ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਵੱਲੋਂ ਪੌਣੀ ਸਦੀ ਦੇ ਤਜ਼ਰਬਿਆਂ ਨਾਲ ਲਬਰੇਜ਼ ਪੁਸਤਕ ਲੋਕ ਅਰਪਣ
ਪੁਸਤਕ "ਕੁਕਿੰਗ ਟੇਲਜ" ਯੂਕੇ 'ਚ ਭਾਰਤੀ ਖਾਣਿਆਂ ਦੇ ਸਵਾਦ ਨੂੰ ਜਿੰਦਾ ਰੱਖਣ ਦਾ ਉਪਰਾਲਾ- ਆਦਰਸ਼ ਖੁੱਲਰ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਪਿਛਲੇ 26 ਸਾਲਾਂ ਤੋਂ ਇਕੱਲੀਆਂ ਔਰਤਾਂ ਦਾ ਮਨੋਬਲ ਉੱਚਾ ਚੁੱਕਣ ਲਈ ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਸੰਸਥਾ ਸਰਗਰਮ ਹੈ। ਔਰਤਾਂ ਦੀ ਸਰੀਰਕ, ਮਾਨਸਿਕ ਸਿਹਤ ਸੰਬੰਧੀ ਜਾਗਰੂਕ ਕਰਨ ਦੇ ਨਾਲ ਨਾਲ ਹਰ ਖੇਤਰ ਨਾਲ ਸੰਬੰਧਤ ਜਾਣਕਾਰੀ ਮੁਹੱਈਆ ਕਰਵਾਉਣ ਲਈ ਗਰੁੱਪ ਵੱਲੋਂ ਉਪਰਾਲੇ ਕੀਤੇ ਜਾਂਦੇ ਹਨ। ਬੀਤੇ ਦਿਨ ਗਰੁੱਪ ਵੱਲੋਂ ਪ੍ਰਕਾਸ਼ਿਤ ਕਿਤਾਬ "ਕੁਕਿੰਗ ਟੇਲਜ" ਨੂੰ ਲੋਕ ਅਰਪਣ ਕਰਨ ਹਿਤ ਸਮਾਗਮ ਕਰਵਾਇਆ ਗਿਆ। ਗਰੁੱਪ ਦੀ ਫਾਊਂਡਰ ਤੇ ਚੇਅਰਪਰਸਨ ਸ੍ਰੀਮਤੀ ਆਦਰਸ਼ ਖੁੱਲਰ ਨੇ ਦੱਸਿਆ ਕਿ ਉਹਨਾਂ ਦੀਆਂ ਹਮਉਮਰ ਔਰਤਾਂ ਦਾ ਪੂਰ ਜਦੋਂ ਲਗਭਗ ਪੌਣੀ ਸਦੀ ਪਹਿਲਾਂ ਬਰਤਾਨੀਆ ਦੀ ਧਰਤੀ 'ਤੇ ਆਇਆ ਤਾਂ ਸਭ ਤੋਂ ਪਹਿਲੀ ਔਖ ਰਸੋਈ ਵਿੱਚ ਵਰਤੇ ਜਾਣ ਵਾਲੇ ਭਾਰਤੀ ਮਸਾਲੇ ਹਾਸਲ ਕਰਨ ਦੀ ਸੀ। ਔਰਤਾਂ ਨੇ ਆਪੋ ਆਪਣੇ ਵਸੀਲਿਆਂ ਰਾਹੀਂ ਭਾਰਤੀ ਰਸੋਈ ਦੇ ਸ਼ੁੱਧ ਘਰੇਲੂ ਸਵਾਦ ਨੂੰ ਬਰਕਰਾਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਇਸ ਕਿਤਾਬ ਵਿੱਚ ਘਰੇਲੂ ਸੁਆਣੀਆਂ ਵੱਲੋਂ ਵਰਤੇ ਜਾਂਦੇ ਟੋਟਕਿਆਂ ਨੂੰ ਸ਼ਾਮਲ ਕੀਤਾ ਹੈ। ਉਹਨਾਂ ਕਿਹਾ ਕਿ ਕਿਤਾਬ ਸਿਰਫ ਤੇ ਸਿਰਫ ਰੈਸਿਪੀਆਂ ਦਾ ਖਜ਼ਾਨਾ ਹੀ ਨਹੀਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਬਕ ਵੀ ਹੈ ਕਿ ਉਹਨਾਂ ਦੀਆਂ ਦਾਦੀਆਂ ਨਾਨੀਆਂ ਨੇ ਵਿਦੇਸ਼ਾਂ 'ਚ ਵਸਦਿਆਂ ਜਿੱਥੇ ਸ਼ਿੱਦਤ ਨਾਲ ਆਪਣੇ ਪਰਿਵਾਰ ਪਾਲੇ, ਉੱਥੇ ਆਪੋ ਆਪਣੇ ਘਰੇਲੂ ਟੋਟਕਿਆਂ ਨਾਲ ਰਸੋਈ ਦੇ ਸਵਾਦ ਵਿੱਚ ਕਮੀ ਨਹੀਂ ਆਉਣ ਦਿੱਤੀ। ਇਸ ਸਮਾਗਮ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਦੀਆਂ ਸਮੂਹ ਮੈਂਬਰਾਨ ਦੇ ਉਪਰਾਲਿਆਂ ਦੀ ਪੁਰਜ਼ੋਰ ਸ਼ਲਾਘਾ ਕੀਤੀ। ਸਮਾਗਮ ਦੇ ਮੰਚ ਸੰਚਾਲਨ ਦੇ ਫਰਜ਼ ਸ੍ਰੀਮਤੀ ਬ੍ਰਿਜ ਗਾਂਧੀ ਨੇ ਬਹੁਤ ਹੀ ਰੌਚਕ ਢੰਗ ਨਾਲ ਨਿਭਾਏ। ਸਮਾਗਮ ਦੇ ਅੰਤ ਵਿੱਚ ਸ੍ਰੀਮਤੀ ਆਦਰਸ਼ ਖੁੱਲਰ ਨੇ ਧੰਨਵਾਦੀ ਸ਼ਬਦਾਂ ਰਾਹੀਂ ਬਹੁਤ ਹੀ ਭਾਵੁਕਤਾ ਭਰੇ ਲਫਜ਼ ਬਿਆਨ ਕਰਦਿਆਂ ਗਰੁੱਪ ਦੇ 26 ਸਾਲਾਂ ਦਾ ਮਾਣਮੱਤਾ ਇਤਿਹਾਸ ਬੋਲ ਕੇ ਸੁਣਾਇਆ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਉਹਨਾਂ ਵੱਲੋਂ ਸਮੂਹ ਮੈਂਬਰਾਨ ਦੀ ਤੰਦਰੁਸਤੀ ਦੀ ਕਾਮਨਾ ਨਾਲ ਸਮਾਗਮ ਨੇਪਰੇ ਚੜ੍ਹਿਆ।
- Download Babushahi App
-
-