ਬੀ.ਜੇ.ਪੀ. ਦੀ ਕਲਸ਼ ਸ਼ੋਭਾ ਯਾਤਰਾ ਨੂੰ ਦਿਹਾਤੀ ਛੋਹ ਦਿੱਤੀ ਗੁਰਦਰਸ਼ਨ ਸੈਣੀ ਨੇ, ਬੀ.ਜੇ.ਪੀ. ਨੂੰ ਦਿੱਤਾ ਨਵਾਂ ਅਕਸ; ਨਾਲੇ ਦਿਖਾਇਆ ਟਰੈਕਟਰ ਚਲਾਉਣਾ ਵੀ ਨਹੀਂ ਭੁੱਲੇ
ਟਰੈਕਟਰ 'ਤੇ ਕੀਤੀ ਅਗਵਾਈ ਸਭ ਤੋਂ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਪਹਿਲੂ ਬਣੀ
ਬਾਬੂਸ਼ਾਹੀ ਨੈੱਟਵਰਕ ਬਿਊਰੋ
ਚੰਡੀਗੜ੍ਹ, 5 ਅਗਸਤ, 2026: ਬੀ.ਜੇ.ਪੀ. ਨੇ ਪੰਜਾਬ ਵਿੱਚ ਜਦੋਂ ਤੋਂ ਆਪਣਾ ਘੇਰਾ ਸ਼ਹਿਰੀ ਹਿੰਦੂ ਆਧਾਰ ਤੋਂ ਬਾਹਰ ਨਿਕਲ ਕੇ ਪੰਜਾਬੀ ਸਮਾਜ ਦੇ ਹੋਰ ਵਰਗਾਂ ਅਤੇ ਖ਼ਾਸ ਕਰਕੇ ਦਿਹਾਤ ਨਾਲ ਜੁੜੇ ਨੇਤਾ ਤੇ ਵਰਕਰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨੇ ਅਤੇ ਸਰਗਰਮ ਕਰਨੇ ਸ਼ੁਰੂ ਕੀਤੇ ਹਨ, ਇਸ ਨਾਲ ਇਸ ਦੇ ਕਾਰ-ਵਿਹਾਰ ਦੇ ਤੌਰ-ਤਰੀਕੇ ਅਤੇ ਦਿੱਖ ਵੀ ਬਦਲਦੀ ਦਿਖਾਈ ਦੇ ਰਹੀ ਹੈ। ਜੇਕਰ ਪਾਰਟੀ ਹਾਈਕਮਾਂਡ ਨੇ ਲੀਹ ਤੋਂ ਹਟ ਕੇ ਕੇਵਲ ਢਿੱਲੋਂ ਨੂੰ ਸੂਬਾ ਪ੍ਰਧਾਨ ਬਣਾ ਕੇ ਜਾਣਿਆ-ਪਛਾਣਿਆ ਇੱਕ ਜੱਟ-ਸਿੱਖ ਚਿਹਰਾ ਅੱਗੇ ਲਾਇਆ ਹੈ, ਉੱਥੇ ਕਾਫ਼ੀ ਹਲਕਿਆਂ ਵਿੱਚ ਵੱਖ-ਵੱਖ ਵਰਗਾਂ ਨਾਲ ਸਬੰਧਤ ਦਿਹਾਤੀ ਪਿਛੋਕੜ ਵਾਲੇ ਦਸਤਾਰਧਾਰੀ ਲੋਕਲ ਆਗੂਆਂ ਨੂੰ ਸਰਗਰਮ ਕਰਕੇ ਪਾਰਟੀ ਦਾ ਅਕਸ ਬਦਲਣ ਦੇ ਯਤਨ ਵੀ ਕੀਤੇ ਹਨ। ਇਸ ਮਾਮਲੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਅਹਿਮ ਰੋਲ ਨਿਭਾ ਰਹੇ ਹਨ, ਉਹ ਖ਼ਾਸ ਕਰਕੇ B.C. ਵਰਗ ਨਾਲ ਜੁੜੇ ਲੋਕਾਂ ਲਈ ਖਿੱਚ ਦਾ ਸਬੱਬ ਬਣੇ ਹੋਏ ਹਨ।
ਅਜਿਹੀ ਹੀ ਇੱਕ ਮਿਸਾਲ ਡੇਰਾਬੱਸੀ ਵਿਧਾਨ ਸਭਾ ਹਲਕੇ ਵਿੱਚ ਬੀ.ਜੇ.ਪੀ. ਨੇ ਪੇਸ਼ ਕੀਤੀ ਹੈ। ਨਾਇਬ ਸਿੰਘ ਸੈਣੀ ਦੀ ਪਹਿਲਕਦਮੀ 'ਤੇ ਨਾਮਵਰ ਟਿਊਬਵੈੱਲ ਇੰਜੀਨੀਅਰ ਅਤੇ ਪੱਕੇ ਅਕਾਲੀ ਰਹੇ ਸਵਰਗੀ ਗੁਰਨਾਮ ਸਿੰਘ ਡੇਰਾਬੱਸੀ ਦੇ ਸਪੁੱਤਰ ਗੁਰਦਰਸ਼ਨ ਸਿੰਘ ਸੈਣੀ ਨੂੰ ਪਿਛਲੇ ਵਰ੍ਹੇ ਬੀ.ਜੇ.ਪੀ. ਵਿੱਚ ਸ਼ਾਮਲ ਕਰਕੇ ਅਤੇ ਪੂਰੀ ਥਾਪੀ ਦੇ ਕੇ ਸਰਗਰਮ ਕਰਕੇ, ਇਸ ਇਲਾਕੇ ਵਿੱਚ ਪਾਰਟੀ ਨੂੰ ਇੱਕ ਵੱਖਰੀ ਦਿੱਖ ਹੀ ਨਹੀਂ ਦਿੱਤੀ, ਸਗੋਂ ਇਸ ਦੇ ਆਮ ਕਾਰ-ਵਿਹਾਰ ਵਿੱਚ ਵੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ।
ਸਿੱਧੇ ਤੌਰ 'ਤੇ ਪਹਿਲੀ ਵਾਰ ਰਾਜਨੀਤੀ ਵਿੱਚ ਕੁੱਦਣ ਵਾਲੇ ਗੁਰਦਰਸ਼ਨ ਸੈਣੀ ਵੱਲੋਂ ਪਾਰਟੀ ਨੂੰ ਸਿਰਫ਼ ਸ਼ਹਿਰੀ ਹੀ ਨਹੀਂ, ਪੇਂਡੂ ਖੇਤਰ ਦੇ ਆਮ ਲੋਕਾਂ ਅਤੇ ਖ਼ਾਸ ਕਰਕੇ ਆਰਥਿਕ ਤੌਰ 'ਤੇ ਪਛੜੇ ਹੋਏ ਲੋਕਾਂ ਦੇ ਘਰਾਂ ਤੱਕ ਲੈ ਕੇ ਜਾਣ ਦੀਆਂ ਸਰਗਰਮੀਆਂ ਦੀਆਂ ਖ਼ਬਰਾਂ ਤਾਂ ਅਕਸਰ ਹੀ ਆਉਂਦੀਆਂ ਹਨ, ਪਰ ਪਾਰਟੀ ਵੱਲੋਂ ਪਹਿਲੀ ਅਗਸਤ ਨੂੰ ਸ਼ੁਰੂ ਕੀਤੀ ਸ੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ 'ਕਲਸ਼ ਸ਼ੋਭਾ ਯਾਤਰਾ' ਮੌਕੇ ਤਾਂ ਸੈਣੀ ਹੋਰਾਂ ਦਾ ਇੱਕ ਨਵੇਕਲਾ ਅੰਦਾਜ਼ ਸਾਹਮਣੇ ਆਇਆ, ਜਿਸ ਦੀ ਕਾਫ਼ੀ ਚਰਚਾ ਹੋਈ।
ਆਮ ਤੌਰ 'ਤੇ ਵੱਡੀਆਂ ਗੱਡੀਆਂ ਵਿੱਚ ਦਿਖਾਈ ਦਿੰਦੇ ਸੈਣੀ ਕਲਸ਼ ਯਾਤਰਾ ਵਾਲੇ ਟਰੈਕਟਰ ਦੀ ਡਰਾਈਵਿੰਗ ਸੀਟ 'ਤੇ ਜਾ ਬੈਠੇ। ਆਪਣੇ ਦੇਸੀ ਸੁਭਾਅ ਅਨੁਸਾਰ ਉਹ ਖ਼ੁਦ ਸਟੀਅਰਿੰਗ ਫੜ ਕੇ ਟਰੈਕਟਰ ਚਲਾ ਕੇ ਝਰਮੜੀ ਤੋਂ ਡੇਰਾਬੱਸੀ ਹੁੰਦੇ ਹੋਏ ਚੰਡੀਗੜ੍ਹ ਤੱਕ ਅਗਵਾਈ ਕਰਦੇ ਗਏ, ਜਿੱਥੇ ਪਾਰਟੀ ਨੇ ਸੂਬਾ ਪੱਧਰੀ ਸਮਾਗਮ ਰੱਖਿਆ ਹੋਇਆ ਸੀ।
ਝਰਮੜੀ ਤੋਂ ਪਵਿੱਤਰ ਕਲਸ਼ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਤਿੰਨ-ਚਾਰ ਘੰਟੇ ਆਪ ਟਰੈਕਟਰ ਚਲਾ ਕੇ ਸਮੁੱਚੇ ਕਾਫ਼ਲੇ ਅਤੇ ਸੰਗਤਾਂ ਦਾ ਮਾਰਗਦਰਸ਼ਨ ਕੀਤਾ, ਜਿਸ ਨੇ ਰੈਲੀ ਵਿੱਚ ਸ਼ਾਮਲ ਸ਼ਰਧਾਲੂਆਂ ਅੰਦਰ ਇੱਕ ਨਵਾਂ ਜੋਸ਼ ਅਤੇ ਉਤਸ਼ਾਹ ਭਰ ਦਿੱਤਾ। ਇਹ ਰੂਹਾਨੀ ਅਤੇ ਇਤਿਹਾਸਕ ਯਾਤਰਾ ਝਰਮੜੀ ਤੋਂ ਆਰੰਭ ਹੋ ਕੇ ਸ਼ਰਧਾ, ਜੈਕਾਰਿਆਂ ਅਤੇ ਫੁੱਲਾਂ ਦੀ ਵਰਖਾ ਦੇ ਵਿਚਕਾਰ ਅੱਗੇ ਵਧਦੀ ਹੋਈ ਸੈਕਟਰ 7, ਚੰਡੀਗੜ੍ਹ ਸਥਿਤ ਆਰੀਆ ਸਮਾਜ ਮੰਦਰ ਵਿਖੇ ਜਾ ਕੇ ਸੰਪੂਰਨ ਹੋਈ। ਰਸਤੇ ਵਿੱਚ ਵੱਖ-ਵੱਖ ਪੜਾਵਾਂ 'ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਈਆਂ ਸੰਗਤਾਂ ਵੱਲੋਂ ਪਵਿੱਤਰ ਮਿੱਟੀ ਦੇ ਕਲਸ਼ ਦਾ ਭਾਵੁਕ ਅਤੇ ਭਰਵਾਂ ਸਵਾਗਤ ਕੀਤਾ ਗਿਆ। ਇਹ ਇਸ ਪੰਜਾਬ ਪੱਧਰੀ ਸਮਾਗਮ ਅਤੇ ਵਿਸ਼ਾਲ ਰੈਲੀ ਦਾ ਸਭ ਤੋਂ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਪਹਿਲੂ ਵੀ ਬਣ ਗਿਆ, ਜਿਸ ਨੇ ਬੀ.ਜੇ.ਪੀ. ਦੇ ਅਕਸ ਨੂੰ ਨਵਾਂ ਸਿਆਸੀ ਹੁਲਾਰਾ ਵੀ ਦਿੱਤਾ।
- Download Babushahi App
-
-