ਵੱਧ ਪੈਦਾਵਾਰ ਲੈਣ ਲਈ ਚੌੜੀ-ਡੂੰਘੀ ਖਾਲੀ ਵਿਧੀ ਨਾਲ ਗੰਨੇ ਦੀ ਬਿਜਾਈ ਕਰਨ ਗੰਨਾ ਕਾਸ਼ਤਕਾਰ : ਡਾ. ਅਮਰੀਕ ਸਿੰਘ
ਰੋਹਿਤ ਗੁਪਤਾ

ਗੁਰਦਾਸਪੁਰ, 15 ਨਵੰਬਰ ਰਾਊਂਡ ਗਲਾਸ ਫਾਊਂਡੇਸ਼ਨ ਵਲੋਂ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਲਿਮਟਿਡ ਦੇ ਸਹਿਯੋਗ ਨਾਲ ਗੰਨਾ ਕਾਸ਼ਤਕਾਰਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਪ੍ਰਤੀ ਜਾਗਰੂਕ ਕਰਨ ਲਈ ਸਰਹੱਦੀ ਪਿੰਡ ਸਾਧੂਚੱਕ ਵਿਖੇ ਗੰਨਾ ਕਾਸ਼ਤਕਾਰਾਂ ਨਾਲ ਨੁੱਕੜ ਮੀਟਿੰਗ ਕੀਤੀ ਗਈ। ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੀਟਿੰਗ ਵਿਚ ਸਾਬਕਾ ਕੇਨ ਕਮਿਸ਼ਨਰ ਪੰਜਾਬ ,ਡਾਕਟਰ ਅਮਰੀਕ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।
ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਪਨਿਆੜ ਦੇ ਅਧਿਕਾਰ ਖੇਤਰ ਦੇ ਪਿੰਡ ਸਾਧੁਚੱਕ ਦੇ ਗੁਰੂ ਘਰ ਵਿਚ ਗੰਨਾ ਕਾਸ਼ਤ ਕਾਰਾਂ ਨਾਲ ਨੁੱਕੜ ਮੀਟਿੰਗ ਕੀਤੀ ਗਈ। ਮੁੱਖ ਗੰਨਾ ਵਿਕਾਸ ਅਫ਼ਸਰ ਸ੍ਰੀ ਬਿਕਰਮਜੀਤ ਸਿੰਘ ਖਹਿਰਾ, ਰਾਊਂਡ ਗਲਾਸ ਫਾਊਂਡੇਸ਼ਨ ਤੋਂ ਸੁਮੀਤ ਕੁਮਾਰ, ਇੰਜੀ.ਅੰਮ੍ਰਿਤਪਾਲ ਸਿੰਘ,ਰਣਜੀਤ ਸਿੰਘ , ਜਸਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਗੰਨਾ ਕਾਸ਼ਤਕਾਰ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ, ਸਾਬਕਾ ਕੇਨ ਕਮਿਸ਼ਨਰ ਪੰਜਾਬ, ਨੇ ਕਿਹਾ ਕਿ ਚਾਲੂ ਸੀਜ਼ਨ ਦੌਰਾਨ ਮੌਸਮ ਅਨੁਕੂਲ ਰਹਿਣ ਕਾਰਨ ਗੰਨੇ ਦੀ ਫ਼ਸਲ ਵਿੱਚ ਇਸ ਸਮੇਂ ਕਿਸੇ ਵੱਡੇ ਕੀੜੇ ਜਾਂ ਬਿਮਾਰੀ ਦੇ ਹਮਲੇ ਦੀ ਸਥਿਤੀ ਨਹੀਂ ਹੈ ਉਨ੍ਹਾਂ ਉਮੀਦ ਜਤਾਈ ਕਿ ਇਸ ਵਾਰ ਪੈਦਾਵਾਰ ਵਧਣ ਦੇ ਨਾਲ ਨਾਲ ਖੰਡ ਦੀ ਰਿਕਵਰੀ ਵਿਚ ਵੀ ਵਾਧਾ ਹੋਵੇਗਾ।
ਡਾ. ਅਮਰੀਕ ਸਿੰਘ ਨੇ ਕਿਹਾ ਕਿ ਬਹਾਰ ਰੁੱਤ ਵਿੱਚ ਗੰਨੇ ਦੇ ਬਿਜਾਈ ਕਰਨ ਲਈ ਹੁਣ ਤੋਂ ਹੀ ਵਿਉਂਤਬੰਦੀ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਗੰਨੇ ਦੀ ਫ਼ਸਲ ਤੋਂ ਵਧੇਰੇ ਪੈਦਾਵਾਰ, ਖੰਡ ਦੀ ਬਿਹਤਰ ਰਿਕਵਰੀ ਅਤੇ ਖੇਤੀ ਦੇ ਮਸ਼ੀਨੀਕਰਨ ਲਈ ਬਹਾਰ ਰੁੱਤ ਵਿੱਚ ਗੰਨੇ ਦੀ ਬਿਜਾਈ ਚੌੜੀ ਵਿੱਥ ਡੂੰਘੀ ਖਾਲੀ ਵਿਧੀ ਨੂੰ ਤਰਜੀਹ ਦੇਣੀ ਚਾਹੀਦੀ । ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਨੂੰ ਦੇਖਦੇ ਹੋਏ ਗੰਨੇ ਦੀ ਬਿਜਾਈ 4–5 ਫੁੱਟ ਦੀ ਦੂਰੀ ਵਾਲੀ ਚੌੜੀ-ਡੂੰਘੀ ਖਾਲੀ ਵਿਧੀ ਨਾਲ ਕਰਨਾ ਸਮੇਂ ਦੀ ਲੋੜ ਹੈ। ਇਸ ਵਿਧੀ ਨਾਲ ਨਦੀਨਾਂ ਦੀ ਰੋਕਥਾਮ, ਮਸ਼ੀਨੀ ਗੋਡੀ, ਮਿੱਟੀ ਚੜ੍ਹਾਉਣ ਅਤੇ ਹੋਰ ਖੇਤੀ ਕਾਰਜ ਆਸਾਨ ਹੋ ਜਾਂਦੇ ਹਨ। ਕਤਾਰਾਂ ਵਿੱਚ ਹਵਾ ਅਤੇ ਧੁੱਪ ਦਾ ਵਧੀਆ ਸੰਚਾਰ ਹੋਣ ਨਾਲ ਫ਼ਸਲ ਦਾ ਵਾਧਾ ਵੀ ਸੁਚੱਜਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿਧੀ ਨਾਲ ਪਾਣੀ ਦੀ ਬਚਤ, ਜੜ੍ਹਾਂ ਦੇ ਵਧੀਆ ਵਿਕਾਸ ਅਤੇ ਗੰਨੇ ਦੇ ਮਜ਼ਬੂਤ ਵਾਧੇ ਵਿੱਚ ਮਦਦ ਮਿਲਦੀ ਹੈ ਅਤੇ ਹਵਾ ਤੇ ਮੀਂਹ ਕਾਰਨ ਫ਼ਸਲ ਦੇ ਡਿੱਗਣ ਦੀ ਸੰਭਾਵਨਾ ਘਟਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਚੌੜੀ-ਡੂੰਘੀ ਖਾਲੀ ਵਿਧੀ ਨਾਲ ਗੰਨੇ ਦੀ ਹਾਰਵੈਸਟਰ ਰਾਹੀਂ ਮਕੈਨੀਕਲ ਕਟਾਈ ਵਧੇਰੇ ਸੁਚੱਜੇ ਢੰਗ ਨਾਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਬਹਾਰ ਰੁੱਤੇ ਗੰਨੇ ਦੀ ਫ਼ਸਲ ਦੇ ਨਾਲ ਅੰਤਰ-ਫ਼ਸਲਾਂ ਦੀ ਕਾਸ਼ਤ ਕਰਕੇ ਕਿਸਾਨ ਵਾਧੂ ਆਮਦਨ ਵੀ ਪ੍ਰਾਪਤ ਕਰ ਸਕਦੇ ਹਨ।
ਗੰਨਾ ਵਿਕਾਸ ਅਫ਼ਸਰ ਬਿਕਰਮਜੀਤ ਸਿੰਘ ਖਹਿਰਾ ਨੇ ਕਿਸਾਨਾਂ ਨੂੰ ਤੰਦਰੁਸਤ ਅਤੇ ਰੋਗ-ਮੁਕਤ ਬੀਜ ਦੀ ਵਰਤੋਂ ਕਰਨ ਅਤੇ ਬਿਜਾਈ ਤੋਂ ਪਹਿਲਾਂ ਬੀਜ ਦੀ ਸੋਧ ਕਰਨ ਲਈ ਪ੍ਰੇਰਿਤ ਕੀਤਾ।
ਗੰਨਾ ਕਾਸ਼ਤਕਾਰ ਜਸਪਾਲ ਸਿੰਘ ਨੇ ਚਾਰ ਫੁੱਟ ਕੀਤੀ ਜਾ ਰਹੀ ਕਾਸ਼ਤ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ ।
- Download Babushahi App
-
-