਰ ਮੁਤਾਬਕ ਉਸ ਵੱਲੋਂ ਵਿਰੋਧ ਕਰਨ ’ਤੇ ਉਨ੍ਹਾਂ ਮੇਰੀ ਕੁੱਟਮਾਰ ਅਤੇ ਅੰਗਰੇਜ ਸਿੰਘ ਸੋਹਲ ਨੇ ਧੱਕਾ ਮੁੱਕੀ ਕੀਤੀ। ਇਸ ਦੌਰਾਨ ਜਤਿੰਦਰ ਦਾ ਮੋਬਾਇਲ ਹੇਠਾ ਡਿੱਗਣ ਨਾਲ ਟੁੱਟ ਗਿਆ ਅਤੇ ਉਸ ਦੇ ਸੱਟਾਂ ਵੱਜੀਆਂ ਹਨ।
ਐਫਆਈਆਰ ਅਨੁਸਾਰ ਨਰੋਤਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਰੌਲਾ ਪੈਣ ’ਤੇ ਲੋਕਾਂ ਦਾ ਇਕੱਠ ਹੋ ਗਿਆ ਤਾਂ ਇਹ ਸਾਰੇ ਲੋਕ ਮੌਕੇ ਤੋਂ ਚਲੇ ਗਏ। ਇਸ ਮੌਕੇ ਜਗਸੀਰ ਸਿੰਘ ਨੇ ਉਸ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ। ਐਫਆਈਆਰ ਮੁਤਾਬਕ ਇਸ ਕੁੱਟਮਾਰ ਦੀ ਵਜ੍ਹ ਇਹ ਹੈ ਕਿ ਜਤਿੰਦਰ ਸਿੰਘ ਨੇ ਉਸ ਦੀ ਪਤਨੀ ਖਿਲਾਫ ਝੂਠਾ ਮੁਕੱਦਮਾ ਦਰਜ ਕਰਵਾਇਆ ਹੋਇਆ ਹੈ ਜਿਸ ਦੀ ਪੜਤਾਲ ਚੱਲ ਰਹੀ ਹੈ। ਇਸੇ ਰੰਜਿਸ਼ ਕਰਕੇ ਜਤਿੰਦਰ ਸਿੰਘ , ਉਸ ਦੀ ਪਤਨੀ , ਹਰਪ੍ਰੀਤ ਕੌਰ ਅਤੇ ਅੰਗਰੇਜ ਸਿੰਘ ਸੋਹਲ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਸੋਨੇ ਦੀ ਚੈਨੀ ਖੋਹੀ ਹੈ। ਨਰੋਤਮ ਸਿੰਘ ਨੇ ਆਪਣੇ ਬਿਆਨਾਂ ’ਚ ਮੁਲਜਮਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਇਸ ਸਬੰਧ ’ਚ ਬੀਐਨਐਸ ਦੀ ਧਾਰਾ 304, 115 (2), 126 (2), 351 (2) , (3) ਤਹਿਤ ਮੁਕੱਦਮਾ ਦਰਜ ਕੀਤਾ ਹੈ।
ਵਕੀਲ ਭਾਈਚਾਰਾ ਭੜਕਿਆ
ਬਠਿੰਡਾ ਬਾਰ ਦੇ ਇੱਕ ਮੈਂਬਰ ਖਿਲਡਾਫ ਪਰਚਾ ਦਰਜ ਹੋਣ ਤੋਂ ਬਾਅਦ ਵਕੀਲ ਭਾਈਚਾਰੇ ਨੇ ਐਸਐਸਪੀ ਨਾਲ ਮੁਲਾਕਾਤ ਕਰਕੇ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ। ਮੁਕੱਦਮੇ ’ਚ ਨਾਮਜਦ ਵਕੀਲ ਅੰਗਰੇਜ ਸਿੰਘ ਸੋਹਲ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲਾ ਬਾਰ ਐਸੋਸੀਏਸ਼ਨ ਹਵਾਲੇ ਕਰ ਦਿੱਤਾ ਹੈ ਜੋ ਆਪਣੇ ਪੱਧਰ ’ਤੇ ਅਗਲੀ ਕਾਰਵਾਈ ਕਰੇਗੀ।
ਦਬਾਅ ਦੀ ਰਣਨੀਤੀ ਦੀ ਚਰਚਾ
ਥਾਣਾ ਸਿਵਲ ਲਾਾਈਨ ’ਚ ਸ਼ਕਾਇਤਾਕਰਤਾ ਅਤੇ ਉਸ ਦੀ ਪਤਨੀ ਖਿਲਾਫ ਦਰਜ ਮਾਮਲੇ ਨੂੰ ਸਰਪੰਚ ਸਤਵੀਰ ਕੌਰ ਵਿਰੁੱਧ ਦਰਜ ਵਿਜੀਲੈਂਸ ਕੇਸ ਨੂੰ ਖਾਰਜ ਕਰਵਾਉਣ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ। ਹਾਲਾਂਕਿ ਕੋਈ ਅਧਿਕਾਰੀ ਇਸ ਸਬੰਧੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਪਰ ਚਰਚਾ ਇਹੋ ਹੀ ਚੱਲ ਰਹੀ ਹੈ ਕਿ ਇਸ ਤਰਾਂ ਕਰਕੇ ਸ਼ਕਾਇਤਕਰਤਾ ’ਤੇ ਦਬਾਅ ਪਾਉਣਾ ਅਸਾਨ ਹੈ।
ਤਫਤੀਸ਼ ਸ਼ੁਰੂ : ਜਾਂਚ ਅਧਿਕਾਰੀ
ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਪੁਲਿਸ ਨੇ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਦਰਸ਼ਨ ਕੁਮਾਰ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਅਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਏਗੀ।
- Download Babushahi App
-
-