ਸਿਵਲ ਡਿਫੈਂਸ ਵਲੰਟੀਅਰ ਬਨਣ ਲਈ ਆਨਲਾਈਨ ਕੀਤੀ ਜਾ ਸਕਦੀ ਹੈ ਰਜਿਸਟ੍ਰੇਸ਼ਨ
ਰੋਹਿਤ ਗੁਪਤਾ
ਬਟਾਲਾ, 4 ਅਗਸਤ
ਦੇਸ਼ ਦੀ ਨਿਸ਼ਕਾਮ ਸੇਵਾ ਦੀ ਭਾਵਨਾ ਰੱਖਣ ਵਾਲੇ ਨੌਜਵਾਨਾਂ, ਮਹਿਲਾਵਾਂ ਅਤੇ ਸਮਾਜ ਸੇਵਾ ਲਈ ਇੱਛੁਕ ਨਾਗਰਿਕ ਸਿਵਲ ਡਿਫੈਂਸ ਵਲੰਟੀਅਰਾਂ ਦੀ ਆਨਲਾਈਨ ਭਰਤੀ ਸ਼ੁਰੂ ਹੋ ਚੁੱਕੀ ਹੈ। ਇੱਛੁਕ ਨਾਗਰਿਕ ਵੈੱਬਸਾਈਟ: https://civildefencewarriors.gov.in/ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਇਸੇ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਰਵੇਲ ਸਿੰਘ ਰੰਧਾਵਾ (ਪ੍ਰੈਜੀਡੈਂਟ ਐਵਾਰਡੀ) ਜ਼ਿਲ੍ਹਾ ਕਮਾਂਡਰ, ਪੰਜਾਬ ਹੋਮ ਗਾਰਡਜ਼-ਕਮ-ਵਧੀਕ ਕੰਟਰੋਲਰ ਸਿਵਲ ਡਿਫੈਂਸ ਗੁਰਦਾਸਪੁਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹਰ ਯੋਗ ਨਾਗਰਿਕ ਇਸ ਭਰਤੀ ਲਈ ਆਨਲਾਈਨ ਅਰਜ਼ੀ ਦੇ ਸਕਦਾ ਹੈ। ਰਜਿਸਟ੍ਰੇਸ਼ਨ ਦੀ ਪ੍ਰਕਿਰਆ ਪੂਰੀ ਤਰ੍ਹਾਂ ਆਨਲਾਈਨ ਹੈ ਅਤੇ ਉਮੀਦਵਾਰ ਆਪਣੇ ਮੋਬਾਈਲ ਨੰਬਰ ਰਾਹੀਂ ਰਜਿਸਟਰ ਕਰਕੇ ਅਰਜ਼ੀ ਭਰ ਸਕਦੇ ਹਨ। ਅਰਜ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ ਉਸ ਦੀ ਸਥਿਤੀ ਵੀ ਪੋਰਟਲ 'ਤੇ ਦੇਖੀ ਜਾ ਸਕਦੀ ਹੈ।
ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦਸਿਆ ਕਿ ਸਮੇਂ ਸਮੇਂ ਸਿਵਲ ਡਿਫੈਂਸ ਵਲੰਟੀਅਰਾਂ ਨੂੰ ਆਫ਼ਤ ਪ੍ਰਬੰਧਨ, ਮੁੱਢਲੀ ਸਹਾਇਤਾ (ਫਸਟ ਏਡ), ਅੱਗ ਤੋਂ ਬਚਾਅ, ਖੋਜ ਅਤੇ ਬਚਾਅ (ਸਰਚ ਐਂਡ ਰੈਸਕਿਊ), ਐਮਰਜੈਂਸੀ ਰਿਸਪਾਂਸ ਅਤੇ ਜਨ ਸੁਰੱਖਿਆ ਨਾਲ ਸੰਬੰਧਿਤ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਸੰਕਟ ਜਾਂ ਆਫ਼ਤ ਦੀ ਸਥਿਤੀ ਵਿੱਚ ਇਹ ਵਲੰਟੀਅਰ ਪ੍ਰਸ਼ਾਸਨ ਦੇ ਨਾਲ ਮਿਲ ਕੇ ਲੋਕਾਂ ਦੀ ਸੁਰੱਖਿਆ ਅਤੇ ਰਾਹਤ ਕਾਰਜਾਂ ਵਿੱਚ ਮਹੱਤਵਪੂਰਨ ਭੂਮਿਕਾ ਦੇਸ਼ ਭਰ ਵਿਚ ਨਿਭਾਉਂਦੇ ਹਨ ਤੇ ਨਿਭਾ ਰਹੇ ਹਨ।
ਉਨ੍ਹਾਂ ਅਪੀਲ ਕੀਤੀ ਕਿ ਦੇਸ਼ ਦੀ ਨਿਸ਼ਕਾਮ ਸੇਵਾ ਲਈ ਸਿਵਲ ਡਿਫੈਂਸ ਵਲੰਟੀਅਰ ਵਜੋਂ https://civildefencewarriors.gov.in/ ਰਜਿਸਟ੍ਰੇਸ਼ਨ ਕਰਵਾਉਣ।
ਹੋਰ ਵਧੇਰੇ ਜਾਣਕਾਰੀ ਲਈ ਸਥਾਨਕ ਦਫਤਰ ਸਿਵਲ ਡਿਫੈਂਸ ਜਾਂ ਸਿਵਲ ਡਿਫੈਂਸ ਅਹੁਦੇਦਾਰ/ਵਲੰਟੀਅ੍ਰਜ਼ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
- Download Babushahi App
-
-