ਸਿਹਤ ਵਿਭਾਗ ਬਠਿੰਡਾ ਵੱਲੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ 41ਵਾਂ ਅੱਖਾਂ ਦਾਨ ਸਬੰਧੀ ਪੰਦਰਵਾੜਾ
ਅਸ਼ੋਕ ਵਰਮਾ
ਬਠਿੰਡਾ , 31 ਅਗਸਤ 2026 : ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਬਲਾਈਂਡਨੈਸ ਕੰਟਰੋਲ ਸੋਸਾਇਟੀ ਦੇ ਨੋਡਲ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਦੀ ਦੇਖ ਰੇਖ ਹੇਠ ਅੱਖਾਂ ਦਾਨ ਕਰਨ ਸਬੰਧੀ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵੱਲੋਂ ਆਈ.ਟੀ.ਆਈ ਚੌਕ ਵਿਖੇ ਲੋਕਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਜਾਗਰੂਕ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀ ਅੱਖਾਂ ਦਾਨ ਪੰਦਰਵਾੜੇ ਤਹਿਤ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਜਾਗਰੂਕ ਕਰ ਰਹੇ ਹਨ । ਉਹਨਾਂ ਕਿਹਾ ਕਿ ਹਰ ਸਾਲ ਹਜ਼ਾਰਾਂ ਲੋਕ ਅੰਨ੍ਹੇਪਣ ਦਾ ਸ਼ਿਕਾਰ ਹੋ ਰਹੇ ਹਨ, ਪਰ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਨੇਤਰਦਾਨ ਕਰਨ ਵਾਲਾ ਇੱਕ ਵਿਅਕਤੀ 2 ਲੋਕਾਂ ਨੂੰ ਰੋਸ਼ਨੀ ਦੇ ਸਕਦਾ ਹੈ। ਕਿਸੇ ਵੀ ਉਮਰ ਵਿੱਚ, ਭਾਵੇਂ ਅੱਖਾਂ ਵਿੱਚ ਲੈਂਜ ਪਾਏ ਹੋਣ, ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਅਪ੍ਰੇਸ਼ਨ ਕੀਤਾ ਹੋਵੇ ਤਾਂ ਵੀ ਇਨਸਾਨ ਦੀਆਂ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ।
ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ ਅਤੇ ਕੇਵਲ ਸਿੰਘ ਨੇ ਦੱਸਿਆ ਕਿ ਅੱਖਾਂ ਦਾਨ ਕਰਨ ਵਾਸਤੇ ਅੱਖਾਂ ਦੇ ਬੈਂਕ ਦੀ ਟੀਮ ਦੇ ਆਉਣ ਤੱਕ ਅੱਖਾਂ ਦੀ ਸਾਂਭ ਸੰਭਾਲ ਲਈ ਕਮਰੇ ਦਾ ਪੱਖਾ ਬੰਦ ਕਰ ਦਿੱਤਾ ਜਾਵੇ ਅਤੇ ਅੱਖਾਂ ਉੱਤੇ ਗਿੱਲਾ ਅਤੇ ਸਾਫ਼ ਕੱਪੜਾ ਰੱਖਿਆ ਜਾਵੇ ਅਤੇ ਸਿਰ ਥੱਲੇ ਸਿਰਹਣਾ ਰੱਖਿਆ ਜਾਵੇ। ਕਿਸੇ ਇਨਸਾਨ ਦੀ ਮੌਤ ਹੋਣ ਉਪਰੰਤ 6 ਤੋਂ 8 ਘੰਟਿਆਂ ਦੇ ਅੰਦਰ ਅੰਦਰ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਅੱਖਾਂ ਦਾਨ ਕਰਨ ਦੀ ਪ੍ਰਕ੍ਰਿਆ ਸਿਰਫ਼ 10 ਤੋਂ 15 ਮਿੰਟਾਂ ਵਿੱਚ ਮੁਕੰਮਲ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਅੱਖਾਂ ਦਾਨ ਕਰਨ ਲਈ ਨੇੜੇ ਦੇ ਆਈ ਬੈਂਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
- Download Babushahi App
-
-