ਰੋਪੜ ਸਰਕਾਰੀ ਕਾਲਜ ਦੇ ਇਤਿਹਾਸਕ ਖੇਡ ਮੈਦਾਨ ਲਈ ਅੱਗੇ ਆਏ ਹਰਭਜਨ ਸਿੰਘ
ਲਾਲਪੁਰਾ ਨੇ ਵਿਧਾਇਕ ਨੂੰ ਦਿੱਤੀ ਖੁੱਲ੍ਹੀ ਚੁਣੌਤੀ – ਪੰਜਾਬ ਸਰਕਾਰ ਦੇ ਫੰਡਾਂ ਨਾਲ ਬਣਿਆ ਇੱਕ ਵੀ ਮੈਦਾਨ ਸਾਬਤ ਕਰ ਦਿਓ , ਕੇਂਦਰ ਖਿਡਾਰੀਆਂ ਨਾਲ ਖੜ੍ਹਾ, ਪੰਜਾਬ ਸਰਕਾਰ ਸਿਰਫ਼ ਸਿਹਰਾ ਲੈਣ ਵਿੱਚ ਰੁੱਝੀ
ਮਨਪ੍ਰੀਤ ਸਿੰਘ
ਰੂਪਨਗਰ, 4 ਅਗਸਤ 2026- ਭਾਰਤੀ ਜਨਤਾ ਪਾਰਟੀ ਰੂਪਨਗਰ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਰਾਜ ਸਭਾ ਮੈਂਬਰ ਅਤੇ ਵਿਸ਼ਵ ਪ੍ਰਸਿੱਧ ਕ੍ਰਿਕਟਰ ਹਰਭਜਨ ਸਿੰਘ ਨਾਲ ਨਿੱਜੀ ਮੁਲਾਕਾਤ ਕਰਕੇ ਰੂਪਨਗਰ ਦੇ ਇਤਿਹਾਸਕ ਸਰਕਾਰੀ ਕਾਲਜ ਖੇਡ ਮੈਦਾਨ ਦੇ ਮੁੱਦੇ 'ਤੇ ਵਿਸਥਾਰ ਨਾਲ ਚਰਚਾ ਕੀਤੀ। ਲਾਲਪੁਰਾ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਹਰਭਜਨ ਸਿੰਘ ਜੀ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਭੇਜਿਆ ਗਿਆ ਅਧਿਕਾਰਕ ਪੱਤਰ ਵੀ ਸੌਂਪਿਆ ਗਿਆ, ਜਿਸ ਵਿੱਚ ਸਰਕਾਰੀ ਕਾਲਜ ਰੂਪਨਗਰ ਦੇ ਖੇਡ ਮੈਦਾਨ ਦੀ ਤੁਰੰਤ ਮੁਰੰਮਤ, ਬਹਾਲੀ ਅਤੇ ਸੁਧਾਰ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਪੱਤਰ ਦਿਖਾਉਂਦਿਆਂ ਦੱਸਿਆ ਕਿ ਹਰਭਜਨ ਸਿੰਘ ਨੇ ਸਪੱਸ਼ਟ ਲਿਖਿਆ ਹੈ ਕਿ ਹਾਲ ਹੀ ਵਿੱਚ ਹੋਏ ਇੱਕ ਪ੍ਰੋਗਰਾਮ ਤੋਂ ਬਾਅਦ ਮੈਦਾਨ ਦੀ ਹਾਲਤ ਕਾਫ਼ੀ ਖਰਾਬ ਹੋ ਗਈ ਹੈ, ਜਿਸ ਕਾਰਨ ਖਿਡਾਰੀਆਂ ਦੀ ਨਿਯਮਿਤ ਪ੍ਰੈਕਟਿਸ ਪ੍ਰਭਾਵਿਤ ਹੋ ਰਹੀ ਹੈ ਅਤੇ ਇਹ ਸਥਿਤੀ ਤੁਰੰਤ ਠੀਕ ਕੀਤੀ ਜਾਣੀ ਚਾਹੀਦੀ ਹੈ। ਲਾਲਪੁਰਾ ਨੇ ਕਿਹਾ ਕਿ ਹਰਭਜਨ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਮੈਦਾਨ ਦੀ ਮੁਰੰਮਤ ਲਈ ਲੋੜੀਂਦੇ ਕੰਮਾਂ ਦਾ ਅੰਦਾਜ਼ਨ ਖਰਚਾ ਤਿਆਰ ਕਰਕੇ ਉਨ੍ਹਾਂ ਦੇ ਦਫ਼ਤਰ ਨੂੰ ਭੇਜਣ ਲਈ ਵੀ ਕਿਹਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਜਿਵੇਂ ਹੀ ਅੰਦਾਜ਼ਨ ਰਕਮ ਮਿਲੇਗੀ, ਉਹ ਆਪਣੇ ਪੱਧਰ 'ਤੇ ਹਰ ਸੰਭਵ ਵਿੱਤੀ ਸਹਿਯੋਗ ਮੁਹੱਈਆ ਕਰਵਾਉਣ ਲਈ ਯਤਨ ਕਰਨਗੇ ਤਾਂ ਜੋ ਰੂਪਨਗਰ ਦੇ ਨੌਜਵਾਨ ਖਿਡਾਰੀਆਂ ਨੂੰ ਵਧੀਆ ਖੇਡ ਸਹੂਲਤਾਂ ਮਿਲ ਸਕਣ। ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ, "ਦੇਸ਼ ਦਾ ਮਾਣ, ਮੇਰੇ ਭਰਾ ਸਰੂਪ ਟਰਬਨੇਟਰ ਹਰਭਜਨ ਸਿੰਘ ਜੀ ਨੂੰ ਅੱਜ ਨਿੱਜੀ ਤੌਰ 'ਤੇ ਮਿਲ ਕੇ ਦਿਲੋਂ ਧੰਨਵਾਦ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਾਡੇ ਰੂਪਨਗਰ ਦਾ ਪਛੜਾ ਇਲਾਕਾ, ਜਿਸ ਦੀ ਕਦੇ ਕਿਸੇ ਵੱਡੇ ਆਗੂ ਨੇ ਸਾਰ ਨਹੀਂ ਲਈ ਅਤੇ ਜੋ ਪਿਛਲੇ ਦੋ ਦਹਾਕਿਆਂ ਤੋਂ ਲੁੱਟ ਅਤੇ ਕਸੁੱਟ ਦਾ ਸ਼ਿਕਾਰ ਰਿਹਾ, ਉਸ ਪ੍ਰਤੀ ਭਾਅ ਜੀ ਨੇ ਸੰਜੀਦਗੀ ਨਾਲ ਦੇਸ਼ ਅਤੇ ਪੰਜਾਬ ਦੀ ਜਰਖੇਜ਼ ਧਰਤੀ ਨਾਲ ਆਪਣਾ ਪਿਆਰ ਦਿਖਾਉਂਦਿਆਂ ਰੂਪਨਗਰ ਦੇ ਇਤਿਹਾਸਕ ਖੇਡ ਮੈਦਾਨ ਦੇ ਮੁੱਦੇ ਨੂੰ ਆਪਣਾ ਫ਼ਰਜ਼ ਸਮਝਿਆ ਹੈ। ਅੱਜ ਮੈਂ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਖਾਲਸਾ ਪੰਥ ਦੀ ਪਵਿੱਤਰ ਧਰਤੀ ਅਤੇ ਇੱਥੋਂ ਦੇ ਨੌਜਵਾਨਾਂ ਲਈ ਉਹ ਹਮੇਸ਼ਾਂ ਤਤਪਰ ਰਹਿਣਗੇ।" ਲਾਲਪੁਰਾ ਨੇ ਕਿਹਾ ਕਿ ਭਾਜਪਾ ਸਿਰਫ਼ ਰਾਜਨੀਤੀ ਨਹੀਂ ਕਰਦੀ, ਸਗੋਂ ਰੂਪਨਗਰ ਦੇ ਨੌਜਵਾਨਾਂ, ਖਿਡਾਰੀਆਂ ਅਤੇ ਵਿਕਾਸ ਦੇ ਮੁੱਦਿਆਂ ਲਈ ਗੰਭੀਰਤਾ ਨਾਲ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਹਰਭਜਨ ਸਿੰਘ ਵਰਗੇ ਦੇਸ਼ ਦੇ ਮਹਾਨ ਖਿਡਾਰੀ ਦਾ ਇਸ ਮੈਦਾਨ ਲਈ ਖੁਦ ਪਹਿਲ ਕਰਨਾ ਇਹ ਸਾਬਤ ਕਰਦਾ ਹੈ ਕਿ ਉਹ ਰੂਪਨਗਰ ਦੇ ਭਵਿੱਖ ਅਤੇ ਇੱਥੋਂ ਦੇ ਖਿਡਾਰੀਆਂ ਦੀ ਚਿੰਤਾ ਕਰਦੇ ਹਨ। ਇਸ ਦੌਰਾਨ ਲਾਲਪੁਰਾ ਨੇ ਪੰਜਾਬ ਸਰਕਾਰ ਅਤੇ ਸਥਾਨਕ ਵਿਧਾਇਕ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਵਿਧਾਇਕ ਸੋਸ਼ਲ ਮੀਡੀਆ 'ਤੇ ਪਿੰਡਾਂ ਦੇ ਖੇਡ ਮੈਦਾਨਾਂ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਲੋਕਾਂ ਨੂੰ ਇਹ ਨਹੀਂ ਦੱਸਦੇ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮੈਦਾਨ ਕੇਂਦਰ ਸਰਕਾਰ ਦੀਆਂ ਮਨਰੇਗਾ, ਵਿੱਤ ਕਮਿਸ਼ਨ ਅਤੇ ਹੋਰ ਕੇਂਦਰੀ ਯੋਜਨਾਵਾਂ ਦੇ ਫੰਡਾਂ ਨਾਲ ਬਣੇ ਹਨ। ਲਾਲਪੁਰਾ ਨੇ ਕਿਹਾ, "ਮੇਰੇ ਕੋਲ ਹਲਕੇ ਦੇ ਹਰ ਖੇਡ ਮੈਦਾਨ ਦੀ ਪੂਰੀ ਫਾਈਲ, ਮਨਜ਼ੂਰੀਆਂ ਅਤੇ ਭੁਗਤਾਨਾਂ ਦਾ ਰਿਕਾਰਡ ਮੌਜੂਦ ਹੈ। ਮੈਂ ਵਿਧਾਇਕ ਨੂੰ ਖੁੱਲ੍ਹੀ ਚੁਣੌਤੀ ਦਿੰਦਾ ਹਾਂ ਕਿ ਉਹ ਸਾਬਤ ਕਰਨ ਕਿ ਕਿੰਨੇ ਖੇਡ ਮੈਦਾਨ ਪੰਜਾਬ ਸਰਕਾਰ ਦੇ ਆਪਣੇ ਫੰਡਾਂ ਨਾਲ ਬਣੇ ਹਨ। ਉਹ ਇਹ ਵੀ ਦੱਸਣ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਮੈਦਾਨਾਂ ਲਈ ਆਪਣੇ ਖ਼ਜ਼ਾਨੇ ਵਿੱਚੋਂ ਕਿੰਨੀ ਰਕਮ ਦਿੱਤੀ ਹੈ। ਲੋਕਾਂ ਨੂੰ ਗੁੰਮਰਾਹ ਕਰਕੇ ਕੇਂਦਰ ਸਰਕਾਰ ਦੇ ਪੈਸਿਆਂ ਦਾ ਸਿਹਰਾ ਲੈਣਾ ਬੰਦ ਕਰਨਾ ਚਾਹੀਦਾ ਹੈ।"ਲਾਲਪੁਰਾ ਨੇ ਕਿਹਾ ਕਿ ਹਰਭਜਨ ਸਿੰਘ ਨੇ ਉਨ੍ਹਾਂ ਨੂੰ ਪੂਰਾ ਭਰੋਸਾ ਦਿੱਤਾ ਹੈ ਕਿ ਰੂਪਨਗਰ ਦੇ ਇਤਿਹਾਸਕ ਖੇਡ ਮੈਦਾਨ ਦੀ ਬਹਾਲੀ ਲਈ ਉਹ ਹਰ ਸੰਭਵ ਸਹਿਯੋਗ ਦੇਣਗੇ ਅਤੇ ਨੌਜਵਾਨ ਖਿਡਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਹਮੇਸ਼ਾਂ ਮੋਹਰੀ ਭੂਮਿਕਾ ਨਿਭਾਉਣਗੇ। ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਹਰਭਜਨ ਸਿੰਘ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਪੰਜਾਬ ਦੀ ਸੇਵਾ ਕਰਨ ਦਾ ਹੋਰ ਬਲ ਬਖ਼ਸ਼ਣ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਰੂਪਨਗਰ ਦੇ ਸਰਕਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਅਤੇ ਨੂਰਪੁਰ ਬੇਦੀ ਸਰਕਲ ਪ੍ਰਧਾਨ ਧਰਮਿੰਦਰ ਸਿੰਘ ਭਿੰਦਾ ਵੀ ਮੌਜੂਦ ਸਨ।
- Download Babushahi App
-
-