ਮੁਫ਼ਤ ਡੇਅਰੀ ਸਿਖਲਾਈ ਦਾ ਨਵਾਂ ਬੈਚ 30 ਨਵੰਬਰ ਤੋਂ ਸ਼ੁਰੂ
*-23 ਨਵੰਬਰ ਨੂੰ ਸਵੇਰੇ 10 ਵਜੇ ਸਿਖਲਾਈ ਲਈ ਉਮੀਦਵਾਰਾਂ ਦੀ ਹੋਵੇਗੀ ਇੰਟਰਵਿਊ*
ਰਵਿੰਦਰ ਢਿੱਲੋਂ
ਖੰਨਾ, 22 ਨਵੰਬਰ
ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਐੱਸ.ਸੀ.ਐੱਸ.ਪੀ. ਸਕੀਮ ਅਧੀਨ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਡੇਅਰੀ ਫਾਰਮਿੰਗ ਦਾ ਕਿੱਤਾ ਅਪਣਾਉਣ ਲਈ ਮੁਫ਼ਤ ਡੇਅਰੀ ਸਿਖਲਾਈ ਦਿੱਤੀ ਜਾ ਰਹੀ ਹੈ।
ਇਸ ਸਿਖਲਾਈ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੇ ਯੋਗ ਬਣਾਉਣਾ ਅਤੇ ਡੇਅਰੀ ਕਿੱਤੇ ਰਾਹੀਂ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ।
ਇਸ ਸਬੰਧੀ ਜ਼ਿਲ੍ਹਾ ਲੁਧਿਆਣਾ ਦੇ ਡੇਅਰੀ ਟ੍ਰੇਨਿੰਗ ਸੈਂਟਰ, ਬੀਜਾ ਵਿਖੇ ਮਿਤੀ 23 ਨਵੰਬਰ 2026 ਨੂੰ ਸਵੇਰੇ 10:00 ਵਜੇ ਸਿਖਲਾਈ ਲਈ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ।
ਸਿਖਲਾਈ ਦਾ ਨਵਾਂ ਬੈਚ ਮਿਤੀ 30 ਨਵੰਬਰ 2026 ਤੋਂ ਸ਼ੁਰੂ ਹੋਵੇਗਾ।
ਇਸ ਸਿਖਲਾਈ ਲਈ ਉਮੀਦਵਾਰ ਦੀ ਉਮਰ 18 ਤੋਂ 55 ਸਾਲ ਹੋਣੀ ਚਾਹੀਦੀ ਹੈ। ਸਿਖਲਾਈ ਦੌਰਾਨ ਡੇਅਰੀ ਫਾਰਮਿੰਗ ਸਬੰਧੀ ਵਿਹਾਰਕ ਅਤੇ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਿਖਲਾਈ ਪ੍ਰਾਪਤ ਕਰਨ ਵਾਲੇ ਹਰੇਕ ਯੋਗ ਉਮੀਦਵਾਰ ਨੂੰ 3,500 ਰੁਪਏ ਵਜ਼ੀਫ਼ਾ (Scholarship)ਵੀ ਦਿੱਤਾ ਜਾਵੇਗਾ।
ਇੰਟਰਵਿਊ ਲਈ ਆਉਣ ਸਮੇਂ ਉਮੀਦਵਾਰ ਆਪਣੇ ਲੋੜੀਂਦੇ ਦਸਤਾਵੇਜ਼ ਨਾਲ ਲੈ ਕੇ ਆਉਣ। ਚਾਹਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਨਿਰਧਾਰਤ ਮਿਤੀ ਅਤੇ ਸਮੇਂ 'ਤੇ ਡੇਅਰੀ ਟ੍ਰੇਨਿੰਗ ਸੈਂਟਰ, ਬੀਜਾ ਵਿਖੇ ਪਹੁੰਚ ਕੇ ਇਸ ਸਰਕਾਰੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ।
- Download Babushahi App
-
-