ਪਾਕਿਸਤਾਨ ਵਿਚਲੇ 125 ਸਾਲਾਂ ਪੁਰਾਤਨ ਗੁਰੂ ਘਰ ਨੂੰ ਢਾਹੇ ਜਾਣ ਦੀ ਸੰਤ ਸੀਚੇਵਾਲ ਸਖ਼ਤ ਨਿੰਦਾ
ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖਕੇ ਦਖ਼ਲ ਦੀ ਕੀਤੀ ਮੰਗ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 03 ਜੁਲਾਈ 2026- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਕਿਸਤਾਨ ਵਿੱਚ 125 ਸਾਲ ਪੁਰਾਣੇ ਇਤਿਹਾਸਕ ਗੁਰਦਆਰਾ ਸਾਹਿਬ ਨੂੰ ਢਾਹੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਸੰਤ ਸੀਚੇਵਾਲ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਉਹ ਪਾਕਿਸਤਾਨ ਵਿਚਲੇ ਆਪਣੇ ਹਮ ਰੁਤਬਾ ਨਾਲ ਗੱਲਬਾਤ ਕਰਕੇ 125 ਸਾਲ ਪੁਰਾਣੇ ਢਾਹੇ ਗਏ ਗੁਰਧਾਮ ਨੂੰ ਮੁੜ ਉਸਾਰੀ ਕਰਵਾਉਣ ਅਤੇ ਇਸ ਇਤਿਹਾਸਕ ਗੁਰੂ ਧਾਮ ਨੂੰ ਢਹਾਉਣ ਵਾਲੇ ਕਾਰੋਬਾਰੀ ਵਿਰੁੱਧ ਸਖ਼ਤ ਕਾਰਵਾਈ ਕਰਵਾਉਣ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚਲੇ ਗੁਰਦੁਆਰਾ ‘ਸ਼੍ਰੀ ਗੁਰੂ ਸਿੰਘ ਸਭਾ ਸਾਹਿਬ’ ਜੋ ਕਿ ਫਾਰੂਕਾਬਾਦ ਵਿਖੇ ਸਥਾਪਿਤ ਹੈ। ਇਹ ਗੁਰੂ ਘਰ ਲਾਹੌਰ ਤੋਂ 70 ਕਿਲੋਮੀਟਰ ਹੀ ਦੂਰ ਹੈ। ਇਸ 125 ਸਾਲ ਪੁਰਾਣੇ ਵਿਰਾਸਤੀ ਗੁਰਦਆਰਾ ਸਾਹਿਬ ਜੀ ਦੀ ਇਮਾਰਤ ਨੂੰ ਬਲਡੋਜ਼ਰ ਨਾਲ ਭੂਮੀ ਮਾਫ਼ੀਆ ਵੱਲੋਂ ਢਾਹੇ ਜਾਣ ਦੀਆਂ ਖ਼ਬਰਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਈਆ ਹਨ। ਗੁਰਦੁਆਰਾ ਸਾਹਿਬ ਦੀ ਇਸ ਇਤਿਹਾਸਕ ਇਮਾਰਤ ਨੂੰ ਢਾਹੇ ਜਾਣ ਪਿੱਛੇ ਵੱਡੇ ਕਾਰੋਬਾਰੀ ਦਾ ਹੱਥ ਦੱਸਿਆ ਜਾ ਰਿਹਾ ਹੈ। ਇਹ ਜਾਣਕਾਰੀ ਵੀ ਮਿਲੀ ਹੈ ਇਤਿਹਾਸਕ ਇਮਾਰਤਾ ਦੀ ਸਾਂਭ ਸੰਭਾਲ ਕਰਨ ਵਾਲੇ ਔਕਾਫ਼ ਬੋਰਡ ਵੱਲੋਂ ਵੀ ਇਸ ਬਾਬਤ ਕੋਈ ਕਾਰਵਾਈ ਨਹੀਂ ਕੀਤੀ ਗਈ।
ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿੱਚ ਲਿਿਖਆ ਹੈ ਕਿ ਗੁਰੂ ਘਰ ਨੂੰ ਨੁਕਸਾਨ ਪਹੁੰਚਾਉਣ ਦੀ ਕੀਤੀ ਇਸ ਕੋਝੀ ਹਰਕਤ ਨਾਲ ਦੁਨੀਆਂ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਹਿਰਦੇ ਵਾਲੂੰਧਰੇ ਗਏ ਹਨ। ਇਹ ਮਾਮਲਾ ਇੱਕ ਇਮਾਰਤ ਨੂੰ ਢਹਾਉਣ ਦਾ ਨਹੀਂ ਸਗੋਂ ਦੁਨੀਆਂ ਵਿੱਚ ਵੱਸਦੇ ਕਰੋੜਾਂ ਸਿੱਖਾਂ ਦੀ ਆਸਥਾ ਨਾਲ ਧੁਰ ਅੰਦਰ ਤੱਕ ਜੁੜਿਆ ਹੋਇਆ ਅੱਤ ਸੰਵੇਦਨਸ਼ੀਲ਼ ਮਾਮਲਾ ਹੈ। ਸਿੱਖ ਕੌਮ ਨੇ ਆਪਣੇ ਗੁਰਧਾਮਾਂ ਦੀ ਰਾਖੀ ਲਈ ਹਮੇਸ਼ਾਂ ਵੱਡੀਆਂ ਕੁਰਬਾਨੀਆਂ ਵੀ ਦਿੱਤੀਆਂ ਹੋਈਆਂ ਹਨ, ਜੋ ਇਤਿਹਾਸ ਵਿੱਚ ਦਰਜ ਹਨ। ਸ਼੍ਰੀ ਨਾਨਕਣਾ ਸਾਹਿਬ ਦੇ ਸਾਕੇ ਦਾ ਇਤਿਹਾਸ ਲਹੂ ਭਿੱਜਾ ਹੈ। ਅਜ਼ਾਦੀ ਤੋਂ ਪਹਿਲਾਂ ਇਸ ਗੁਰੂ ਘਰ ਨੂੰ ਮਹੰਤਾਂ ਤੋਂ ਅਜ਼ਾਦ ਕਰਵਾਉਣ ਲਈ ਸਿੱਖਾਂ ਨੂੰ ਆਪਣੀਆਂ ਜਾਨਾਂ ਤੱਕ ਕੁਰਬਾਨ ਕਰਨੀਆਂ ਪਈਆਂ ਸਨ।
ੳਨ੍ਹਾਂ ਸਮੂਹ ਸਿੱਖਾਂ ਵੱਲੋਂ ਪੁਰਜ਼ੋਰ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਜੀ ਆਪਣਾ ਅਸਰ ਰਾਸੂਖ ਵਰਤ ਕੇ ਪਾਕਿਸਤਾਨ ਵਿੱਚਲੀ ਸਿੱਖ ਵਿਰਾਸਤ ਨੂੰ ਬਚਾਉਣ ਲਈ ਆਪਣੇ ਹਮਰੁਤਬਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਇਸ ਸੰਵੇਦਨਸ਼ੀਲ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ ਜਾਵੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਈ ਜਾਵੇ। ਪਾਕਿਸਤਾਨ ਵਿੱਚ ਵੱਸਦਾ ਸਿੱਖ ਭਾਈਚਾਰਾ ਉਥੇ ਘੱਟ ਗਿਣਤੀ ਵਿੱਚ ਹੈ, ਉਨ੍ਹਾਂ ਦੀ ਅਤੇ ਗੁਰੂਧਾਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
- Download Babushahi App
-
-