ਬਠਿੰਡਾ 'ਚ ਲੱਗਿਆ ਕਿਸਾਨ ਮੋਰਚਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਮਰਪਿਤ ਕਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 1 ਸਤੰਬਰ 2026 : ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਡੀਸੀ ਦਫਤਰ ਅੱਗੇ ਚੱਲ ਰਹੇ ਕਿਸਾਨ ਮੋਰਚੇ ਚ ਅੱਜ ਤੀਜੇ ਦਿਨ ਹੋਏ ਭਰਵੇਂ ਇਕੱਠ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਐਲਾਨ ਕੀਤਾ ਕਿ 4 ਸਤੰਬਰ ਨੂੰ ਮੋਰਚਾ ਮੁਲਾਜ਼ਮਾਂ, ਪੈਨਸ਼ਨਰਾਂ ਦੀਆਂ ਮੰਗਾਂ ਨੂੰ ਸਮਰਪਿਤ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਹੱਲ ਤਾਂ ਕੀ ਕਰਨੀਆਂ ਸਨ ਸਗੋਂ ਸਰਕਾਰ ਆਪਣੇ ਅੜੀਅਲ ਰਵਾਈਏ ਤਹਿਤ ਮੁਲਾਜਮਾਂ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੀਆਂ ਦੂਰ ਦੁਰਾਡੇ ਬਦਲੀਆਂ ਕਰ ਰਹੀ ਹੈ ਅਤੇ ਹੋਰ ਤਨਖਾਹ ਰੋਕਣ, ਉਹਨਾਂ ਖਿਲਾਫ ਵਿਭਾਗੀ ਕਾਨੂੰਨੀ ਕਾਰਵਾਈ ਵਰਗੇ ਢੰਗਾਂ ਰਾਹੀਂ ਜਲੀਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਦਾਲਤਾਂ ਵੱਲੋਂ ਮੁਲਾਜ਼ਮਾਂ ਦੇ ਹੱਕਾਂ ਵਿੱਚ ਕੀਤੇ ਫੈਸਲੇ ਵਿਰੁੱਧ ਉੱਚ ਅਦਾਲਤਾਂ ਵਿੱਚ ਅਪੀਲਾਂ ਪਾ ਰਹੀ ਹੈ।
ਝੰਡਾ ਸਿੰਘ ਨੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਸਮੂਹ ਮੁਲਾਜ਼ਮਾਂ, ਪੈਨਸ਼ਨਰਾਂ, ਠੇਕਾ ਮੁਲਾਜਮਾਂ ਅਤੇ ਹੋਰ ਸੰਘਰਸ਼ਸ਼ੀਲ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੱਲ ਰਹੇ ਮੋਰਚਿਆਂ ਵਿੱਚ 4 ਸਤੰਬਰ ਨੂੰ ਵੱਧ ਤੋ ਵੱਧ ਸਮੂਲੀਅਤ ਕਰਨ। ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਲੋਕਾਂ ਤੇ ਮੜ੍ਹੀਆਂ ਜਾ ਰਹੀਆਂ ਲੋਕ ਵਿਰੋਧੀ ਸ਼ਾਮਰਾਜੀ ਨੀਤੀਆਂ ਹੀ ਹਨ ਜੋ ਸਾਰੇ ਕਿਰਤੀ ਲੋਕਾਂ ਦੀ ਲੁੱਟ ਕਰਦੀਆਂ ਹਨ ਅਤੇ ਉਹਨਾਂ ਦੇ ਕੰਮਾਂ ਕਾਜਾਂ ਨੂੰ ਪ੍ਰਭਾਵਿਤ ਕਰਦੀਆਂ ਹਨ।
ਉਹਨਾਂ ਕਿਹਾ ਕਿ ਇਸ ਕਰਕੇ ਅਣਸਰਦੀ ਲੋੜ ਬਣਦੀ ਹੈ ਕਿ ਇਹਨਾਂ ਨੀਤੀਆਂ ਦੇ ਖਿਲਾਫ ਸਮੂਹ ਕਿਰਤੀ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ, ਦੁਕਾਨਦਾਰ, ਛੋਟੇ ਕਾਰੋਬਾਰੀਏ ਇਕੱਠੇ ਹੋ ਕੇ ਸਾਂਝੇ ਸੰਘਰਸਾਂ ਰਾਹੀਂ ਇਹਨਾਂ ਨੀਤੀਆਂ ਨੂੰ ਵਾਪਸ ਮੋੜੀਏ। ਬੁਲਾਰਿਆਂ ਨੇ ਇਸ ਮੌਕੇ ਭਾਰਤ ਸਰਕਾਰ ਤੋਂ ਵਿਸ਼ਵ ਵਪਾਰ ਸੰਸਥਾ ਚੋਂ ਬਾਹਰ ਆਉਣ
, ਅਮਰੀਕਾ ਭਾਰਤ ਸਮਝੌਤਾ ਵਾਰਤਾ ਰੱਦ ਕਰਨ, ਸਮੂਹ ਫਸਲਾਂ ਤੇ ਸੀ ਟੂ ਫਾਰਮੂਲੇ ਤਹਿਤ ਐਮਐਸਪੀ ਤੇ ਸਰਕਾਰੀ ਖਰੀਦ ਦੀ ਗਰੰਟੀ ਕਰਨ ਸਮੇਤ ਵੱਖ-ਵੱਖ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ।ਅੱਜ ਦੇ ਇਕੱਠ ਨੇ ਸੜਕ ਹਾਦਸੇ ਦੌਰਾਨ ਵਿਛੋੜਾ ਦੇ ਗਏ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਤੇ ਮਜਦੂਰ ਸਾਂਝੇ ਮੋਰਚੇ ਦੇ ਪ੍ਰਮੁੱਖ ਆਗੂ ਸਾਥੀ ਗੁਰਨਾਮ ਸਿੰਘ ਦਾਊਦ ਦੀ ਬੇਵਕਤ ਮੌਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ।
- Download Babushahi App
-
-