ਬਰਾਬਰ ਕੰਮ ਬਰਾਬਰ ਤਨਖਾਹ ਸਾਡਾ ਬੁਨਿਆਦੀ ਹੱਕ: ਐਨ.ਐਚ.ਐਮ. ਮੁਲਾਜ਼ਮ
ਅਸ਼ੋਕ ਵਰਮਾ
ਗੋਨਿਆਣਾ, 31 ਅਗਸਤ 2026 : ਪਿਛਲੇ 19 ਦਿਨ ਤੋਂ ਕਲਮ/ ਕੰਪਿਊਟਰ ਛੋੜ ਹੜਤਾਲ 'ਤੇ ਚੱਲ ਰਹੇ ਸਿਹਤ ਵਿਭਾਗ ਦੇ ਐਨ.ਐਚ.ਐਮ. ਕਾਮਿਆਂ ਨੇ ਕਿਹਾ ਕਿ ਬਰਾਬਰ ਕੰਮ ਬਰਾਬਰ ਤਨਖਾਹ ਉਨ੍ਹਾਂ ਦਾ ਬੁਨਿਆਦੀ ਹੱਕ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਤਕਰੀਬਨ ਸਾਰੇ ਹੀ ਵਿੰਗਾਂ ਵਿੱਚ ਜ਼ਿਆਦਾਤਰ ਐਨ.ਐਚ.ਐਮ. ਦਾ ਸਟਾਫ਼ ਹੀ ਸਿਹਤ ਸਹੂਲਤਾਂ ਦੇਣ ਵਿੱਚ ਆਪਣੀ ਭੂਮਿਕਾ ਨਿਭਾਅ ਰਿਹਾ ਹੈ ਪਰ ਵਿਭਾਗ ਵੱਲੋਂ ਇੰਨ੍ਹਾਂ ਨੂੰ ਤਨਖਾਹ ਦੇਣ ਵਿੱਚ ਵੱਡਾ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਐਨ.ਐਚ.ਐਮ. ਦੇ ਫੰਡਾਂ ਦੇ ਸਹਾਰੇ ਸਿਹਤ ਵਿਭਾਗ ਚੱਲ ਰਿਹਾ ਹੈ ਪਰ ਉਸ ਦੇ ਕਾਮਿਆਂ ਨੂੰ ਆਪਣੇ ਹੱਕਾਂ ਲਈ ਲੜਣਾ ਪੈ ਰਿਹਾ ਹੈ।
ਪੱਤਰਕਾਰਾਂ ਨੂੰ ਆਪਣੀ ਦਰਦ ਕਹਾਣੀ ਸੁਣਾਉਂਦਿਆਂ ਬੀ.ਐਸ.ਏ. ਬਲਜਿੰਦਰਜੀਤ ਸਿੰਘ ਅਤੇ ਬੀ.ਏ.ਸੀ. ਕੈਲਾਸ਼ ਬਾਬੂ ਨੇ ਕਿਹਾ ਕਿ ਐਨ.ਐਚ.ਐਮ. ਕਾਮੇ ਲੰਬੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ਦਿਨ ਪ੍ਰਤੀ ਵਧ ਰਹੀ ਹੈ ਪਰ ਸਰਕਾਰ ਵੱਲੋਂ ਉਨ੍ਹਾਂ ਦੀ ਤਨਖਾਹ ਵਿੱਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ।ਆਗੂਆਂ ਨੇ ਕਿਹਾ ਕਿ ਤਨਖਾਹ ਵੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜਦ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰੇਗੀ ਉਹ ਤਦ ਤੱਕ ਆਪਣਾ ਕੰਮ ਕਾਜ਼ ਠੱਪ ਰੱਖਣਗੇ।ਇਸ ਮੌਕੇ ਡਾ: ਦਿਨੇਸ਼ ਸੈਣੀ, ਡਾ: ਪੰਕਜ ਕੁਮਾਰ, ਕੰਪਿਊਟਰ ਆਪਰੇਟਰ ਮੋਹਣ ਸਿੰਘ, ਆਈ.ਏ. ਰਮਨਦੀਪ ਕੌਰ ਅਤੇ ਸਟਾਫ਼ ਨਰਸ ਸਿਮਰਜੀਤ ਕੌਰ ਸਮੇਤ ਹੋਰ ਐਨ.ਐਚ.ਐਮ. ਕਾਮੇ ਹਾਜ਼ਰ ਸਨ।
- Download Babushahi App
-
-