ਗਠੀਆ ਅਜਿਹਾ ਖਤਰਨਾਕ ਰੋਗ ਹੈ, ਜੋ ਸਰੀਰ ਨੂੰ ਜੀਵਨ ਭਰ ਲਈ ਅਪਾਹਜ ਕਰ ਸਕਦਾ ਹੈ : ਡਾ. ਪਰਮਿੰਦਰ ਸਿੰਘ ਵਾਰੀਆ
ਬੰਗਾ 4 ਅਗਸਤ ( ) ਗਠੀਆ ਅੱਜ ਦੇ ਸਮੇਂ ਵਿੱਚ ਇੱਕ ਤੇਜ਼ੀ ਨਾਲ ਵੱਧ ਰਹੀ ਸਰੀਰ ਦੀ ਗੰਭੀਰ ਅਤੇ ਖਤਰਨਾਕ ਬਿਮਾਰੀ ਬਣ ਰਹੀ ਹੈ । ਗਠੀਆ ਉਹ ਖਤਰਨਾਕ ਰੋਗ ਹੈ ਜੋ ਹੱਥਾਂ, ਪੈਰਾਂ ਅਤੇ ਸਰੀਰ ਦੇ ਵੱਖ-ਵੱਖ ਜੋੜਾਂ ਵਿਚ ਦਰਦ ਦਾ ਕਾਰਨ ਬਣਨ ਦੇ ਨਾਲ-ਨਾਲ ਸਰੀਰ ਨੂੰ ਜੀਵਨ ਭਰ ਲਈ ਅਪਾਹਜ ਕਰ ਸਕਦਾ ਹੈ । ਇਹ ਜਾਣਕਾਰੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ ਐਮ ਐਸ (ਆਰਥੋ) ਨੇ ਆਮ ਲੋਕਾਈ ਨੂੰ ਗਠੀਆ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਗਠੀਆ ਨੂੰ ਆਮ ਜੋੜਾਂ ਦਾ ਦਰਦ ਵਾਂਗ ਸਮਝ ਲੈਣਾ ਇੱਕ ਵੱਡੀ ਗਲਤੀ ਹੁੰਦੀ ਹੈ। ਇਸ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਬਿਮਾਰੀ ਵੱਧ ਜਾਂਦੀ ਹੈ ਤੇ ਬਾਅਦ ਵਿੱਚ ਇਲਾਜ ਬਹੁਤ ਔਖਾ ਹੋ ਜਾਂਦਾ ਹੈ। ਜਿਹਨਾਂ ਲੋਕਾਂ ਨੂੰ ਸਵੇਰੇ ਉੱਠਣ ਸਮੇਂ ਜੋੜਾਂ ਦਾ ਅਕੜਾਂਦ, ਸੋਜ ਮਹਿਸੂਸ ਹੋਵੇ, ਤੁਰਨ-ਫਿਰਨ ਜਾਂ ਪੌੜੀਆਂ ਚੜ੍ਹਨ ਵਿੱਚ ਮੁਸ਼ਕਲ, ਗੋਡਿਆਂ, ਚੂਲੇ, ਮੋਢਿਆਂ ਜਾਂ ਹੱਥਾਂ ਦੇ ਜੋੜਾਂ ਵਿੱਚ ਦਰਦ ਨਿਰੰਤਰ ਰਹੇ ਜਾਂ ਜੋੜਾਂ ਦੀ ਹਿਲਜੁਲ ਘੱਟ ਜਾਣ ਆਦਿ ਲੱਛਣ ਦੋ ਤੋਂ ਚਾਰ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਰਹਿਣ ਤਾਂ ਉਹਨਾਂ ਨੂੰ ਤੁਰੰਤ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਡਾ. ਵਾਰੀਆ ਨੇ ਦੱਸਿਆ ਕਿ ਸਮੇਂ ਸਿਰ ਜਾਂਚ ਹੀ ਗਠੀਆ ਤੋਂ ਬਚਾਅ ਦਾ ਸਭ ਤੋਂ ਵੱਡਾ ਇਲਾਜ ਹੈ । ਹੁਣ ਐਕਸ-ਰੇ ਅਤੇ ਖੂਨ ਦੀਆਂ ਜਾਂਚਾਂ ਨਾਲ ਇਸ ਬਿਮਾਰੀ ਦੀ ਪਛਾਣ ਕਰਨ ਵਿਚ ਅਸਾਨੀ ਜੋ ਗਈ ਹੈ। ਉਹਨਾਂ ਦੱਸਿਆ ਕਿ ਗਠੀਆ ਬਾਰੇ ਆਮ ਧਾਰਨਾ ਸੀ ਕਿ ਇਹ ਬਿਮਾਰੀ ਸਿਰਫ਼ ਵੱਡੀ ਉਮਰ ਦੇ ਲੋਕਾਂ ਨੂੰ ਹੁੰਦੀ ਹੈ, ਪਰ ਇਹ ਬਿਮਾਰੀ 30 ਤੋਂ 40 ਸਾਲ ਉਮਰ ਵਿਚ ਵਧੇਰੇ ਹੁੰਦੀ ਹੈ । ਮੌਜੂਦਾ ਸਮੇਂ 30 ਸਾਲ ਤੋਂ ਘੱਟ ਅਤੇ ਬੱਚਿਆਂ ਵਿੱਚ ਵੀ ਗਠੀਆ ਦੀ ਬਿਮਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਿਉਂਕਿ ਗਠੀਆ ਇੱਕ ਜਿਨੈਟਿਕ ਕਿਸਮ ਦੀ ਬਿਮਾਰੀ ਹੈ ਅਤੇ ਜਿਨ੍ਹਾਂ ਪਰਿਵਾਰਾਂ ਦੇ ਕਿਸੇ ਜੀਅ ਨੂੰ ਗਠੀਆ ਦੀ ਬਿਮਾਰੀ ਹੋਈ ਹੋਵੇ ਤਾਂ ਉਹਨਾਂ ਨੂੰ ਇਹ ਬਿਮਾਰੀ ਹੋ ਸਕਦੀ ਹੈ । ਗਠੀਆ ਦੀ ਬਿਮਾਰੀ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਘੱਟ ਜਾਣ ਕਰਕੇ ਇਸ ਕਰਕੇ ਦਿਲ, ਅੱਖਾਂ, ਫੇਫੜਿਆਂ ਅਤੇ ਚਮੜੀ ਤੇ ਅਸਰ ਹੋ ਸਕਦਾ ਹੈ । ਡਾ. ਪਰਮਿੰਦਰ ਸਿੰਘ ਵਾਰੀਆ ਨੇ ਕਿਹਾ ਕਿ ਸਿਹਤਮੰਦ ਜੋੜ ਸਰੀਰ ਨੂੰ ਤੰਦਰੁਸਤ ਰੱਖਦੇ ਹਨ ਅਤੇ ਉਹ ਇੱਕ ਖੁਸ਼ਹਾਲ ਜੀਵਨ ਜੀਅ ਸਕਦਾ ਹੈ। ਡਾਕਟਰ ਸਾਹਿਬ ਨੇ ਗਠੀਆ ਤੋਂ ਪੀੜ੍ਹਤ ਮਰੀਜ਼ਾਂ ਅਤੇ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਜਾਂਚ ਅਤੇ ਸਹੀ ਦਿਸ਼ਾ ਵਿਚ ਇਲਾਜ ਕਰਵਾਉਣ । ਉਹਨਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗਠੀਆ ਤੋਂ ਇਲਾਵਾ ਹੱਡੀਆਂ ਅਤੇ ਜੋੜਾਂ ਨਾਲ ਸੰਬਧਿਤ ਬਿਮਾਰੀਆਂ ਦੇ ਮਿਆਰੀ ਇਲਾਜ ਲਈ ਖਾਸ ਪ੍ਰਬੰਧ ਹਨ । ਜਿੱਥੇ 24 ਘੰਟੇ ਮਾਹਿਰ ਡਾਕਟਰ ਸਾਹਿਬਾਨ ਮਰੀਜ਼ਾਂ ਦੇ ਇਲਾਜ ਲਈ ਤਾਇਨਾਤ ਰਹਿੰਦੇ ਹਨ ।
- Download Babushahi App
-
-