BREAKING- 'ਪੰਜਾਬ 'ਚ ਕਾਂਗਰਸ ਦਾ CM ਚਿਹਰਾ ਰਾਹੁਲ ਗਾਂਧੀ'- ਕੇ. ਸੀ. ਵੇਣੂਗੋਪਾਲ ਦਾ ਵੱਡਾ ਬਿਆਨ (ਵੇਖੋ ਵੀਡੀਓ)
ਨਸ਼ਿਆਂ ਦੇ ਮੁੱਦੇ 'ਤੇ ਕੇ. ਸੀ. ਵੇਣੂਗੋਪਾਲ ਦਾ ਭਾਜਪਾ 'ਤੇ ਤਿੱਖਾ ਹਮਲਾ: ਕਿਹਾ- ਗੁਜਰਾਤ ਅਤੇ ਕੇਂਦਰ 'ਚ ਸਰਕਾਰ ਹੋਣ ਦੇ ਬਾਵਜੂਦ ਨਸ਼ਾ ਖ਼ਤਮ ਕਰਨ 'ਚ ਨਾਕਾਮ ਰਹੀ ਬੀਜੇਪੀ
ਅਮਿਤ ਸ਼ਾਹ ਦੇ ਨਸ਼ਾ ਮੁਕਤ ਪੰਜਾਬ ਦੇ ਨਾਅਰੇ 'ਤੇ ਕਾਂਗਰਸ ਦਾ ਹਮਲਾ: 'ਆਪਣੇ ਸੂਬਿਆਂ 'ਚ ਫੇਲ੍ਹ ਹੋਣ ਵਾਲੇ ਪੰਜਾਬ 'ਚ ਆ ਕੇ ਕਰ ਰਹੇ ਨੇ ਸਿਆਸਤ'
ਵੇਣੂਗੋਪਾਲ ਦਾ ਕੇਂਦਰ ਸਰਕਾਰ 'ਤੇ ਸਵਾਲ; ਨਾ ਸਰਹੱਦਾਂ ਤੋਂ ਤਸਕਰੀ ਰੋਕ ਸਕੀ ਭਾਜਪਾ ਤੇ ਨਾ ਹੀ ਗੁਜਰਾਤ ਵਿੱਚੋਂ ਨਸ਼ਾ ਖ਼ਤਮ ਕਰ ਸਕੀ
Ravi Jakhu
ਚੰਡੀਗੜ੍ਹ, 26 ਅਕਤੂਬਰ 2026: ਆਲ ਇੰਡੀਆ ਕਾਂਗਰਸ ਕਮੇਟੀ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਅੱਜ ਚੰਡੀਗੜ੍ਹ ਵਿੱਚ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੋਦੀ ਸਰਕਾਰ 'ਤੇ ਤਿੱਖੇ ਰਾਜਨੀਤਕ ਹਮਲੇ ਕੀਤੇ, ਉੱਥੇ ਹੀ ਪੰਜਾਬ ਦੇ ਸੀਐੱਮ ਚੇਹਰੇ ਬਾਰੇ ਵੀ ਵੱਡਾ ਬਿਆਨ ਦਿੱਤਾ। ਨਸ਼ਿਆਂ ਦੇ ਗੰਭੀਰ ਮੁੱਦੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇ. ਸੀ. ਵੇਣੂਗੋਪਾਲ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਨਸ਼ਾ ਇੱਕ ਵੱਡੀ ਸਮੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਵਿੱਚ ਪਿਛਲੇ ਲੰਮੇ ਸਮੇਂ ਤੋਂ ਭਾਜਪਾ ਦੀ ਸਰਕਾਰ ਹੈ ਅਤੇ ਕੇਂਦਰ ਵਿੱਚ ਵੀ ਉਹ ਪਿਛਲੇ 13-14 ਸਾਲਾਂ ਤੋਂ ਰਾਜ ਕਰ ਰਹੇ ਹਨ। ਇਸ ਦੇ ਬਾਵਜੂਦ ਭਾਜਪਾ ਨਾ ਤਾਂ ਗੁਜਰਾਤ ਵਰਗੇ ਸੂਬੇ ਵਿੱਚੋਂ ਨਸ਼ਾ ਖ਼ਤਮ ਕਰ ਸਕੀ ਹੈ ਅਤੇ ਨਾ ਹੀ ਦੇਸ਼ ਦੀਆਂ ਸਰਹੱਦਾਂ ਤੋਂ ਹੁੰਦੀ ਨਸ਼ਾ ਤਸਕਰੀ ਨੂੰ ਰੋਕਣ ਵਿੱਚ ਕਾਮਯਾਬ ਹੋਈ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਤੇ ਗਏ 'ਨਸ਼ਾ ਮੁਕਤ ਪੰਜਾਬ' ਦੇ ਨਾਅਰੇ ਦਾ ਮਜ਼ਾਕ ਉਡਾਉਂਦਿਆਂ ਵੇਣੂਗੋਪਾਲ ਨੇ ਕਿਹਾ ਕਿ ਜਿਹੜੇ ਨੇਤਾ ਆਪਣੇ ਸ਼ਾਸਨ ਵਾਲੇ ਸੂਬਿਆਂ ਵਿੱਚੋਂ ਨਸ਼ੇ ਦੀ ਬੁਰਾਈ ਨੂੰ ਖ਼ਤਮ ਨਹੀਂ ਕਰ ਸਕੇ, ਉਹ ਅੱਜ ਪੰਜਾਬ ਵਿੱਚ ਆ ਕੇ ਵੱਡੇ-ਵੱਡੇ ਦਾਅਵੇ ਅਤੇ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ਤੋਂ ਇਹ ਸਾਫ਼ ਜ਼ਾਹਰ ਹੁੰਦਾ ਹੈ ਕਿ ਭਾਜਪਾ ਆਗੂ ਨਸ਼ਿਆਂ ਵਰਗੇ ਸੰਵੇਦਨਸ਼ੀਲ ਮੁੱਦੇ 'ਤੇ ਸਿਰਫ਼ ਅਤੇ ਸਿਰਫ਼ ਸਿਆਸਤ ਕਰ ਰਹੇ ਹਨ, ਜਦਕਿ ਜ਼ਮੀਨੀ ਪੱਧਰ 'ਤੇ ਸਮੱਸਿਆ ਦਾ ਹੱਲ ਕਰਨ ਲਈ ਉਨ੍ਹਾਂ ਕੋਲ ਕੋਈ ਠੋਸ ਨੀਤੀ ਨਹੀਂ ਹੈ।
ਪੱਤਰਕਾਰਾਂ ਵੱਲੋਂ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ (ਸੀ. ਐੱਮ.) ਚਿਹਰੇ ਬਾਰੇ ਪੁੱਛੇ ਗਏ ਇੱਕ ਅਹਿਮ ਸਵਾਲ ਦਾ ਜਵਾਬ ਦਿੰਦਿਆਂ ਕੇ. ਸੀ. ਵੇਣੂਗੋਪਾਲ ਨੇ ਇੱਕ ਵੱਡਾ ਧਮਾਕਾ ਕੀਤਾ। ਉਨ੍ਹਾਂ ਬਹੁਤ ਹੀ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਵਿੱਚ ਰਾਹੁਲ ਗਾਂਧੀ ਹੀ ਸਾਡੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹਨ। ਉਨ੍ਹਾਂ ਬਾਰ-ਬਾਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਾਰਟੀ ਰਾਹੁਲ ਗਾਂਧੀ ਦੀ ਅਗਵਾਈ ਅਤੇ ਉਨ੍ਹਾਂ ਦੀ ਸੋਚ 'ਤੇ ਹੀ ਪੰਜਾਬ ਅੰਦਰ ਚੋਣ ਮੈਦਾਨ ਵਿੱਚ ਨਿੱਤਰੇਗੀ।
ਵੇਣੂਗੋਪਾਲ ਨੇ ਦੁਹਰਾਇਆ ਕਿ ਕੇਂਦਰ ਸਰਕਾਰ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਬਾਰਡਰ ਇਲਾਕਿਆਂ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਰੋਕਣਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਸੀ, ਜਿਸ ਵਿੱਚ ਉਹ ਨਾਕਾਮ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਭਾਜਪਾ ਦੇ ਝੂਠੇ ਦਾਅਵਿਆਂ ਅਤੇ ਰਾਜਨੀਤਕ ਸਟੰਟਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ। ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਨਸ਼ਿਆਂ ਖ਼ਿਲਾਫ਼ ਅਸਲ ਲੜਾਈ ਲੜੇਗੀ।
- Download Babushahi App
-
-