ਪਾਵਰਕਾਮ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ: ਡਾ. ਬਸੰਤ ਗਰਗ
ਉਦਯੋਗਿਕ ਵਪਾਰੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਸੁਣੀਆਂ ਸਮੱਸਿਆਵਾਂ, ਤੁਰੰਤ ਹੱਲ ਦਾ ਦਿੱਤਾ ਭਰੋਸਾ
ਲੁਧਿਆਣਾ, 7 ਅਗਸਤ 2026- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪਾਵਰਕਾਮ) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (ਸੀ.ਐੱਮ.ਡੀ.) ਡਾ. ਬਸੰਤ ਗਰਗ ਨੇ ਅੱਜ ਉਦਯੋਗਿਕ ਵਪਾਰੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵੱਖ-ਵੱਖ ਮੀਟਿੰਗਾਂ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ, ਸੁਝਾਵਾਂ ਅਤੇ ਮੰਗਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਉਦਯੋਗਿਕ ਅਤੇ ਖੇਤੀਬਾੜੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਭਰੋਸੇਯੋਗ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰਨ ਦੇ ਦਿੱਤੇ ਗਏ ਨਿਰਦੇਸ਼ਾਂ ਨੂੰ ਅਮਲੀ ਜਾਮਾ ਪਾਉਣ ਲਈ ਹੀ ਅੱਜ ਦੀਆਂ ਇਹ ਮੀਟਿੰਗਾਂ ਰੱਖੀਆਂ ਗਈਆਂ ਹਨ।
ਇਸ ਮੀਟਿੰਗ ਦੌਰਾਨ ਐਸੋਸੀਏਸ਼ਨ ਆਫ਼ ਟਰੇਡ ਐਂਡ ਇੰਡਸਟਰੀਅਲ ਅੰਡਰਟੇਕਿੰਗਜ਼ (ਏ.ਟੀ.ਆਈ.ਯੂ.) ਦੇ ਪ੍ਰਧਾਨ ਪੰਕਜ ਸ਼ਰਮਾ ਨੇ ਸੀ.ਐੱਮ.ਡੀ. ਡਾ. ਬਸੰਤ ਗਰਗ ਨੂੰ ਉਨ੍ਹਾਂ ਦੀ ਨਿਯੁਕਤੀ ’ਤੇ ਵਧਾਈ ਦਿੰਦਿਆਂ ਉਦਯੋਗਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਹੋਰ ਮਜ਼ਬੂਤ ਬਣਾਉਣ ਸਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ। ਮੰਗ ਪੱਤਰ ਵਿੱਚ ਉਦਯੋਗਾਂ ਨੂੰ ਬਿਨਾਂ ਰੁਕਾਵਟ ਬਿਜਲੀ ਸਪਲਾਈ ਯਕੀਨੀ ਬਣਾਉਣ, ਤਕਨੀਕੀ ਸਟਾਫ਼ ਦੀ ਘਾਟ ਨੂੰ ਦੂਰ ਕਰਨ, ਗਰਮੀ ਦੇ ਮੌਸਮ ਤੋਂ ਪਹਿਲਾਂ ਬਿਜਲੀ ਪ੍ਰਣਾਲੀ ਦੀ ਰੋਕਥਾਮੀ ਸਾਂਭ-ਸੰਭਾਲ (ਪ੍ਰੀਵੈਂਟਿਵ ਮੇਨਟੀਨੈਂਸ), ਭਵਿੱਖ ਦੀ ਬਿਜਲੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਲੰਬੀ ਮਿਆਦ ਦੀ ਯੋਜਨਾਬੰਦੀ, ਨਵੇਂ ਸਬ-ਸਟੇਸ਼ਨਾਂ ਦੀ ਸਥਾਪਨਾ, ਲੰਬੀਆਂ ਕੇਬਲ ਲਾਈਨਾਂ ਦੀ ਮੁੜ ਵਿਵਸਥਾ, ਪੁਰਾਣੇ ਟਰਾਂਸਫਾਰਮਰਾਂ ਦੀ ਸਮੇਂ ਸਿਰ ਸਾਂਭ-ਸੰਭਾਲ ਅਤੇ ਉਦਯੋਗਿਕ ਇਲਾਕਿਆਂ ਵਿੱਚ ਸਟਰੀਟ ਲਾਈਟਾਂ ਦੀ ਸੰਭਾਲ ਵਰਗੇ ਸੁਝਾਅ ਦਿੱਤੇ ਗਏ।
ਡਾ. ਬਸੰਤ ਗਰਗ ਨੇ ਉਦਯੋਗਿਕ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਸਾਰੇ ਸੁਝਾਵਾਂ ਅਤੇ ਮੰਗਾਂ ’ਤੇ ਪਾਵਰਕਾਮ ਵੱਲੋਂ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਜਿਹੜੇ ਵੀ ਸੁਝਾਅ ਲੋਕ ਹਿੱਤ ਅਤੇ ਬਿਜਲੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਾਹੇਵੰਦ ਹੋਣਗੇ, ਉਨ੍ਹਾਂ ਨੂੰ ਤਰਜੀਹ ਦੇ ਆਧਾਰ ’ਤੇ ਅਮਲ ਵਿੱਚ ਲਿਆਂਦਾ ਜਾਵੇਗਾ। ਮੀਟਿੰਗ ਦੌਰਾਨ ਡਾ. ਗਰਗ ਨੇ ਕਿਹਾ ਕਿ ਉਦਯੋਗਿਕ ਇਕਾਈਆਂ ਨੂੰ ਬਿਨਾਂ ਰੁਕਾਵਟ ਬਿਜਲੀ ਸਪਲਾਈ ਯਕੀਨੀ ਬਣਾਉਣਾ ਪਾਵਰਕਾਮ ਦੀ ਪਹਿਲ ਹੈ। ਜੇਕਰ ਕਿਸੇ ਐਮਰਜੈਂਸੀ ਕਾਰਨ ਬਿਜਲੀ ਸਪਲਾਈ ਦਾ ਕੱਟ ਲਗਾਉਣਾ ਪਵੇ ਤਾਂ ਉਦਯੋਗਿਕ ਇਕਾਈ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਡ ਵਧਾਉਣ, ਟਰਾਂਸਫਾਰਮਰ ਓਵਰਲੋਡ ਹੋਣ ਜਾਂ ਕਿਸੇ ਹੋਰ ਤਕਨੀਕੀ ਸਮੱਸਿਆ ਦੀ ਸੂਰਤ ਵਿੱਚ ਉਦਯੋਗਪਤੀ ਸਿੱਧੇ ਉਨ੍ਹਾਂ ਨਾਲ ਜਾਂ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਨ ਤਾਂ ਜੋ ਸਮੇਂ ਸਿਰ ਹੱਲ ਯਕੀਨੀ ਬਣਾਇਆ ਜਾ ਸਕੇ।
ਕਿਸਾਨ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਡਾ. ਬਸੰਤ ਗਰਗ ਨੇ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੱਧਰ ’ਤੇ ਕੋਈ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਤਾਂ ਉਹ ਸਿੱਧੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨਾਲ ਮੀਟਿੰਗ ਬਹੁਤ ਹੀ ਸੁਖਾਵੇਂ ਅਤੇ ਉਸਾਰੂ ਮਾਹੌਲ ਵਿੱਚ ਹੋਈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਔਖੇ ਹਾਲਾਤਾਂ ਦੌਰਾਨ ਕਿਸੇ ਸਮੇਂ ਬਿਜਲੀ ਸਪਲਾਈ ਵਿੱਚ ਕਮੀ ਕਰਨੀ ਪਈ ਤਾਂ ਬਾਅਦ ਵਿੱਚ ਵਾਧੂ ਬਿਜਲੀ ਸਪਲਾਈ ਦੇ ਕੇ ਉਸ ਦੀ ਪੂਰੀ ਭਰਪਾਈ ਕੀਤੀ ਗਈ ਹੈ।
ਸੀ.ਐੱਮ.ਡੀ. ਨੇ ਕਿਹਾ ਕਿ ਪਾਵਰਕਾਮ ਬਿਜਲੀ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਅਤੇ ਆਧੁਨਿਕ ਬਣਾਉਣ ਲਈ ਰੀਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐੱਸ.ਐੱਸ.) ਤਹਿਤ ਵੱਡੇ ਪੱਧਰ ’ਤੇ ਕੰਮ ਕਰ ਰਿਹਾ ਹੈ। ਇਸ ਸਕੀਮ ਅਧੀਨ ਬਿਜਲੀ ਢਾਂਚੇ ਦੀ ਸਾਂਭ-ਸੰਭਾਲ, ਸਿਸਟਮ ਨੂੰ ਮਜ਼ਬੂਤ ਕਰਨ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਤਾਂ ਜੋ ਖਪਤਕਾਰਾਂ ਨੂੰ ਹੋਰ ਬਿਹਤਰ ਅਤੇ ਨਿਰਵਿਘਨ ਬਿਜਲੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਡਾ. ਬਸੰਤ ਗਰਗ ਨੇ ਦੁਹਰਾਇਆ ਕਿ ਪਾਵਰਕਾਮ ਖਪਤਕਾਰਾਂ ਦੀਆਂ ਸਮੱਸਿਆਵਾਂ ਦੇ ਸਮੇਂ ਸਿਰ ਹੱਲ ਅਤੇ ਗੁਣਵੱਤਾ ਭਰਪੂਰ ਬਿਜਲੀ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਦਯੋਗਿਕ ਵਪਾਰੀਆਂ ਨਾਲ ਹੋਈ ਮੀਟਿੰਗ ਵਿੱਚ ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਰਾਹੁਲ ਆਹੂਜਾ, ਫੀਕੋ ਦੇ ਗੁਰਮੀਤ ਸਿੰਘ ਕੁਲਾਰ, ਫੇਜ਼-8 ਇੰਡਸਟਰੀਅਲ ਐਸੋਸੀਏਸ਼ਨ ਦੇ ਓ.ਪੀ. ਬੱਸੀ, ਏ.ਟੀ.ਆਈ.ਯੂ. ਦੇ ਪੰਕਜ ਸ਼ਰਮਾ, ਇੰਡਕਸ਼ਨ ਫਰਨੇਸ ਐਸੋਸੀਏਸ਼ਨ ਦੇ ਕੇ.ਕੇ. ਗਰਗ, ਨਵਯੁਗ ਯੂਨਾਈਟਿਡ ਸਾਈਕਲ ਪਾਰਟ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਇੰਦਰਜੀਤ, ਧਾਂਦਰੀ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ (ਦੀਵਾ) ਦੇ ਸਤਨਾਮ ਮੱਕੜ, ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਦੇ ਅਮਰਜੀਤ ਚੌਹਾਨ, ਕੱਕਾ ਰੋਡ ਇੰਡਸਟਰੀ ਐਸੋਸੀਏਸ਼ਨ ਦੇ ਰਮੇਸ਼ ਗਰਗ, ਕੁਲਵੰਤ ਸਿੰਘ, ਵਾਰਿਅਮ ਸਟੀਲ ਦੇ ਅਤੁਲ ਗੁਪਤਾ, ਅਰੋੜਾ ਆਇਰਨ ਐਂਡ ਸਟੀਲ ਦੇ ਰਮਿੰਦਰਪਾਲ ਸਿੰਘ, ਬਹਾਦੁਰਕੇ ਰੋਡ ਡਾਈਂਗ ਐਸੋਸੀਏਸ਼ਨ ਦੇ ਰਜਨੀਸ਼ ਗੁਪਤਾ ਅਤੇ ਸੁਭਾਸ਼ ਸੈਣੀ, ਐਮ.ਸੀ. ਐਂਡ ਪਾਈਪ ਪਲਾਂਟ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਉਪ ਪ੍ਰਧਾਨ ਅਸ਼ੋਕ ਸ਼ਰਮਾ, ਕੁਮਾਰ ਸਪੋਰਟਸ ਦੇ ਸੁਨੀਲ ਕੁਮਾਰ, ਅਨੰਤ ਸਟੀਲ ਸਾਹਨੇਵਾਲ ਦੇ ਸੁਨੀਲ ਕਪੂਰ, ਚੌਹਾਨ ਫਾਊਂਡੇਸ਼ਨ ਦੇ ਕੀਰਤੀ ਗਰਗ, ਜੁਗੀਆਣਾ ਇੰਡਸਟਰੀ ਐਸੋਸੀਏਸ਼ਨ ਦੇ ਕੁਲਦੀਪ ਸਿੰਘ, ਫਾਲਕਨ ਇੰਡਸਟਰੀ ਆਲਮਗੀਰ ਦੇ ਐੱਸ.ਪੀ. ਸਿੰਘ ਅਤੇ ਏਪੀ ਰਿਫਾਈਨਰੀ ਦੇ ਸ਼ਿਵ ਗੋਇਲ ਸਮੇਤ ਹੋਰ ਨੁਮਾਇੰਦੇ ਹਾਜ਼ਰ ਸਨ।
ਕਿਸਾਨਾਂ ਨਾਲ ਹੋਈ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਜਸਵਿੰਦਰ ਸਿੰਘ, ਅਮਨ ਗਰੇਵਾਲ, ਬੀਕੇਯੂ ਲੱਖੋਵਾਲ ਦੇ ਸੁਖਵੰਤ ਸਿੰਘ, ਆਲੂ ਉਤਪਾਦਕ ਗਰੁੱਪ ਦੇ ਦਿਲਬਾਗ ਸਿੰਘ ਜੋਧਾਂ ਅਤੇ ਕਿਸਾਨ ਵਿੰਗ ਦੇ ਜਗਰੂਪ ਸਿੰਘ ਸੇਖੋਂ ਆਪਣੇ ਸਾਥੀਆਂ ਸਮੇਤ ਹਾਜ਼ਰ ਰਹੇ।
- Download Babushahi App
-
-