ਲੁਧਿਆਣਾ ਵਿੱਚ ਇੰਮੀਗ੍ਰੇਸ਼ਨ ਦਫ਼ਤਰ ’ਤੇ ਫਾਇਰਿੰਗ ਮਾਮਲੇ ’ਚ ਇੱਕ ਮੁਲਜ਼ਮ ਗ੍ਰਿਫ਼ਤਾਰ
---ਵਾਰਦਾਤ ’ਚ ਵਰਤਿਆ ਬਿਨਾਂ ਨੰਬਰ ਵਾਲਾ ਮੋਟਰਸਾਈਕਲ ਬਰਾਮਦ, ਦੂਜੇ ਮੁਲਜ਼ਮ ਦੀ ਭਾਲ ਜਾਰੀ
ਸੁਖਮਿੰਦਰ ਭੰਗੂ
ਲੁਧਿਆਣਾ: ਮਾਡਲ ਟਾਊਨ ਸਥਿਤ ਬਰਾਈਟ ਵੇਅ ਵੀਜ਼ਾ ਇੰਮੀਗ੍ਰੇਸ਼ਨ ਦਫ਼ਤਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਦੀਪਕ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਵਾਰਦਾਤ ਵਿੱਚ ਵਰਤਿਆ ਗਿਆ ਬਿਨਾਂ ਨੰਬਰ ਵਾਲਾ ਕਾਲੇ ਰੰਗ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਪੁਲਿਸ ਅਨੁਸਾਰ, 10 ਅਤੇ 11 ਅਕਤੂਬਰ 2026 ਦੀ ਦਰਮਿਆਨੀ ਰਾਤ ਨੂੰ ਦੋ ਵਿਅਕਤੀਆਂ ਨੇ ਇੰਮੀਗ੍ਰੇਸ਼ਨ ਦਫ਼ਤਰ ’ਤੇ ਫਾਇਰਿੰਗ ਕੀਤੀ ਸੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ। ਮਾਮਲੇ ਦੀ ਜਾਂਚ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਦੀ ਟੀਮ ਵੱਲੋਂ ਕੀਤੀ ਗਈ।
ਪੁਲਿਸ ਦੇ ਦਾਅਵੇ ਅਨੁਸਾਰ, ਇਸ ਮਾਮਲੇ ਵਿੱਚ ਦੀਪਕ ਕੁਮਾਰ ਅਤੇ ਗਗਨਦੀਪ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਨੇ ਵਿਦੇਸ਼ ਵਿੱਚ ਰਹਿੰਦੇ ਵਰਿੰਦਰ ਚਾਰਨ ਅਤੇ ਜਗਜੀਤ ਸਿੰਘ ਉਰਫ਼ ਗਾਂਧੀ ਦੇ ਕਹਿਣ ’ਤੇ ਫਾਇਰਿੰਗ ਕੀਤੀ ਸੀ। ਪੁਲਿਸ ਮੁਤਾਬਕ, ਇੰਮੀਗ੍ਰੇਸ਼ਨ ਦਫ਼ਤਰ ਦੇ ਮਾਲਕ ਤੋਂ ਕਥਿਤ ਤੌਰ ’ਤੇ ਫ਼ਿਰੌਤੀ ਮੰਗੀ ਗਈ ਸੀ ਅਤੇ ਮੰਗ ਪੂਰੀ ਨਾ ਹੋਣ ’ਤੇ ਫਾਇਰਿੰਗ ਕੀਤੀ ਗਈ।
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੂਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਵਿਦੇਸ਼ ਵਿੱਚ ਰਹਿੰਦੇ ਕਥਿਤ ਸਾਥੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-