Babushahi Special-ਵਿਜੀਲੈਂਸ ਨੇ ਮਾਰਿਆ ਛਾਪਾ ਤਾਂ ਮੁੱਕਿਆ ਵਰਦੀ ਵਾਲੇ ਲੁਟੇਰਿਆਂ ਦੀ ਲੁੱਟ ਦਾ ਸਿਆਪਾ
ਅਸ਼ੋਕ ਵਰਮਾ
ਬਠਿੰਡਾ , 8 ਅਗਸਤ 2026 : ਵਿਜੀਲੈਂਸ ਬਿਊਰੋ ਮੋਹਾਲੀ ਵੱਲੋਂ ਬਠਿੰਡਾ ਦੇ ਸਾਈਬਰ ਕ੍ਰਾਈਮ ਥਾਣੇ ’ਚ 1 ਲੱਖ ਰੁਪਏ ਰਿਸ਼ਵਤ ਵਜੋਂ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਦੋਵਾਂ ਮੁਲਿਸ ਮੁਲਾਜਮਾਂ ਨੇ ਪੁੱਛਗਿਛ ਦੌਰਾਨ ਅਹਿਮ ਖੁਲਾਸੇ ਕੀਤੇ ਹਨ ਜਿੰਨ੍ਹਾਂ ਨੂੰ ਸੁਣਕੇ ਅਫਸਰ ਵੀ ਦੰਗ ਰਹਿ ਗਏ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜਮ ਪੁਲਿਸ ਮੁਲਾਜਮਾਂ ਦੀ ਨੀਅਤ ਸਿਰਫ ਇੱਕ ਲੱਖ ਰੁਪਏ ਰਿਸ਼ਵਤ ਲੈਣ ਤੱਕ ਹੀ ਸੀਮਤ ਨਹੀਂ ਸੀ ਬਲਕਿ ਉਨ੍ਹਾਂ ਨੇ ਪੀੜਤ ਪ੍ਰੀਵਾਰ ਤੋਂ ਪੜਾਅਵਾਰ ਢੰਗ ਨਾਲ 4 ਤੋਂ 5 ਲੱਖ ਰੁਪਏ ਵਸੂਲਣ ਦੀ ਯੋਜਨਾ ਬਣਾਈ ਹੋਈ ਸੀ। ਰਾਹਤ ਇਹ ਰਹੀ ਕਿ ਇਸ ਤੋਂ ਪਹਿਲਾਂ ਵਿਜੀਲੈਂਸ ਦਾ ਛਾਪਾ ਵੱਜ ਗਿਆ ਅਤੇ ਦੋਵਾਂ ਦੇ ਦਿਲਾਂ ਦੀਆਂ ਦਿਲ ’ਚ ਹੀ ਰਹਿ ਗਈਆਂ। ਵਿਜੀਲੈਂਸ ਨੇ ਪੀੜਤਾ ਰਿਤੂ ਰਾਣੀ ਦੀ ਸ਼ਕਾਇਤ ਦੀ ਜਾਂਚ ਉਪਰੰਤ ਸਾਈਬਰ ਕ੍ਰਾਈਮ ਥਾਣੇ ’ਚ ਤਾਇਨਾਤ ਏਐਸਆਈ ਸਤਰੂਪ ਸਿੰਘ ਅਤੇ ਐਸਐਚਓ ਦੇ ਰੀਡਰ ਗੁਰਚਰਨ ਸਿੰਘ ਨੂੰ ਫੜਿਆ ਸੀ।
ਵਿਜੀਲੈਂਸ ਨੇ ਮੁਲਜਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਸੀ ਜਿੱਥੋਂ ਦੋਵਾਂ ਨੂੰ ਅਗਲੀ ਪੁੱਛ ਪੜਤਾਲ ਲਈ ਪੁਲਿਸ ਰਿਮਾਂਡ ’ਤੇ ਭੇਜਿਆ ਹੋਇਆ ਹੈ। ਵਿਜੀਲੈਂਸ ਦੀ ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜਮਾਂ ਨੇ ਪਹਿਲਾਂ ਸ਼ਕਾਇਤਕਰਤਾ ਨੂੰ ਕਿਹਾ ਸੀ ਕਿ ਜੇਕਰ ਉਸ ਨੇ ਆਪਣੇ ਲੜਕੇ ਨੂੰ ਗ੍ਰਿਫਤਾਰ ਹੋਣ ਤੋਂ ਤੁਰੰਤ ਬਚਾਉਣਾ ਹੈ ਅਤੇ ਜਮਾਨਤ ਤੱਕ ਰਾਹਤ ਚਾਹੀਦੀ ਹੈ ਤਾਂ ਇੱਕ ਲੱਖ ਰੁਪਏ ਦੇਣੇ ਪੈਣਗੇ। ਇਸ ਨੂੰ ਦੇਖਦਿਆਂ ਪ੍ਰੀਵਾਰ ਨੇ ਰਿਸ਼ਤੇਦਾਰਾਂ ਤੋਂ ਵਿਆਜ ’ਤੇ ਪੈਸੇ ਉਧਾਰ ਲੈਕੇ ਪੁਲਿਸ ਨੂੰ ਦੇਣ ਲਈ ਲੱਖ ਰੁਪਏ ਦਾ ਇੰਤਜਾਮ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਪੁਲਿਸ ਮੁਲਾਜਮਾਂ ਨੇ ਪੀੜਤ ਪ੍ਰੀਵਾਰ ’ਤੇ ਹੋਰ ਪੈਸੇ ਦੇਣ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ । ਪ੍ਰੀਵਾਰ ਨੂੰ ਕਿਹਾ ਗਿਆ ਕਿ ਇੱਕ ਲੱਖ ਰੁਪਏ ਤਾਂ ਸ਼ੁਰੂਆਤ ਹੈ ਅਤੇ ਪੂਰੇ ਮਾਮਲੇ ਨੂੰ ਰਫਾ ਦਫਾ ਕਰਨ ਲਈ 4 ਤੋਂ 5 ਲੱਖ ਰੁਪਏ ਅਦਾ ਕਰਨੇ ਪੈਣਗੇ।
ਜਦੋਂ ਪੀੜਤ ਪ੍ਰੀਵਾਰ ਨੂੰ ਜਾਪਿਆ ਕਿ ਇਸ ਤਰਾਂ ਤਾਂ ਰਿਸ਼ਵਤ ਦੀ ਮੰਗ ਲਗਾਤਾਰ ਵਧਦੀ ਜਾ ਸਕਦੀ ਹੈ ਤਾਂ ਉਨ੍ਹਾਂ ਨੇ ਵਿਜੀਲੈਂਸ ਨਾਲ ਮਿਲਕੇ ਮੁਲਜਮ ਪੁਲਿਸ ਮੁਲਾਜਮਾਂ ਨੂੰ ਬੇਨਕਾਬ ਕਰਨ ਦਾ ਫੈਸਲਾ ਕਰ ਲਿਆ। ਪ੍ਰੀਵਾਰ ਨੇ ਪੁਲਿਸ ਮੁਲਾਜਮਾਂ ਦੇ ਫੋਨ ਕਾਲਾਂ ਦੀਆਂ ਆਡੀਓ ਰਿਕਾਰਡ ਕਰ ਲਈਆਂ ਅਤੇ ਵਿਜੀਲੈਂਸ ਨੂੰ ਸੌਂਪ ਦਿੱਤੀਆਂ। ਵਿਜੀਲੈਂਸ ਅਧਿਕਾਰੀਆਂ ਨੇ ਆਡੀਓ ਰਿਕਾਰਡਿੰਗਾਂ ਦੀ ਮੁਢਲੀ ਜਾਂਚ ਤੋਂ ਬਾਅਦ ਪੂਰੀ ਯੋਜਨਾ ਬਣਾਈ ਅਤੇ ਮੁਹਾਲੀ ਤੋਂ ਫਲਾਈਂਗ ਸੁਕਐਡ ਦੀ ਟੀਮ ਬਠਿੰਡਾ ਪੁੱਜ ਗਈ ਤੇ ਪੁਲਿਸ ਮੁਲਾਜਮਾਂ ਨੂੰ ਕਾਬੂ ਕਰਨ ਲਈ ਬਕਾਇਦਾ ਜਾਲ ਵਿਛਾ ਲਿਆ। ਮੁਲਾਜਮਾਂ ਨੇ ਜਿਓਂ ਹੀ ਇੱਕ ਲੱਖ ਰਪਏ ਦੀ ਪਹਿਲੀ ਕਿਸ਼ਤ ਹਾਸਲ ਕੀਤੀ ਤਾਂ ਵਿਜੀਲੈਂਸ ਟੀਮ ਨੇ ਦੋਵਾਂ ਸਹਾਇਕ ਥਾਣੇਦਾਰਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇਸ ਮੌਕੇ ਵਿਜੀਲੈਂਸ ਟੀਮ ਨੇ ਰਿਸ਼ਵਤ ਦੀ ਰਾਸ਼ੀ ਵੀ ਬਰਾਮਦ ਕਰ ਲਈ ਅਤੇ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਅਧਿਕਾਰੀ ਮੁਲਜਮਾਂ ਨੂੰ ਆਪਣੇ ਨਾਲ ਮੋਹਾਲੀ ਲੈ ਗਏ।
ਐਸਐਚਓ ਨੂੰ ਸੱਦਣ ਦੀ ਤਿਆਰੀ
ਵਿਜੀਲੈਂਸ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਪੁੱਛਗਿਛ ਦੌਰਾਨ ਇਸ ਮਾਮਲੇ ’ਚ ਹੋਰ ਲੋਕਾਂ ਦੀ ਭੂਮਿਕਾ ਸਾਹਮਣੇ ਆਉਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ ਇਸ ਲਈ ਅਦਾਲਤ ਤੋਂ ਦੋਵਾਂ ਨੂੰ ਰਿਮਾਂਡ ’ਤੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕਿ ਰਿਸ਼ਵਤ ਦੀ ਮੰਗ ਇਨ੍ਹਾਂ ਦੋਂ ਪੁਲਿਸ ਮੁਲਾਜਮਾਂ ਤੱਕ ਸੀਮਤ ਸੀ ਜਾਂ ਫਿਰ ਹੋਰਨਾਂ ਅਧਿਕਾਰੀਆਂ ਦਾ ਵੀ ਹਿੱਸਾ ਪੱਤੀ ਸੀ। ਉਨ੍ਹਾਂ ਦੱਸਿਆ ਕਿ ਸਾਈਬਰ ਥਾਣੇ ਦੇ ਮੁੱਖ ਥਾਣਾ ਅਫਸਰ ਤੋਂ ਵੀ ਇਸ ਸਬੰਧ ’ਚ ਪੁੱਛਗਿਛ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਕਿਸੇ ਹੋਰ ਪੁਲਿਸ ਮੁਲਾਜਮ ਦੀ ਮਿਲੀਭੁਗਤ ਸਾਹਮਣੇ ਆਈ ਤਾਂ ਉਸ ਨੂੰ ਵੀ ਐਫਆਈਆਰ ’ਚ ਨਾਮਜਦ ਕੀਤਾ ਜਾਏਗਾ।
ਪੁਰਾਣਾ ਖਿਡਾਰੀ ਸਤਰੂਪ ਸਿੰਘ
ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਇਹ ਉਹੀ ਸਤਰੂਪ ਸਿੰਘ ਹੈ ਜਿਸ ਨੂੰ 7 ਜਨਵਰੀ 2016 ਨੂੰ ਵਿਜੀਲੈਂਸ ਨੇ ਇੱਕ ਏਐਸਆਈ ਸਮੇਤ 50 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ। ਉਦੋਂ ਸਤਰੂਪ ਸਿੰਘ ਹੌਲਦਾਰ ਸੀ ਅਤੇ ਥਾਣਾ ਕੈਨਾਲ ਕਲੋਨੀ ਦੇ ਮੁੱਖ ਥਾਣਾ ਅਫਸਰ ਦੇ ਰੀਡਰ ਵਜੋਂ ਕੰਮ ਕਰ ਰਿਹਾ ਸੀ। ਵਿਜੀਲੈਂਸ ਨੇ ਦਸੰਬਰ 2017 ’ਚ ਸਤਰੂਪ ਸਿੰਘ , ਤੱਤਕਾਲੀ ਐਸਐਚਓ ਅਤੇ ਇੱਕ ਏਐਸਆਈ ਖਿਲਾਫ ਅਦਾਲਤ ’ਚ ਚਲਾਨ ਵੀ ਪੇਸ਼ ਕੀਤਾ ਸੀ। ਮਗਰੋਂ ਇਸ ਮਾਮਲੇ ਦਾ ਕੀ ਬਣਿਆ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।
ਬਠਿੰਡਾ ਵਿਜੀਲੈਂਸ ਤੇ ਉਂਗਲ ਉੱਠੀ
ਬਠਿੰਡਾ ’ਚ ਵਿਜੀਲੈਂਸ ਦਾ ਮੁਕੰਮਲ ਤਾਮ ਝਾਮ ਹੋਣ ਦੇ ਬਾਵਜੂਦ ਪੀੜਤ ਰਿਤੂ ਰਾਣੀ ਵੱਲੋਂ ਇੱਥੇ ਸ਼ਕਾਇਤ ਕਰਨ ਦੀ ਥਾਂ ਸਿੱਧੀ ਮੋਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਮੁੱਖ ਦਫਤਰ ਕੋਲ ਪਹੁੰਚ ਕਰਨ ਨੇ ਬਠਿੰਡਾ ਵਿਜੀਲੈਂਸ ਸਵਾਲਾਂ ਦੇ ਘੇਰੇ ’ਚ ਖੜ੍ਹੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪ੍ਰੀਵਾਰ ਨੂੰ ਸ਼ੱਕ ਸੀ ਕਿ ਸਥਾਨਕ ਪੱਧਰ ’ਤੇ ਸ਼ਕਾਇਤ ਕਰਨ ਨਾਲ ਕਾਰਵਾਈ ਪ੍ਰਭਾਵਿਤ ਹੋ ਸਕਦੀ ਹੈ ਇਸ ਲਈ ਰਿਤੂ ਰਾਣੀ ਨੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਕਾਇਤ ਦੇਣ ਦੇ ਨਾਲ ਨਾਲ ਰਿਸ਼ਵਤ ਮੰਗਣ ਦੀਆਂ ਆਡੀਓ ਰਿਕਾਰਡਿੰਗਾਂ ਵੀ ਸੌਂਪੀਆਂ ਸਨ। ਵੱਡੀ ਗੱਲ ਇਹ ਰਹੀ ਕਿ ਮੋਹਾਲੀ ਵਿਜੀਲੈਂਸ ਨੇ ਵੀ ਕਾਰਵਾਈ ਮੌਕੇ ਬਠਿੰਡਾ ਵਿਜੀਲੈਂਸ ਨੂੰ ਆਪਣੇ ਨਾਲ ਨਹੀਂ ਲਿਆ ਜੋ ਇੱਕ ਵੱਡਾ ਸਵਾਲ ਹੈ।
- Download Babushahi App
-
-