ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਗੋਨਿਆਣਾ ਵਿਖੇ ਸਾੜਿਆ ਪੰਜਾਬ ਸਰਕਾਰ ਦਾ ਪੁਤਲਾ
ਅਸ਼ੋਕ ਵਰਮਾ
ਗੋਨਿਆਣਾ, 29 ਅਗਸਤ 2026 : ਮੁਲਾਜ਼ਮਾਂ ਨੂੰ ਗੱਲਬਾਤ ਦਾ ਸੱਦਾ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂੱ ਮੀਟਿੰਗ ਰੱਦ ਕਰਨ ਤੋਂ ਭੜਕੇ ਸਿਹਤ ਮੁਲਾਜ਼ਮਾਂ ਨੇ ਅੱਜ ਸੀ.ਐਚ.ਸੀ. ਦੇ ਗੇਟ ਅੱਗੇ ਰੈਲੀ ਕਰਕੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ। ਇਸ ਮੌਕੇ ਬੋਲਦਿਆਂ ਵੱਖ—ਵੱਖ ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਇੱਕ ਵਹਿਮ ਹੈ ਕਿ ਸ਼ਾਇਦ ਉਸ ਦੀਆਂ ਗਿੱਦੜ ਧਮਕੀਆਂ ਤੋਂ ਡਰ ਕੇ ਮੁਲਾਜ਼ਮ ਆਪਣੀਆਂ ਮੰਗਾਂ ਤੋਂ ਪਿੱਛੇ ਹਟ ਜਾਣਗੇ, ਪਰ ਇਹ ਮੁਲਾਜ਼ਮਾਂ ਦਾ ਜੋਸ਼ ਗਿੱਦੜ ਧਮਕੀਆਂ ਕਾਰਨ ਦੂਨ ਸਵਾਇਆ ਹੋਇਆ ਹੈ।
ਆਗੂਆਂ ਨੇ ਕਿਹਾ ਕਿ ਇਸ ਸਰਕਾਰ ਨੂੰ ਲੈ ਕੇ ਆਉਣ ਵਿੱਚ ਮੁਲਾਜ਼ਮ ਜੱਥੇਬੰਦੀਆਂ ਦੀ ਵੱਡੀ ਭੂਮਿਕਾ ਹੈ ਅਤੇ ਹੁਣ ਇਹੀ ਜੱਥੇਬੰਦੀਆਂ ਆਮ ਆਦਮੀਂ ਪਾਰਟੀ ਨੂੰ ਸਬਕ ਸਿਖਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੂਰੀ ਤਰ੍ਹਾਂ ਹੰਕਾਰ ਚੁੱਕੇ ਹਨ, ਜਿਸ ਦੀ ਬਦੌਲਤ ਇਸ ਪਾਰਟੀ ਦਾ ਨਾਮੋਂ—ਨਿਸ਼ਾਨ ਪੰਜਾਬ ਸਮੇਤ ਪੂਰੇ ਦੇਸ਼ ਵਿੱਚੋਂ ਮਿਟ ਜਾਵੇਗਾ।
ਰੈਲੀ ਨੂੰ ਡਾ: ਮੋਨੀਸ਼ਾ ਗਰਗ, ਡਾ: ਰੁਪਿੰਦਰ ਕੌਰ, ਬਲਾਕ ਐਜੂਕੇਟਰ ਮਹੇਸ਼ ਸ਼ਰਮਾ, ਮਪਹਵ (ਮੇਲ) ਯੂਨੀਅਨ ਦੇ ਬਲਾਕ ਪ੍ਰਧਾਨ ਸੁਖਦੀਪ ਸਿੰਘ, ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਦੀ ਬਲਾਕ ਪ੍ਰਧਾਨ ਰਣਜੀਤ ਕੌਰ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਸੀ.ਐਚ.ਸੀ. ਦਾ ਸਮੁੱਚਾ ਸਟਾਫ਼ ਅਤੇ ਸਮੂਹ ਫੀਲਡ ਕਰਮਚਾਰੀ ਹਾਜ਼ਰ ਸਨ।
- Download Babushahi App
-
-