ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 19 ਨਵੰਬਰ ਨੂੰ ਲੱਗੇਗਾ ਐਡਵਾਂਸ ਦਰਦ ਨਿਵਾਰਕ ਕਲੀਨਿਕ
ਬੰਗਾ 15 ਨਵੰਬਰ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 19 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਐਡਵਾਂਸ ਦਰਦ ਨਿਵਾਰਕ ਕਲੀਨਿਕ ਲਗਾਇਆ ਜਾ ਰਿਹਾ ਹੈ । ਇਹ ਜਾਣਕਾਰੀ ਹਸਪਤਾਲ ਦੇ ਮੁੱਖ ਪ੍ਰਬੰਧਕ ਸ.ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਟਰੱਸਟ ਦਾ ਮੁੱਖ ਮਕਸਦ ਇਲਾਕੇ ਦੇ ਲੋਕਾਂ ਨੂੰ ਰਿਆਇਤੀ ਤੇ ਮਿਆਰੀ ਸਿਹਤ ਸਹੂਲਤਾਂ ਦੇਣਾ ਹੈ। ਇਸੇ ਸੇਵਾ ਲੜੀ ਤਹਿਤ ਇਸ ਵਾਰ ਦਰਦ ਤੋਂ ਪੀੜਤ ਮਰੀਜ਼ਾਂ ਲਈ ਵਿਸ਼ੇਸ਼ ਕਲੀਨਿਕ ਹਸਪਤਾਲ ਦੇ ਮੈਡੀਕਲ ਸੁਪਰਡੈਂਟਟ ਡਾ. ਜਸਦੀਪ ਸਿੰਘ ਸੈਣੀ ਐਮ.ਬੀ.ਬੀ.ਐਸ., ਐਮ.ਐਸ., ਐਮ.ਸੀ.ਐਚ. (ਦਿਮਾਗ ਤੇ ਰੀੜ੍ਹ ਦੀ ਹੱਡੀ ਦੇ ਮਾਹਿਰ) ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ । ਇਸ ਮੌਕੇ ਮਰੀਜ਼ਾਂ ਦੀ ਪਿੱਠ ਦਾ ਦਰਦ, ਗਰਦਨ ਦਾ ਦਰਦ ਤੇ ਅਕੜਾਅ, ਸ਼ਿਆਟਿਕਾ (ਕਮਰ ਤੋਂ ਲੱਤ ਵਿੱਚ ਜਾਣ ਵਾਲਾ ਦਰਦ), ਹੱਥਾਂ-ਪੈਰਾਂ ਵਿੱਚ ਸੁੰਨਪਨ, ਝਨਝਨਾਹਟ, ਜਲਣ ਤੇ ਨਸਾਂ ਦੀ ਕਮਜ਼ੋਰੀ, ਰੀੜ੍ਹ ਦੀ ਹੱਡੀ ਵਿੱਚ ਫ੍ਰੈਕਚਰ ਤੇ ਹੱਡੀਆਂ ਦੀ ਬਣਤਰ ਵਿੱਚ ਅਸਧਾਰਨਤਾ, ਹੱਡੀਆਂ ਵਿੱਚ ਦਰਦ ਅਤੇ ਹੋਰ ਸਰੀਰਿਕ ਦਰਦਾਂ ਦੇ ਮਰੀਜ਼ਾਂ ਦੀ ਫਰੀ ਜਾਂਚ ਕੀਤੀ ਜਾਵੇਗੀ । ਸ. ਢਾਹਾਂ ਨੇ ਦੱਸਿਆ ਕਿ ਇਸ ਮੌਕੇ ਮਰੀਜ਼ਾਂ ਨੂੰ ਵੱਡੀਆਂ ਰਿਆਇਤਾਂ ਦਿੱਤੀਆਂ ਜਾਣਗੀਆਂ ਜਿਹਨਾਂ ਵਿਚ -ਮੁਫ਼ਤ ਡਾਕਟਰ ਰਜਿਸਟ੍ਰੇਸ਼ਨ, ਮੁਫਤ ਨਿਊਰੋਪੈਥੀ ਟੈਸਟ, ਮੁਫ਼ਤ ਯੂਰਿਕ ਐਸਿਡ ਟੈਸਟ, ਰੀੜ੍ਹ ਦੀ ਹੱਡੀ ਦੇ ਐਕਸ-ਰੇ 'ਤੇ 10 ਫ਼ੀਸਦੀ ਛੋਟ, ਮਾਈਲੋਮਾ ਪ੍ਰੋਫਾਈਲ ਤੇ ਐਚ.ਐਲ.ਏ.ਬੀ. 27 ਲੈਵਲ ਟੈਸਟ 'ਤੇ 25 ਫ਼ੀਸਦੀ ਛੋਟ, ਆਰ.ਏ. ਫੈਕਟਰ, ਸੀ.ਆਰ.ਪੀ., ਏ.ਐਨ.ਏ. ਟਾਈਟਰ ਤੇ ਐਂਟੀ ਸੀ.ਸੀ.ਪੀ. ਟੈਸਟਾਂ 'ਤੇ 50 ਫ਼ੀਸਦੀ ਛੋਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਹੁਤ ਵਾਰ ਲੋਕ ਸਿਰਫ਼ ਦਰਦ ਦੀ ਗੋਲੀ ਖਾ ਕੇ ਸਾਰ ਲੈਂਦੇ ਹਨ, ਪਰ ਅੰਦਰੂਨੀ ਕਾਰਨ ਦਾ ਪਤਾ ਨਹੀਂ ਲੱਗਦਾ, ਇਸ ਲਈ ਇਹ ਸਾਰੇ ਟੈਸਟ ਦਰਦ ਦੇ ਅਸਲ ਕਾਰਨ ਨੂੰ ਲੱਭਣ ਲਈ ਜ਼ਰੂਰੀ ਹਨ। ਸ. ਕੁਲਵਿੰਦਰ ਸਿੰਘ ਢਾਹਾਂ ਨੇ ਇਲਾਕੇ ਦੇ ਦਰਦਾਂ ਤੋਂ ਪੀੜ੍ਹਤ ਮਰੀਜਾਂ ਨੂੰ ਅਪੀਲ ਕੀਤੀ ਕਿ 19 ਨਵੰਬਰ ਨੂੰ ਆਪਣੀਆਂ ਪੁਰਾਣੀਆਂ ਰਿਪੋਰਟਾਂ ਵੀ ਨਾਲ ਲੈ ਕੇ ਆਉਣ ਤਾਂ ਜੋ ਡਾਕਟਰ ਸਾਹਿਬ ਸਹੀ ਤਰੀਕੇ ਨਾਲ ਜਾਂਚ ਕਰ ਸਕਣ। ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਵੀ ਹਾਜ਼ਰ ਸਨ।
- Download Babushahi App
-
-