ਜਗਰਾਉਂ ਤਹਿਸੀਲ ਕੰਪਲੈਕਸ ’ਚ ਪੁਰਾਣੀ ਸਰਕਾਰੀ ਇਮਾਰਤ ’ਤੇ ਕਬਜ਼ੇ ਦੀ ਕੋਸ਼ਿਸ਼ ਨਾਕਾਮ, ਪ੍ਰਸ਼ਾਸਨ ਨੇ ਜੜਿਆ ਨਵਾਂ ਤਾਲਾ!
ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਐਸਡੀਐਮ ਬੇਅੰਤ ਸਿੱਧੂ ਨੇ ਕਿਹਾ- ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਹੋਵੇਗੀ
ਜਾਂਚ 'ਚ ਇਕ ਨੰਬਰਦਾਰ ਦੀ ਸ਼ਮੂਲੀਅਤ ਸਾਹਮਣੇ ਆਉਣ ’ਤੇ ਨੰਬਰਦਾਰੀ ਰੱਦ ਕਰਨ ਦੀਆਂ ਹਦਾਇਤਾਂ ਜਾਰੀ
ਦੀਪਕ ਜੈਨ, ਜਗਰਾਉਂ:
ਸਥਾਨਕ ਤਹਿਸੀਲ ਕੰਪਲੈਕਸ ਵਿਖੇ ਐਸਡੀਐਮ ਦਫ਼ਤਰ ਦੇ ਮੁੱਖ ਗੇੜ ਦੇ ਨੇੜੇ ਸੱਜੇ ਪਾਸੇ ਸਥਿਤ ਛੱਤ ਰਹਿਤ ਪੁਰਾਣੀ ਇਮਾਰਤ ਸਰਕਾਰੀ ’ਤੇ ਮੁਰੰਮਤ ਦੇ ਨਾਂ ’ਤੇ ਕਬਜ਼ਾ ਕਰਨ ਦੀ ਕਥਿਤ ਕੋਸ਼ਿਸ਼ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਮੇਂ ਸਿਰ ਦਖ਼ਲ ਦੇ ਕੇ ਨਾਕਾਮ ਕਰ ਦਿੱਤਾ। ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਮਾਰਤ ਨੂੰ ਮੁੜ ਤਾਲਾ ਲਗਾ ਦਿੱਤਾ ਗਿਆ।
ਐਸਡੀਐਮ ਅਨੁਸਾਰ, ਇਸ ਮਾਮਲੇ ਵਿੱਚ ਇੱਕ ਨੰਬਰਦਾਰ ਦਾ ਨਾਂ ਸਾਹਮਣੇ ਆ ਰਿਹਾ ਹੈ, ਜਿਸ ਨੂੰ ਸਥਾਨਕ ਵਿਧਾਇਕ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਪਹਿਲਾਂ ਉਕਤ ਨੰਬਰਦਾਰ ਵੱਲੋਂ ਤਹਿਸੀਲ ਕੰਪਲੈਕਸ ਦੇ ਚੌਕੀਦਾਰ ਨੂੰ ਫ਼ੋਨ ਕਰਕੇ ਉਕਤ ਕਮਰੇ ਦੀ ਚਾਬੀ ਮੰਗੀ ਗਈ। ਜਦੋਂ ਚੌਕੀਦਾਰ ਨੇ ਇਸ ਸਬੰਧੀ ਐਸਡੀਐਮ ਦਫ਼ਤਰ ਦੇ ਕਲਰਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਚਾਬੀ ਦੇਣ ਤੋਂ ਇਨਕਾਰ ਕਰ ਦਿੱਤਾ।
ਸੂਤਰਾਂ ਮੁਤਾਬਕ, ਚਾਬੀ ਨਾ ਮਿਲਣ ’ਤੇ ਉਕਤ ਵਿਅਕਤੀ ਵੱਲੋਂ ਪੁਰਾਣੀ ਸਰਕਾਰੀ ਇਮਾਰਤ ਦਾ ਜਿੰਦਰਾ ਤੋੜ ਕੇ ਅੰਦਰ ਦਾਖ਼ਲ ਹੋਣ ਅਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੀ ਸੂਚਨਾ ਚੌਕੀਦਾਰ ਨੇ ਤੁਰੰਤ ਐਸਡੀਐਮ ਦਫ਼ਤਰ ਦੇ ਰੀਡਰ ਨੂੰ ਦਿੱਤੀ। ਰੀਡਰ ਵੱਲੋਂ ਮਾਮਲਾ ਨਵ-ਨਿਯੁਕਤ ਐਸਡੀਐਮ ਬੇਅੰਤ ਸਿੰਘ ਸਿੱਧੂ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਇਮਾਰਤ ਨੂੰ ਨਵਾਂ ਤਾਲਾ ਲਗਾ ਕੇ ਕਥਿਤ ਕਬਜ਼ੇ ਦੀ ਕੋਸ਼ਿਸ਼ ਰੋਕ ਦਿੱਤੀ
ਇਸ ਸਬੰਧੀ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਐਸਡੀਐਮ ਜਗਰਾਉਂ ਬੇਅੰਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਜਿਹੀ ਕਾਰਵਾਈ ਕਰਨ ਵਾਲਿਆਂ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਐਸਡੀਐਮ ਬੇਅੰਤ ਸਿੰਘ ਸਿੱਧੂ ਵੱਲੋਂ ਇਸ ਮਾਮਲੇ ਸੰਬੰਧੀ ਇੱਕ ਨੰਬਰਦਾਰ ਦੀ ਨੰਬਰਦਾਰੀ ਰੱਦ ਕਰਨ ਦੇ ਲਈ ਕਲਰਕ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਦੂਜੇ ਪਾਸੇ, ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਕਥਿਤ ਸ਼ਮੂਲੀਅਤ ਸਬੰਧੀ ਚਰਚਾ ਸਾਹਮਣੇ ਆ ਰਹੀ ਹੈ, ਹਾਲਾਂਕਿ ਕੋਈ ਵੀ ਸੱਤਾਧਿਰ ਪਾਰਟੀ ਦਾ ਆਗੂ ਜਾਂ ਫਿਰ ਅਹੁਦੇਦਾਰ ਕੈਮਰੇ ਸਾਹਮਣੇ ਆਉਣ ਜਾਂ ਫਿਰ ਫ਼ੋਨ ਚੁੱਕਣ ਲਈ ਰਾਜ਼ੀ ਨਹੀਂ ਹੈ। ਜਦੋਂ ਇਸ ਕਬਜੇ ਸਬੰਧੀ ਉਕਤ ਨੰਬਰਦਾਰ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਮੈਂ ਇਸ ਸਬੰਧੀ ਕੁਝ ਵੀ ਕਹਿਣਾ ਨਹੀਂ ਚਾਹੁੰਦਾ ਇਸ ਸਮੇਂ ਮੈਂ ਆਪਣੇ ਪਰਿਵਾਰਿਕ ਰੁਝੇਵਿਆਂ ਕਾਰਨ ਸ਼ਹਿਰ ਤੋਂ ਬਾਹਰ ਹਾਂ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਖ਼ਤ ਕਾਰਵਾਈ ਦੇ ਦਾਅਵੇ ਜਾਂਚ ਅਤੇ ਅਮਲੀ ਕਾਰਵਾਈ ਤੱਕ ਕਿੰਨੇ ਕੁ ਪਹੁੰਚਦੇ ਹਨ ਅਤੇ ਇਸ ਮਾਮਲੇ ਵਿੱਚ ਕਥਿਤ ਕਬਜ਼ੇ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਕੀ ਕਾਰਵਾਈ ਕੀਤੀ ਜਾਂਦੀ ਹੈ?
- Download Babushahi App
-
-