ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚੋਣਾਂ ਦੀ ਵੋਟਿੰਗ ਸਮਾਪਤ, ਦੇਰ ਸ਼ਾਮ ਤੱਕ ਆਉਣਗੇ ਨਤੀਜੇ
Prab Sidhu
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅੱਜ 31 ਅਗਸਤ ਨੂੰ ਵਿਦਿਆਰਥੀ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਗਈ ਹੈ। ਵੋਟਿੰਗ ਖ਼ਤਮ ਹੋਣ ਤੋਂ ਬਾਅਦ ਹੁਣ ਕਾਊਂਟਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦੇਰ ਸ਼ਾਮ ਤੱਕ ਚੋਣ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ। ਇਸ ਤੋਂ ਬਾਅਦ ਸਪੱਸ਼ਟ ਹੋ ਜਾਵੇਗਾ ਕਿ ਪ੍ਰੈਜ਼ੀਡੈਂਸ਼ੀਅਲ ਅਹੁਦੇ ਸਮੇਤ ਵੱਖ-ਵੱਖ ਅਹੁਦਿਆਂ ’ਤੇ ਕਿਹੜੇ ਉਮੀਦਵਾਰ ਜਿੱਤ ਦਰਜ ਕਰਦੇ ਹਨ।
ਪਿਛਲੀ ਵਾਰ ਨਾਲੋਂ 10 ਤੋਂ 15 ਫ਼ੀਸਦੀ ਘੱਟ ਰਹੀ ਪੋਲਿੰਗ
ਇਸ ਵਾਰ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿੱਚ ਪੋਲਿੰਗ ਪਿਛਲੀ ਵਾਰ ਦੇ ਮੁਕਾਬਲੇ ਲਗਭਗ 10 ਤੋਂ 15 ਫ਼ੀਸਦੀ ਘੱਟ ਰਹਿਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਦੀ ਇੱਕ ਵੱਡੀ ਵਜ੍ਹਾ ਲੌਂਗ ਵੀਕੈਂਡ ਦੱਸੀ ਜਾ ਰਹੀ ਹੈ।
ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਹੋਣ ਕਾਰਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਆਪਣੇ ਘਰਾਂ ਨੂੰ ਚਲੇ ਗਏ ਸਨ। ਕਈ ਵਿਦਿਆਰਥੀ ਸਮੇਂ ਸਿਰ ਯੂਨੀਵਰਸਿਟੀ ਵਾਪਸ ਨਹੀਂ ਪਹੁੰਚ ਸਕੇ, ਜਿਸ ਦਾ ਅਸਰ ਵੋਟਿੰਗ ਪ੍ਰਤੀਸ਼ਤ ’ਤੇ ਵੀ ਦੇਖਣ ਨੂੰ ਮਿਲਿਆ।
ਚੈਕਿੰਗ ਕਾਰਨ ਵੋਟ ਪਾਉਣ ਲਈ ਸਮੇਂ ਦੀ ਰਿਆਇਤ ਦੀ ਮੰਗ
ਇਸ ਦੌਰਾਨ ਯੂਨੀਵਰਸਿਟੀ ਕੈਂਪਸ ਵਿੱਚ ਕੁਝ ਵਿਦਿਆਰਥੀਆਂ ਅਤੇ ਪ੍ਰੈਜ਼ੀਡੈਂਸ਼ੀਅਲ ਉਮੀਦਵਾਰਾਂ ਵੱਲੋਂ ਪ੍ਰਸ਼ਾਸਨ ਸਾਹਮਣੇ ਸਮੇਂ ਨੂੰ ਲੈ ਕੇ ਮੰਗ ਵੀ ਰੱਖੀ ਗਈ।
ਉਨ੍ਹਾਂ ਦਾ ਕਹਿਣਾ ਸੀ ਕਿ ਜਿਹੜੇ ਵਿਦਿਆਰਥੀ ਆਪਣੇ ਘਰਾਂ ਤੋਂ ਵਾਪਸ ਆ ਕੇ ਯੂਨੀਵਰਸਿਟੀ ਪਹੁੰਚ ਰਹੇ ਸਨ, ਉਨ੍ਹਾਂ ਦੀ ਐਂਟਰੀ ਦੌਰਾਨ ਹੋਣ ਵਾਲੀ ਚੈਕਿੰਗ ਵਿੱਚ ਲਗਭਗ 10 ਤੋਂ 15 ਮਿੰਟ ਦਾ ਸਮਾਂ ਲੱਗਿਆ। ਇਸ ਕਾਰਨ ਕੁਝ ਵਿਦਿਆਰਥੀ ਵੋਟ ਪਾਉਣ ਤੋਂ ਵਾਂਝੇ ਰਹਿ ਗਏ।
ਇਸ ਲਈ ਉਮੀਦਵਾਰਾਂ ਅਤੇ ਕੁਝ ਵਿਦਿਆਰਥੀਆਂ ਵੱਲੋਂ ਮੰਗ ਕੀਤੀ ਗਈ ਕਿ ਅਜਿਹੇ ਵਿਦਿਆਰਥੀਆਂ ਨੂੰ 10 ਤੋਂ 15 ਮਿੰਟ ਦੀ ਰਿਆਇਤ ਦਿੱਤੀ ਜਾਵੇ, ਤਾਂ ਜੋ ਉਹ ਆਪਣੀ ਵੋਟ ਪਾ ਸਕਣ। ਹਾਲਾਂਕਿ, ਪ੍ਰਸ਼ਾਸਨ ਵੱਲੋਂ ਇਸ ਮੰਗ ’ਤੇ ਸਹਿਮਤੀ ਨਹੀਂ ਦਿੱਤੀ ਗਈ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਵੋਟ ਪਾਉਣ ਦੀ ਇਜਾਜ਼ਤ ਨਹੀਂ ਮਿਲੀ।
ਕਾਊਂਟਿੰਗ ਸ਼ੁਰੂ, ਹੁਣ ਨਤੀਜਿਆਂ ਦੀ ਉਡੀਕ
ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੁਣ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਕਾਊਂਟਿੰਗ ਸਾਢੇ 12 ਵਜੇ ਸ਼ੁਰੂ ਹੋਈ ਹੈ। ਹੁਣ ਵਿਦਿਆਰਥੀਆਂ ਅਤੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੀਆਂ ਨਜ਼ਰਾਂ ਚੋਣ ਨਤੀਜਿਆਂ ’ਤੇ ਟਿਕੀਆਂ ਹੋਈਆਂ ਹਨ।
ਦੇਰ ਸ਼ਾਮ ਤੱਕ ਨਤੀਜੇ ਆਉਣ ਦੀ ਉਮੀਦ ਹੈ। ਇਸ ਤੋਂ ਬਾਅਦ ਪਤਾ ਲੱਗੇਗਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਸਿਆਸਤ ਵਿੱਚ ਇਸ ਵਾਰ ਕਿਹੜਾ ਪ੍ਰੈਜ਼ੀਡੈਂਸ਼ੀਅਲ ਉਮੀਦਵਾਰ ਬਾਜ਼ੀ ਮਾਰਦਾ ਹੈ ਅਤੇ ਕਿਹੜੀਆਂ ਜਥੇਬੰਦੀਆਂ ਨੂੰ ਜਿੱਤ ਹਾਸਲ ਹੁੰਦੀ ਹੈ।
- Download Babushahi App
-
-