ਹਨੀ ਸਿੰਘ ਦੇ ਭਤੀਜੇ ਦੀ ਦਰਦਨਾਕ ਮੌਤ ਦਾ ਰਾਜ਼ ਆਈਫੋਨ ਨੇ ਕੀਤਾ ਉਜਾਗਰ
ਕਰੈਸ਼ ਡਿਟੈਕਸ਼ਨ ਫੀਚਰ ਨੇ ਮਾਂ ਨੂੰ ਭੇਜਿਆ ਐਮਰਜੈਂਸੀ ਅਲਰਟ
ਬਾਬੂਸ਼ਾਹੀ ਬਿਊਰੋ
ਜਲੰਧਰ, 3 ਨਵੰਬਰ, 2026 : ਪ੍ਰਸਿੱਧ ਪੰਜਾਬੀ ਗਾਇਕ-ਰੈਪਰ ਯੋ ਯੋ ਹਨੀ ਸਿੰਘ ਦੇ ਭਤੀਜੇ ਅਤੇ 'ਸਪੀਡ ਰਿਕਾਰਡਸ' ਦੇ ਮਾਲਕ ਦਿਨੇਸ਼ ਓਲਕ ਦੇ ਪੁੱਤਰ ਦਿਵਿਤ ਓਲਕ ਦੀ ਜਲੰਧਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਇਸ ਦੁਖਦਾਈ ਹਾਦਸੇ ਦਾ ਖੁਲਾਸਾ ਦਿਵਿਤ ਦੇ ਆਈਫੋਨ ਵਿੱਚ ਮੌਜੂਦ 'ਕਰੈਸ਼ ਡਿਟੈਕਸ਼ਨ' (Crash Detection) ਫੀਚਰ ਰਾਹੀਂ ਹੋਇਆ। ਜਿਵੇਂ ਹੀ ਸ਼ਨੀਵਾਰ ਰਾਤ ਨੂੰ ਕਾਰ ਦਾ ਹਾਦਸਾ ਵਾਪਰਿਆ, ਫੋਨ ਦੇ ਇਸ ਆਟੋਮੈਟਿਕ ਫੀਚਰ ਨੇ ਤੁਰੰਤ ਐਮਰਜੈਂਸੀ ਅਲਰਟ ਤਿਆਰ ਕਰਕੇ ਦਿਵਿਤ ਦੀ ਮਾਂ ਦੇ ਮੋਬਾਈਲ 'ਤੇ ਭੇਜ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਨੂੰ ਇਸ ਅਣਹੋਣੀ ਬਾਰੇ ਪਤਾ ਲੱਗਿਆ।
ਦਿਵਿਤ ਨੇ ਆਪਣੇ ਆਈਫੋਨ ਵਿੱਚ ਐਮਰਜੈਂਸੀ ਸੰਪਰਕ ਵਜੋਂ ਆਪਣੀ ਮਾਂ ਦਾ ਨੰਬਰ ਦਰਜ ਕੀਤਾ ਹੋਇਆ ਸੀ ਅਤੇ ਕਰੈਸ਼ ਡਿਟੈਕਸ਼ਨ ਫੀਚਰ ਆਨ ਸੀ। ਹਾਦਸਾ ਹੋਣ ਮਗਰੋਂ ਜਦੋਂ ਮਾਂ ਦੇ ਫੋਨ 'ਤੇ ਅਲਰਟ ਆਇਆ ਤਾਂ ਪਰਿਵਾਰ ਨੇ ਉਸਦੇ ਨੰਬਰ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੱਲ ਨਾ ਹੋਣ 'ਤੇ ਜਦੋਂ ਦੋਸਤਾਂ ਨੂੰ ਫੋਨ ਕੀਤਾ ਗਿਆ ਤਾਂ ਘਟਨਾ ਦਾ ਪਤਾ ਲੱਗਿਆ ਅਤੇ ਉਸਨੂੰ ਸਿਵਲ ਹਸਪਤਾਲ ਲਿਜਾਇਆ ਗਿਆ।
ਖਾਲਸਾ ਕਾਲਜ ਫਲਾਈਓਵਰ 'ਤੇ ਖੜੀ ਨਗਰ ਨਿਗਮ ਦੀ ਟਰੈਕਟਰ ਟਰਾਲੀ ਵਿੱਚ ਨਾ ਤਾਂ ਕੋਈ ਰਿਫਲੈਕਟਰ ਲੱਗਿਆ ਹੋਇਆ ਸੀ ਅਤੇ ਨਾ ਹੀ ਉੱਥੇ ਕੋਈ ਬੈਰੀਕੇਡ ਜਾਂ ਸੁਰੱਖਿਆ ਸੰਕੇਤ ਲਾਏ ਗਏ ਸਨ, ਜਿਸ ਕਾਰਨ ਤੇਜ਼ ਰਫ਼ਤਾਰ ਕਾਰ ਹਨੇਰੇ ਵਿੱਚ ਉਸ ਨਾਲ ਜਾ ਟਕਰਾਈ। ਕਾਰ ਵਿੱਚ ਦਿਵਿਤ ਸਮੇਤ ਪੰਜ ਨੌਜਵਾਨ ਸਵਾਰ ਸਨ।
ਇਸ ਦੁਖਦਾਈ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕਰਨ ਲਈ ਗਾਇਕ ਹਨੀ ਸਿੰਘ, ਗੁਰਨਾਮ ਭੁੱਲਰ, ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਅਤੇ ਅੰਮ੍ਰਿਤ ਮਾਨ ਸਮੇਤ ਕਈ ਨਾਮਵਰ ਪੰਜਾਬੀ ਕਲਾਕਾਰ ਦਿਨੇਸ਼ ਓਲਕ ਦੇ ਘਰ ਪਹੁੰਚੇ। ਦਿਵਿਤ ਦਾ ਅੰਤਿਮ ਸੰਸਕਾਰ ਕੈਨੇਡਾ ਤੋਂ ਪਰਿਵਾਰਕ ਮੈਂਬਰਾਂ ਦੇ ਪਹੁੰਚਣ 'ਤੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
- Download Babushahi App
-
-