ਪੁਲਸ ਤਸ਼ੱਦਦ ਤੇ ਗੁੰਡਾਗਰਦੀ ਖਿਲਾਫ ਖੱਬੇ ਪੱਖੀਆਂ ਵੱਲੋਂ ਪੁਤਲਾ ਫੂਕ ਮੁਜ਼ਾਹਰੇ ਕਰਨ ਦਾ ਐਲਾਨ
- 23 ਤੋਂ 30 ਜੁਲਾਈ ਤੱਕ ਪਿੰਡਾਂ-ਸ਼ਹਿਰਾਂ 'ਚ ਕੀਤੇ ਜਾਣਗੇ ਭਰਵੇਂ ਲੋਕ ਇਕੱਠ
ਅਸ਼ੋਕ ਵਰਮਾ
ਜਲੰਧਰ ,21 ਜੁਲਾਈ 2026 :ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.), ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕ੍ਰੇਸੀ, ਸੀ.ਪੀ.ਆਈ. (ਐਮ.ਐਲ.) ਲਿਬ੍ਰੇਸ਼ਨ ਤੇ ਐਮ.ਸੀ.ਪੀ.ਆਈ.-ਯੂ. ਨੇ ਬੀਤੇ ਕਲ੍ਹ ਨਵੀਂ ਦਿੱਲੀ ਪੁਲਸ ਵਲੋਂ ਅੰਦੋਲਨਕਾਰੀ ਨੌਜਵਾਨਾਂ, ਖਾਸ ਕਰਕੇ ਲੜਕੀਆਂ 'ਤੇ ਢਾਹੇ ਵਹਿਸ਼ੀਆਨਾ ਜਬਰ ਵਿਰੁੱਧ 23 ਤੋਂ 30 ਜੁਲਾਈ ਤੱਕ ਪਿੰਡਾਂ-ਸ਼ਹਿਰਾਂ 'ਚ ਭਰਵੇਂ ਇਕੱਠ ਕਰਕੇ ਮੋਦੀ ਸਰਕਾਰ ਤੇ ਸੰਘ-ਭਾਜਪਾ ਦੇ ਪੁਤਲੇ ਫੂਕੇ ਜਾਣ ਦਾ ਐਲਾਨ ਕੀਤਾ ਹੈ। ਉਕਤ ਰੋਸ ਐਕਸ਼ਨਾਂ ਦੌਰਾਨ ਪ੍ਰਾਂਤ ਦੀਆਂ ਬਾਕੀ ਖੱਬੀਆਂ ਪਾਰਟੀਆਂ ਨੂੰ ਵੀ ਨਾਲ ਲੈਣ ਦੇ ਸਿਰਤੋੜ ਯਤਨ ਕੀਤੇ ਜਾਣਗੇ। ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਚੌੰਹਾਂ ਪਾਰਟੀਆਂ ਦੇ ਸੂਬਾਈ ਆਗੂਆਂ ਪਰਗਟ ਸਿੰਘ ਜਾਮਾਰਾਏ, ਅਜਮੇਰ ਸਿੰਘ ਸਮਰਾ, ਰਾਜਬਿੰਦਰ ਸਿੰਘ ਰਾਣਾ ਤੇ ਕਿਰਨਜੀਤ ਸਿੰਘ ਸੇਖੋਂ ਨੇ ਦਿੱਤੀ ਹੈ।
ਆਗੂਆਂ ਨੇ ਕਿਹਾ ਹੈ ਕਿ ਪੁਲਸ ਦੇ ਨਾਲ ਮਿਲ ਕੇ ਨੌਜਵਾਨਾਂ 'ਤੇ ਕਹਿਰ ਢਾਹੁਣ ਵਾਲੇ ਸੰਘ ਪ੍ਰੀਵਾਰ ਦੇ ਗੁਰਗਿਆਂ, ਜਿਨ੍ਹਾਂ ਚੋਂ ਬਹੁਤਿਆਂ ਦੀ ਬਾਖੂਬੀ ਪਛਾਣ ਕੀਤੀ ਜਾ ਚੁੱਕੀ ਹੈ, ਵਿਰੁੱਧ ਕਾਨੂੰਨ ਦੀਆਂ ਬਣਦੀਆਂ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਣ।
ਆਗੂਆਂ ਨੇ ਸੈਂਕੜਿਆਂ ਦੀ ਗਿਣਤੀ 'ਚ ਪ੍ਰੀਖਿਆ ਪਰਚੇ ਲੀਕ ਹੋਣੋਂ ਨਾਕਾਮ ਰਹਿਣ ਵਾਲੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਫੌਰੀ ਅਸਤੀਫੇ ਦੀ ਮੰਗ ਵੀ ਕੀਤੀ ਹੈ। ਆਗੂਆਂ ਨੇ ਦੋਸ਼ ਲਾਇਆ ਹੈ ਕਿ ਕੇਂਦਰ 'ਚ ਰਾਜ ਕਰਦੀ ਧਿਰ ਦੇ ਬਾਰਸੂਖ਼ ਆਗੂ ਤੇ ਨੌਕਰਸ਼ਾਹ ਪਰਚਾ ਲੀਕ ਮਾਫੀਆ ਨਾਲ ਮਿਲੇ ਹੋਏ ਹਨ। ਖੱਬੇ ਪੱਖੀ ਆਗੂਆਂ ਨੇ ਪ੍ਰਾਂਤ ਵਾਸੀਆਂ ਨੂੰ ਉਕਤ ਰੋਸ ਐਕਸ਼ਨਾਂ 'ਚ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਹੈ।
- Download Babushahi App
-
-