ਮੇਜਰ ਜਨਰਲ ਐਮ.ਐੱਸ. ਸਬਰਵਾਲ ਵੱਲੋਂ ਪਰਮਿੰਦਰ ਸਿੰਘ ਸੈਣੀ ਦੀਆਂ ਨਿਰਸਵਾਰਥ ਸੇਵਾਵਾਂ ਲਈ ਸਨਮਾਨ
ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਸੌਪਿਆ ਪ੍ਰਸ਼ੰਸਾ ਪੱਤਰ
ਰੋਹਿਤ ਗੁਪਤਾ
ਗੁਰਦਾਸਪੁਰ, 9 ਨਵੰਬਰ
ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਈ ਗਈ ਆਰਮੀ ਭਰਤੀ ਰੈਲੀ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪਰਮਿੰਦਰ ਸਿੰਘ ਸੈਣੀ, ਸਟੇਟ ਅਵਾਰਡੀ,ਜ਼ਿਲ੍ਹਾ ਗਾਈਡੈਂਸ ਕਾਊਂਸਲਰ (ਸੇਵਾ ਮੁਕਤ)-ਕਮ-ਸਕੱਤਰ, ਸਮਰਪਣ ਸੁਸਾਇਟੀ ਗੁਰਦਾਸਪੁਰ ਦੀਆਂ ਸ਼ਾਨਦਾਰ ਸੇਵਾਵਾਂ ਦੀ ਭਾਰਤੀ ਫੌਜ ਵੱਲੋਂ ਵਿਸ਼ੇਸ਼ ਸ਼ਲਾਘਾ ਕੀਤੀ ਗਈ ਹੈ।
ਮੇਜਰ ਜਨਰਲ ਐਮ.ਐੱਸ. ਸਬਰਵਾਲ,ਸੈਨਾ ਮੈਡਲ,ਹੈੱਡਕੁਆਰਟਰਜ਼ ਰਿਕਰੂਟਿੰਗ ਜ਼ੋਨ, ਜਲੰਧਰ ਕੈਂਟ ਵੱਲੋਂ ਮਿਤੀ 23 ਅਕਤੂਬਰ 2026 ਨੂੰ ਸ੍ਰੀ ਪਰਮਿੰਦਰ ਸਿੰਘ ਸੈਣੀ ਦੇ ਨਾਮ ਇੱਕ ਵਿਸ਼ੇਸ਼ ਪ੍ਰਸ਼ੰਸਾ ਪੱਤਰ ਜਾਰੀ ਕਰਕੇ ਉਨ੍ਹਾਂ ਦੀਆਂ ਨਿਰਸਵਾਰਥ ਸੇਵਾਵਾਂ ਅਤੇ ਸ਼ਲਾਘਾਯੋਗ ਯਤਨਾਂ ਲਈ ਦਿਲੋਂ ਧੰਨਵਾਦ ਅਤੇ ਪ੍ਰਸ਼ੰਸਾ ਪ੍ਰਗਟ ਕੀਤੀ ਗਈ। ਇਹ ਮਾਣਮੱਤਾ ਪ੍ਰਸ਼ੰਸਾ ਪੱਤਰ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਦਿੱਤਿਆ ਉੱਪਲ ਵੱਲੋਂ ਪਰਮਿੰਦਰ ਸਿੰਘ ਸੈਣੀ ਨੂੰ ਸੌਂਪਿਆ ਗਿਆ।
ਆਪਣੇ ਪ੍ਰਸ਼ੰਸਾ ਪੱਤਰ ਵਿੱਚ ਮੇਜਰ ਜਨਰਲ ਐਮ.ਐੱਸ. ਸਬਰਵਾਲ ਨੇ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਪਰਮਿੰਦਰ ਸਿੰਘ ਸੈਣੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਸਮਾਜ ਸੇਵੀ ਸੰਸਥਾਵਾਂ ਅਤੇ ਵਲੰਟੀਅਰਾਂ ਨੂੰ ਲਾਮਬੰਦ ਕਰਕੇ ਭਰਤੀ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਲਈ ਲਗਾਤਾਰ ਨੌਂ ਦਿਨ ਰਿਹਾਇਸ਼, ਖਾਣ-ਪੀਣ ਅਤੇ ਹੋਰ ਜ਼ਰੂਰੀ ਸਹੂਲਤਾਂ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ।
ਇਸ ਦੌਰਾਨ ਰੋਜ਼ਾਨਾ ਲਗਭਗ 1200 ਤੋਂ 1300 ਉਮੀਦਵਾਰਾਂ ਨੂੰ ਮੁਫ਼ਤ ਦੇਸੀ ਘਿਓ ਦਾ ਖਾਣਾ ਮੁਹੱਈਆ ਕਰਵਾਉਣਾ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਰਿਹਾ। ਉਨ੍ਹਾਂ ਦੇ ਅਣਥੱਕ ਯਤਨਾਂ ਅਤੇ ਨਿਰਸਵਾਰਥ ਸੇਵਾ ਸਦਕਾ ਚਾਰ ਜ਼ਿਲਿਆਂ ਤੋਂ ਭਰਤੀ ਰੈਲੀ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਬਹੁਤ ਵੱਡੀ ਸਹੂਲਤ ਮਿਲੀ। ਮੇਜਰ ਜਨਰਲ ਨੇ ਇਸ ਸਮੁੱਚੇ ਉਪਰਾਲੇ ਨੂੰ ਭਾਈਚਾਰਕ ਸੇਵਾ, ਸਮਾਜਿਕ ਜ਼ਿੰਮੇਵਾਰੀ ਅਤੇ ਰਾਸ਼ਟਰ ਨਿਰਮਾਣ ਦੀ ਉੱਚੀ ਭਾਵਨਾ ਦਾ ਪ੍ਰਤੀਕ ਕਰਾਰ ਦਿੱਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਵਲੋਂ ਵੀ ਪਰਮਿੰਦਰ ਸਿੰਘ ਸੈਣੀ ਦੇ ਇਸ ਉਪਰਾਲੇ ਨੂੰ ਸਮਾਜ ਅਤੇ ਨੌਜਵਾਨਾਂ ਦੀ ਭਲਾਈ ਲਈ ਇੱਕ ਪ੍ਰੇਰਨਾਦਾਇਕ ਉਦਾਹਰਨ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਲਈ ਅੱਗੇ ਆਉਣ ਵਾਸਤੇ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪ੍ਰਸ਼ਾਸਨ, ਸਮਾਜਿਕ ਸੰਸਥਾਵਾਂ ਅਤੇ ਭਾਰਤੀ ਫੌਜ ਦਰਮਿਆਨ ਬਿਹਤਰ ਤਾਲਮੇਲ ਨੂੰ ਵੀ ਮਜ਼ਬੂਤ ਕਰਦੇ ਹਨ।
ਇਹ ਮੌਕੇ ਪਰਮਿੰਦਰ ਸੈਣੀ ਨੇ ਕਿਹਾ ਕਿ ਇਹ ਸਨਮਾਨ ਉਹਨਾਂ ਦੀ ਨਿੱਜੀ ਪ੍ਰਾਪਤੀ ਨਹੀਂ ਹੈ ,ਇਹ ਸਮਰਪਣ ਸੁਸਾਇਟੀ, ਸਮੂਹ ਸਮਾਜ ਸੇਵੀ ਸੰਸਥਾਵਾਂ,ਵਲੰਟੀਅਰਾਂ ਅਤੇ ਉਨ੍ਹਾਂ ਸਾਰੇ ਸਹਿਯੋਗੀਆਂ ਲਈ ਵੀ ਮਾਣ ਵਾਲੀ ਗੱਲ ਹੈ, ਜਿਨ੍ਹਾਂ ਵੱਲੋਂ ਸਮਰਪਣ ਦੀ ਭਾਵਨਾ ਨਾਲ ਹਰ ਨੇਕ ਕਾਰਜ ਵਿੱਚ ਮੇਰੇ ਨਾਲ ਆਪਣਾ ਯੋਗਦਾਨ ਪਾਇਆ ਜਾਂਦਾ ਹੈ।
- Download Babushahi App
-
-