ਬੇਅੰਤ ਸਿੰਘ ਦੀ ਬਰਸੀ 'ਤੇ ਬੋਲੇ ਰਵਨੀਤ ਬਿੱਟੂ, ਕਿਹਾ- "ਚੰਗੇ ਕੰਮ ਕੀਤੇ ਹੁੰਦੇ ਤਾਂ ਅੱਜ ਬੰਦੀ ਸਿੰਘਾਂ ਦੀਆਂ ਮਾਵਾਂ ਨਾ ਤੜਫ਼ਦੀਆਂ"
"ਕੀ ਦੇਸ਼ ਲਈ ਮੈਡਲ ਲਿਆਏ ਨੇ?" ਬੰਦੀ ਸਿੰਘਾਂ ਦੀ ਪੈਰੋਲ 'ਤੇ ਬਿੱਟੂ ਦੇ ਸਵਾਲ, ਪੰਜਾਬ ਦੇ ਲੋਕਾਂ ਨੂੰ ਭਵਿੱਖ ਚੁਣਨ ਦੀ ਦਿੱਤੀ ਸਲਾਹ
Gurpreet Singh "Lahori"
ਚੰਡੀਗੜ੍ਹ, 31 ਅਗਸਤ 2026- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੈਰੋਲ ਦੇ ਮੁੱਦੇ 'ਤੇ ਇੱਕ ਵਾਰ ਫਿਰ ਬੇਬਾਕ ਅਤੇ ਤਿੱਖਾ ਬਿਆਨ ਦਿੱਤਾ ਹੈ। ਆਪਣੇ ਦਾਦਾ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਬਿੱਟੂ ਨੇ ਜਗਤਾਰ ਸਿੰਘ ਹਵਾਰਾ ਸਮੇਤ ਹੋਰ ਬੰਦੀ ਸਿੰਘਾਂ ਦੀ ਸਜ਼ਾ ਅਤੇ ਪੈਰੋਲ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਆਖਿਆ ਕਿ ਜੇਕਰ ਉਨ੍ਹਾਂ ਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਅੱਜ ਉਨ੍ਹਾਂ ਦੀਆਂ ਮਾਵਾਂ ਨੂੰ ਪੁੱਤਾਂ ਦੇ ਮਿਲਾਪ ਲਈ ਤੜਫ਼ਨਾ ਨਾ ਪੈਂਦਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਮੰਨਿਆ ਕਿ ਉਹ ਖ਼ੁਦ ਵੀ ਅਤੀਤ ਵਿੱਚ ਮਨੁੱਖਤਾ ਦੇ ਆਧਾਰ 'ਤੇ ਗਵਰਨਰ ਨੂੰ ਮਿਲ ਕੇ ਜਗਤਾਰ ਸਿੰਘ ਹਵਾਰਾ ਦੀ ਆਪਣੀ ਬਜ਼ੁਰਗ ਮਾਂ ਨੂੰ ਮਿਲਣ ਵਾਸਤੇ ਪੈਰੋਲ ਦੀ ਮੰਗ ਕਰ ਚੁੱਕੇ ਹਨ। ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਤਲਖ਼ ਹਕੀਕਤ ਬਿਆਨ ਕਰਦਿਆਂ ਕਿਹਾ ਕਿ ਜਿਹੜੇ ਲੋਕ 30-31 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਦੇ ਕਾਰਨਾਮਿਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਬਿੱਟੂ ਨੇ ਸਵਾਲ ਕੀਤਾ, "ਕੀ ਇਹ ਕੋਈ ਦੇਸ਼ ਲਈ ਮੈਡਲ ਲੈ ਕੇ ਆਏ ਸਨ, ਜੋ ਇਨ੍ਹਾਂ ਦੇ ਪਿੱਛੇ ਫਿਰਿਆ ਜਾ ਰਿਹਾ ਹੈ? ਬੇਅੰਤ ਸਿੰਘ ਦੇ ਕਤਲ ਤੋਂ ਇਲਾਵਾ ਦਿੱਲੀ ਵਿੱਚ ਹੋਏ ਬੰਬ ਧਮਾਕੇ ਅਤੇ ਹੋਰ ਘਟਨਾਵਾਂ ਵਿੱਚ ਕਿੰਨੇ ਹੀ ਨਿਰਦੋਸ਼ ਲੋਕ ਮਾਰੇ ਗਏ, ਕੀ ਉਹ ਬੰਦੇ ਨਹੀਂ ਸਨ? ਜਿਹੜੇ ਬੱਚੇ ਅਨਾਥ ਹੋ ਗਏ, ਉਨ੍ਹਾਂ ਦੇ ਦਰਦ ਦਾ ਹਿਸਾਬ ਕੌਣ ਦੇਵੇਗਾ?"
ਉਨ੍ਹਾਂ ਮੀਡੀਆ ਅਤੇ ਜਨਤਾ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਦੋਂ ਅੱਜ ਦੇ ਸਮੇਂ ਵਿੱਚ ਕੋਈ ਗੈਂਗਸਟਰ ਕਿਸੇ ਦੇ ਧੀ-ਪੁੱਤ ਦਾ ਕਤਲ ਕਰਦਾ ਹੈ ਜਾਂ ਨਸ਼ੇ (ਚਿੱਟੇ) ਨਾਲ ਕਿਸੇ ਦੀ ਗੋਦ ਸੁੰਨੀ ਹੁੰਦੀ ਹੈ, ਤਾਂ ਪੀੜਤ ਮਾਂ ਅਤੇ ਭੈਣਾਂ ਕਾਤਲਾਂ ਨੂੰ ਸਾਹਮਣੇ ਦਰਖ਼ਤ ਨਾਲ ਟੰਗਣ ਜਾਂ ਫਾਂਸੀ ਦੇਣ ਦੀ ਮੰਗ ਕਰਦੀਆਂ ਹਨ। ਜਿਸ 'ਤੇ ਬੀਤਦੀ ਹੈ, ਦੁੱਖ ਉਸੇ ਨੂੰ ਹੁੰਦਾ ਹੈ। ਦੂਜਿਆਂ ਦੇ ਮਾਮਲੇ ਵਿੱਚ ਲੋਕ ਅਕਸਰ ਦਰਦ ਭੁੱਲ ਜਾਂਦੇ ਹਨ।
ਬਿੱਟੂ ਨੇ ਨਵੀਂ ਪੀੜ੍ਹੀ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਸੋਚਣ ਕਿ ਉਹ ਕਿਸ ਪ੍ਰਕਾਰ ਦਾ ਪੰਜਾਬ ਸਿਰਜਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, "ਅਸੀਂ ਤਾਂ ਆਪਣਾ ਪਰਿਵਾਰਕ ਜੀਅ ਗਵਾ ਲਿਆ ਹੈ, ਪਰ ਹੁਣ ਇਹ ਲੋਕਾਂ ਨੇ ਦੇਖਣਾ ਹੈ ਕਿ ਕੀ ਉਹ ਬੰਬਾਂ ਵਾਲਾ ਪੰਜਾਬ ਬਣਾਉਣਾ ਚਾਹੁੰਦੇ ਹਨ ਜਾਂ ਅਮਨ-ਸ਼ਾਂਤੀ ਵਾਲਾ? ਜੇਕਰ ਅਜਿਹੇ ਅਨਸਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਨਵੇਂ ਪੰਜਾਬ ਵਿੱਚ ਹੱਥਕੜੀਆਂ ਵਾਲੇ ਹੀ ਪੈਦਾ ਹੋਣਗੇ।"
ਦੂਜੇ ਪਾਸੇ, ਬਿੱਟੂ ਦੇ ਇਸ ਬਿਆਨ 'ਤੇ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭਾਈ ਦਿਲਾਵਰ ਸਿੰਘ ਦੀ ਯਾਦ ਵਿੱਚ ਰੱਖੇ ਗਏ ਸਮਾਗਮ ਅਤੇ ਭੋਗ ਤੋਂ ਬਾਅਦ ਹਵਾਰਾ ਦੇ ਧਰਮੀ ਪਿਤਾ ਗੁਰਚਰਨ ਸਿੰਘ ਨੇ ਰਵਨੀਤ ਬਿੱਟੂ ਦੇ ਦਾਅਵਿਆਂ 'ਤੇ ਪਲਟਵਾਰ ਕੀਤਾ। ਉਨ੍ਹਾਂ ਰਵਨੀਤ ਬਿੱਟੂ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਉਹ ਕਰਮਾਂ ਦੀ ਗੱਲ ਕਰਦੇ ਹਨ, ਤਾਂ ਉਨ੍ਹਾਂ ਨੂੰ ਉਸ ਕਾਂਗਰਸ ਪਾਰਟੀ ਦੇ ਕਰਮਾਂ ਬਾਰੇ ਵੀ ਜਵਾਬ ਦੇਣਾ ਚਾਹੀਦਾ ਹੈ ਜਿਸ ਵਿੱਚ ਉਹ ਲੰਮਾ ਸਮਾਂ ਰਹੇ ਹਨ ਅਤੇ ਜਿਸ ਪਾਰਟੀ ਦੇ ਉਨ੍ਹਾਂ ਦੇ ਦਾਦਾ ਮੁੱਖ ਮੰਤਰੀ ਸਨ।
ਗੁਰਚਰਨ ਸਿੰਘ ਨੇ ਕਿਹਾ, "ਕੀ ਕਾਂਗਰਸ ਪਾਰਟੀ ਨੇ 1984 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਨਹੀਂ ਸੀ ਕੀਤਾ? ਕੀ ਉਸ ਵੇਲੇ ਹਜ਼ਾਰਾਂ ਬੇਦੋਸ਼ੇ ਨੌਜਵਾਨਾਂ ਦਾ ਘਾਣ ਨਹੀਂ ਸੀ ਹੋਇਆ?" ਉਨ੍ਹਾਂ ਆਖਿਆ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਅਤੇ ਬੰਦੀ ਸਿੰਘਾਂ ਦੀ ਰਾਖੀ ਅਤੇ ਰਿਹਾਈ ਦੀ ਮੰਗ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਤਾਰ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ।
- Download Babushahi App
-
-