ਬਿਜਲੀ ਮੁਲਾਜ਼ਮਾਂ ਦੇ ਪੰਜਾਬ ਸਰਕਾਰ ਖਿਲਾਫ ਸਮੂਹਿਕ ਛੁੱਟੀ ਐਕਸ਼ਨ ਨੂੰ ਭਰਪੂਰ ਹੰਗਾਰੇ ਦਾ ਦਾਅਵਾ
ਅਸ਼ੋਕ ਵਰਮਾ
ਬਰਨਾਲਾ ,21 ਜੁਲਾਈ 2026 : ਪੀ.ਐੱਸ.ਈ.ਬੀ ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ:24), ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਯੂਨੀਅਨ, ਮੁਲਾਜ਼ਮ ਯੂਨਾਈਟਡ ਆਰਗੇਨਾਈਜੇਸ਼ਨ ਦੇ ਸੱਦੇ ਤੇ ਬਿਜਲੀ ਕਾਮਿਆਂ ਨੇ 21-22 ਜੁਲਾਈ ਦੀ ਦੋ ਰੋਜ਼ਾ ਸਮੂਹਿਕ ਛੁੱਟੀ ਸੰਘਰਸ਼ ਦੀ ਕੜੀ ਵਜੋਂ ਅੱਜ ਪਹਿਲੇ ਦਿਨ 21 ਜੁਲਾਈ ਨੂੰ 83% ਕਾਮਿਆਂ ਨੇ ਭਾਗ ਲਿਆ। 66 ਕੇਵੀ ਗਰਿੱਡ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਇੰਜ ਰਾਜੇਸ਼ ਕੁਮਾਰ ਦੀ ਅਗਵਾਈ ਵਿੱਚ ਸਾਂਝੀ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਤਿੰਦਰ ਪਾਲ ਸਿੰਘ ਜੱਸੜ, ਗੁਰਬਿੰਦਰ ਸਿੰਘ ਸੰਧੂ, ਅਮਨਿੰਦਰ ਸਿੰਘ ਬਲਿੰਗ, ਕੁਲਵੰਤ ਸਿੰਘ ਢਿੱਲਵਾਂ, ਕੁਲਵਿੰਦਰ ਸਿੰਘ ਠੀਕਰੀਵਾਲਾ, ਹਾਕਮ ਸਿੰਘ 'ਨੂਰ', ਰਾਜ ਸਿੰਘ ਧਨੌਲਾ, ਕੁਲਵੀਰ ਸਿੰਘ ਔਲਖ, ਹਰਬੰਸ ਸਿੰਘ ਦੀਦਾਰ ਗੜ੍ਹ, ਹਰਜੀਤ ਸਿੰਘ ਵਜੀਦਕੇ, ਸੁਖਦਰਸ਼ਨ ਸਿੰਘ, ਜਗਤਾਰ ਸਿੰਘ ਖੇੜੀ ਆਦਿ ਆਗੂਆਂ ਨੇ ਕਿ ਹੁਣ ਇਕੱਠੇ ਹੋ ਕੇ ਸੰਘਰਸ਼ ਨੂੰ ਤੇਜ਼ ਕਰਨ ਦਾ ਸਮਾਂ ਆ ਗਿਆ ਹੈ।
ਉਹਨਾਂ ਕਿਹਾ ਕਿ ਪਾਵਰਕੌਮ ਦੀ ਮਨੈਜਮੈਂਟ ਅਤੇ ਪੰਜਾਬ ਸਰਕਾਰ ਕੋਲੋਂ ਸੰਘਰਸ਼ ਦੇ ਦਬਾਅ ਸਦਕਾ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਇਆ ਜਾ ਸਕਦਾ ਹੈ। ਪੰਜਾਬ ਸਰਕਾਰ ਅਤੇ ਪਾਵਰਕਾਮ ਮਨੇਜਮੈਂਟ ਮੁਲਾਜ਼ਮਾਂ ਨੂੰ ਕੁੱਝ ਦੇਣ ਦੀ ਬਜਾਏ, ਜੋ ਕੁੱਝ ਪਹਿਲਾਂ ਲੰਬੇ ਅਤੇ ਸਿਰੜੀ ਸੰਘਰਸ਼ਾਂ ਦੀ ਬਦੌਲਤ ਮਿਲ ਰਿਹਾ ਹੈ ਉਸ ਨੂੰ ਖੋਹਣ ਲਈ ਤਿਆਰ ਬੈਠੀ ਹੈ। ਬਿਜਲੀ ਮੁਲਾਜ਼ਮ ਪਾਵਰਕੌਮ ਦੀ ਮਨੇਜਮੈਂਟ ਦੇ ਅਜਿਹੇ ਮੁਲਾਜ਼ਮ ਵਿਰੋਧੀ ਫੈਸਲਿਆਂ ਦਾ ਸੰਘਰਸ਼ ਰਾਹੀਂ ਮੂੰਹ ਤੋੜਵਾਂ ਜਵਾਬ ਦੇਣਗੇ। ਸੰਘਰਸ਼ ਦਾ ਇਸ ਪੜਾਅ ਵਜੋਂ 22 ਜੁਲਾਈ ਨੂੰ ਵੀ ਸਮੂਹ ਬਿਜਲੀ ਕਾਮੇ ਦੋ ਰੋਜ਼ਾ ਸਮੂਹਿਕ ਛੁੱਟੀ ਕਰਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮਨੈਜਮੈਟ ਵਿਰੁੱਧ ਸੰਘਰਸ਼ ਜਾਰੀ ਰੱਖਣਗੇ।
ਇਸੇ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਗੌਰੀ ਸ਼ੰਕਰ, ਮੋਹਣ ਸਿੰਘ ਛੰਨਾਂ, ਇੰਜ ਬਲਜੀਤ ਸਿੰਘ ਛੀਨੀਵਾਲ, ਸੂਰਜ ਸਿੰਘ, ਗੌਰਵ ਕੁਮਾਰ, ਰਮਨਪ੍ਰੀਤ ਕੌਰ, ਕਮਲਪ੍ਰੀਤ ਕੌਰ, ਇੰਜ ਹਰਭੋਲ ਸਿੰਘ, ਸੁਖਜੰਟ ਸਿੰਘ ਪੈਨਸ਼ਨਰ ਯੂਨੀਅਨ ਏਟਕ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮਨੇਜਮੈਂਟ ਤੋਂ ਜ਼ੋਰਦਾਰ ਮੰਗ ਕੀਤੀ ਕਿ ਬਿਜਲੀ ਕਾਮਿਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਵਾਨ ਕਰਨ ਦੇ ਨਾਲ ਨਾਲ, ਸੰਘਰਸ਼ ਕਰ ਰਹੇ ਪਾਵਰਕਾਮ ਐਂਡ ਟਰਾਸਕੋ ਆਊਟਸੋਰਸਿੰਗ ਮੁਲਾਜਮ ਤਾਲਮੇਲ ਕਮੇਟੀ ਪੰਜਾਬ ਦੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਇਨ੍ਹਾਂ ਕਾਮਿਆਂ ਨੂੰ ਠੇਕੇਦਾਰੀ ਸਿਸਟਮ ਤੋਂ ਪਾਵਰਕਾਮ ਵਿੱਚ ਸਿੱਧਾ ਭਰਤੀ ਕੀਤਾ ਜਾਵੇ। ਸਾਰੇ ਸਾਥੀਆਂ ਨੂੰ ਆਉਣ ਵਾਲੇ ਸੰਘਰਸ਼ ਪ੍ਰੋਗਰਾਮ ਨੂੰ ਤਨਦੇਹੀ ਨਾਲ ਲਾਗੂ ਕਰਨ ਦਾ ਸੱਦਾ ਦਿੰਦੇ ਹੋਏ ਦੱਸਿਆ ਕਿ ਅੱਜ 21 ਜੁਲਾਈ ਤਕਨੀਕੀ ਅਤੇ ਦਫ਼ਤਰੀ ਕਾਮਿਆਂ ਵੱਲੋਂ ਸਮੂਹਿਕ ਛੁੱਟੀ ਤੇ ਜਾਣ ਕਰਕੇ ਪਹਿਲੇ ਦਿਨ ਫੀਲਡ ਦੇ ਕੰਮ, ਗਰਿੱਡ ਅਤੇ ਕੈਸ਼ ਕਾਊਂਟਰ ਬੰਦ ਰਹੇ।
ਆਗੂਆਂ ਜ਼ੋਰ ਦੇਕੇ ਕਿਹਾ ਬਿਜਲੀ ਕਾਮਿਆਂ ਦੀ ਸਮੂਹਿਕ ਛੁੱਟੀ 22 ਜੁਲਾਈ ਤੱਕ ਜਾਰੀ ਰਹੇਗੀ। ਪਾਵਰਕੌਮ ਦੀ ਮਨੈਜਮੈਂਟ ਅਤੇ ਪੰਜਾਬ ਸਰਕਾਰ ਨੇ ਬਿਜਲੀ ਕਾਮਿਆਂ ਦੀਆਂ ਹੱਕੀ ਅਤੇ ਜਾਇਜ ਪ੍ਰਵਾਨ ਨਾ ਕੀਤੀਆਂ ਤਾਂ ਇਹ ਸਮੂਹਿਕ ਛੁੱਟੀ ਸੂਬਾ ਕਮੇਟੀ ਦੇ ਆਦੇਸ਼ ਅਨੁਸਾਰ ਅੱਗੇ ਵੀ ਵਧਾਈ ਜਾ ਸਕਦੀ ਹੈ। ਝੋਨੇ ਦੇ ਸੀਜ਼ਨ ਵਿੱਚ ਅਜਿਹੀ ਸਥਿਤੀ ਪੈਦਾ ਕਰਨ ਲਈ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਮੁਲਾਜ਼ਮ ਵਿਰੋਧੀ ਹੱਠੀ ਰਵੱਈਆ ਜ਼ਿੰਮੇਵਾਰ ਹੈ। ਰੈਲੀ ਦੇ ਅਖੀਰ ਵਿੱਚ ਦਿੱਲੀ ਵਿਖੇ ਮੋਦੀ ਸਰਕਾਰ ਦੇ ਇਸ਼ਾਰਿਆਂ ਤੇ ਜੰਤਰ ਮੰਤਰ ਤੋਂ ਸੰਸਦ ਵੱਲ ਮਾਰਚ ਕਰ ਰਹੇ ਵਿਦਿਆਰਥੀਆਂ/ਨੌਜਵਾਨਾਂ 'ਤੇ ਅੰਨ੍ਹਾ ਤਸ਼ੱਦਦ ਕਰਨ ਦੇ ਰੋਸ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੀ ਅਰਥੀ ਫੂਕੀ ਗਈ। ਸਟੇਜ ਦੀ ਸਮੁੱਚੀ ਕਾਰਵਾਈ ਇੰਜ ਸੁਖਵਿੰਦਰ ਸਿੰਘ ਸੰਘੇੜਾ ਨੇ ਨਿਭਾਈ।
- Download Babushahi App
-
-