ਮਾਲੇਰਕੋਟਲਾ ਦੀ ਤਹਿਜ਼ੀਬ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਨੂੰ ਲੱਗਣ ਲੱਗੀ ਨਜ਼ਰ ਸੂਅਰ ਦੇ ਮਾਸ ਦਾ ਮਾਮਲਾ ਚਰਚਾ ਵਿੱਚ
ਮੁਢ ਦੌਰ ਤੋਂ ਸ਼ਹਿਰ ਦੀ ਹੱਦ ਅੰਦਰ ਸੂਅਰ ਰੱਖਣ ਤੋਂ ਵੀ ਗੁਰੇਜ਼ ਕਰਨਾ ਭਾਈਚਾਰਕ ਸਾਂਝ ਦਾ ਪ੍ਰਤੀਕ; ਗਊ ਮਾਸ ’ਤੇ ਵੀ ਰਹੀ ਹੈ ਪੂਰਨ ਪਾਬੰਦੀ
ਪ੍ਰਸ਼ਾਸਨ ਨੂੰ ਦੇਹ ਵਪਾਰ ਦੇ ਕਥਿਤ ਅੱਡਿਆਂ ਅਤੇ ਮਸਾਜ ਪਾਰਲਰਾਂ ਦੀ ਆੜ ਵਿੱਚ ਚੱਲ ਰਹੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਦੀ ਵੀ ਗੰਭੀਰਤਾ ਦਿਖਾਉਣ ਦੀ ਜਰੂਰਤ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 28 ਨਵੰਬਰ,2026 ਮਾਲੇਰਕੋਟਲਾ ਹਮੇਸ਼ਾ ਹੀ ਆਪਣੀ ਅਮਨ-ਪਸੰਦ ਫ਼ਿਜ਼ਾ, ਆਪਸੀ ਭਾਈਚਾਰਕ ਸਾਂਝ ਅਤੇ ਧਾਰਮਿਕ ਸਦਭਾਵਨਾ ਲਈ ਦੇਸ਼ ਭਰ ਵਿੱਚ ਵਿਸ਼ੇਸ਼ ਪਛਾਣ ਰੱਖਦਾ ਆਇਆ ਹੈ। ਇੱਥੋਂ ਦੇ ਲੋਕਾਂ ਨੇ ਆਪਸੀ ਸਤਿਕਾਰ ਅਤੇ ਸਹਿਣਸ਼ੀਲਤਾ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜਿਸ ਦੀ ਚਰਚਾ ਅਕਸਰ ਦੂਰ-ਦੁਰਾਡੇ ਤੱਕ ਹੁੰਦੀ ਰਹਿੰਦੀ ਹੈ। ਪਰ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਵਿੱਚ ਸਾਹਮਣੇ ਆ ਰਹੇ ਦੇਹ ਵਪਾਰ ਦੇ ਕਥਿਤ ਅੱਡਿਆਂ, ਮਸਾਜ ਪਾਰਲਰਾਂ ਦੀ ਆੜ ਵਿੱਚ ਚੱਲ ਰਹੀਆਂ ਗਤੀਵਿਧੀਆਂ ਅਤੇ ਹੁਣ ਸੂਅਰ ਦੇ ਮਾਸ ਦੀ ਸਪਲਾਈ ਸਬੰਧੀ ਮਾਮਲੇ ਨੇ ਸ਼ਹਿਰ ਦੇ ਸੂਝਵਾਨ ਨਾਗਰਿਕਾਂ ਨੂੰ ਚਿੰਤਤ ਕਰ ਦਿੱਤਾ ਹੈ।
ਮਾਲੇਰਕੋਟਲਾ ਦੀ ਮੁੱਢ ਦੌਰ ਤੋਂ ਹੀ ਇਹ ਤਹਿਜ਼ੀਬ ਰਹੀ ਹੈ ਕਿ ਇੱਥੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਕਿਸੇ ਵੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਣ ਤੋਂ ਬਚਾਉਣ ਲਈ ਸੂਰ ਰੱਖਣ ਤੱਕ ਤੋਂ ਗੁਰੇਜ਼ ਕੀਤਾ ਜਾਂਦਾ ਰਿਹਾ ਹੈ। ਸ਼ਹਿਰ ਦੀ ਇਸ ਪਰੰਪਰਾ ਨੂੰ ਇੱਥੋਂ ਦੇ ਲੋਕ ਆਪਸੀ ਸਤਿਕਾਰ ਅਤੇ ਸਦਭਾਵਨਾ ਦਾ ਪ੍ਰਤੀਕ ਮੰਨਦੇ ਹਨ। ਇਸੇ ਤਰ੍ਹਾਂ ਗਊ ਮਾਸ ’ਤੇ ਪੂਰਨ ਪਾਬੰਦੀ ਹੋਣ ਦੀ ਗੱਲ ਵੀ ਸ਼ਹਿਰ ਦੇ ਸਮਾਜਿਕ ਅਤੇ ਧਾਰਮਿਕ ਮਾਹੌਲ ਨਾਲ ਜੁੜੀ ਹੋਈ ਹੈ। ਅਜਿਹੇ ਵਿੱਚ ਸੂਅਰ ਦੇ ਮਾਸ ਦੀ ਸਪਲਾਈ ਸਬੰਧੀ ਸਾਹਮਣੇ ਆਇਆ ਮਾਮਲਾ ਸ਼ਹਿਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਸ ਮਾਮਲੇ ਵਿੱਚ ਕੁਝ ਸੂਝਵਾਨ ਵਿਅਕਤੀਆਂ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਡੀਐੱਸਪੀ ਮਾਲੇਰਕੋਟਲਾ ਸ੍ਰੀ ਮਾਨਵਜੀਤ ਸਿੰਘ ਸਿੱਧੂ ਦੀਆਂ ਹਦਾਇਤਾਂ ’ਤੇ ਸਿਟੀ-1 ਦੀ ਐੱਸ.ਐੱਚ.ਓ ਮੈਡਮ ਨਵਦੀਪ ਕੌਰ ਚਹਿਲ ਨੇ ਸਥਾਨਕ ਬਲਿੰਕਟ ਮਾਲ ਵੱਲੋਂ ਸੂਅਰ ਦਾ ਮਾਸ ਸਪਲਾਈ ਕਰਨ ਦੇ ਮਾਮਲੇ ਸਬੰਧੀ ਤੁਰੰਤ ਕਾਰਵਾਈ ਕੀਤੀ। ਇਲਾਕਾ ਨਿਵਾਸੀਆਂ ਵੱਲੋਂ ਇਸ ਕਾਰਵਾਈ ਨੂੰ ਸਮੇਂ ਸਿਰ ਚੁੱਕਿਆ ਗਿਆ ਕਦਮ ਦੱਸਦਿਆਂ ਸਥਾਨਕ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਦਾ ਮੰਨਣਾ ਹੈ ਕਿ ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਸ਼ਹਿਰ ਦਾ ਮਾਹੌਲ ਤਣਾਅਪੂਰਨ ਹੋਣ ਤੋਂ ਬਚਿਆ।
ਸ਼ਹਿਰ ਦੇ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਮਾਲੇਰਕੋਟਲਾ ਦੀ ਅਸਲ ਤਾਕਤ ਇੱਥੋਂ ਦੀ ਆਪਸੀ ਭਾਈਚਾਰਕ ਸਾਂਝ ਅਤੇ ਤਹਿਜ਼ੀਬ ਹੈ। ਇਸ ਲਈ ਕਿਸੇ ਵੀ ਅਜਿਹੀ ਗਤੀਵਿਧੀ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ, ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ ਜਾਂ ਸ਼ਹਿਰ ਦੀ ਅਮਨ-ਸ਼ਾਂਤੀ ਪ੍ਰਭਾਵਿਤ ਹੋਵੇ। ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਦੇਹ ਵਪਾਰ ਦੇ ਕਥਿਤ ਅੱਡਿਆਂ ਅਤੇ ਮਸਾਜ ਪਾਰਲਰਾਂ ਦੀ ਆੜ ਵਿੱਚ ਚੱਲ ਰਹੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਦੀ ਵੀ ਗੰਭੀਰਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
ਮਾਲੇਰਕੋਟਲਾ ਵਾਸੀਆਂ ਦਾ ਮੰਨਣਾ ਹੈ ਕਿ ਸ਼ਹਿਰ ਦੀ ਪੁਰਾਣੀ ਤਹਿਜ਼ੀਬ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਇਕੱਠੇ ਹੋ ਕੇ ਯਤਨ ਕਰਨੇ ਚਾਹੀਦੇ ਹਨ। ਸ਼ਹਿਰ ਦੀ ਪਛਾਣ ਕਿਸੇ ਇੱਕ ਧਰਮ ਜਾਂ ਭਾਈਚਾਰੇ ਨਾਲ ਨਹੀਂ, ਸਗੋਂ ਸਾਰੇ ਧਰਮਾਂ ਦੇ ਲੋਕਾਂ ਦੇ ਆਪਸੀ ਸਤਿਕਾਰ ਅਤੇ ਸਾਂਝ ਨਾਲ ਜੁੜੀ ਹੋਈ ਹੈ।
ਮਾਲੇਰਕੋਟਲਾ ਦੀ ਤਹਿਜ਼ੀਬ ਨੂੰ ਬਰਕਰਾਰ ਰੱਖਣਾ ਸਿਰਫ਼ ਪ੍ਰਸ਼ਾਸਨ ਦੀ ਹੀ ਨਹੀਂ, ਸਗੋਂ ਹਰ ਸ਼ਹਿਰ ਵਾਸੀ ਦੀ ਸਾਂਝੀ ਜ਼ਿੰਮੇਵਾਰੀ ਹੈ।
- Download Babushahi App
-
-