ਪਹਿਲੀ ਬਰਸੀ 'ਤੇ ਵਿਸ਼ੇਸ਼! ਵਾਤਾਵਰਨ ਸੰਭਾਲ ਮਾਹਰ ਬਹੁ ਪੱਖੀ ਸ਼ਖਸੀਅਤ ਜਸਜੀਤ ਸਿੰਘ ਸਮੁੰਦਰੀ (IFS) ਨੂੰ ਯਾਦ ਕਰਦਿਆਂ
ਸਰਬਜੀਤ ਧਾਲੀਵਾਲ
ਗੁਰੂ ਸਾਹਿਬਾਨ ਦੇ ਫ਼ਲਸਫ਼ੇ ਅਤੇ ਗੁਰੂਦਵਾਰਾ ਸੁਧਾਰ ਲਹਿਰ ਨਾਲ ਧੁਰ ਰੂਹ ਤੱਕ ਜੁੜੇ ਹੋਏ ਸਰਦਾਰ ਜਸਜੀਤ ਸਿੰਘ ਸਮੁੰਦਰੀ ( ਇੰਡੀਅਨ ਫੋਰੈਸਟ ਸਰਵਿਸਜ ) ਬਹੁਤ ਹੀ ਨੇਕ ਤੇ ਖੁਸ਼ ਤਬੀਅਤ ਇਨਸਾਨ ਸਨ। ਨੌਕਰੀ ਦੌਰਾਨ ਤੇ ਨੌਕਰੀ ਤੋਂ ਸੇਵਾ ਮੁਕਤੀ ਉਪਰੰਤ ਉਹ ਗੁਰੂ ਘਰਾਂ ਦੀ ਸੇਵਾ ਨਾਲ ਪੂਰੀ ਤਨਦੇਹੀ ਨਾਲ ਜੁੜੇ ਰਹੇ। ਇਹ ਸੇਵਾ ਉਹਨਾਂ ਨੂੰ ਆਪਣੇ ਦਾਦਾ ਤੇਜਾ ਸਿੰਘ ਸਮੁੰਦਰੀ ਅਤੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਦੀ ਸ਼ਾਨਾਮੱਤੀ ਵਿਰਾਸਤ ਵਿਚੋਂ ਮਿਲੀ ਸੀ। ਸਰਦਾਰ ਜਸਜੀਤ ਸਿੰਘ ਪਿਛਲੇ ਸਾਲ 29 ਸਤੰਬਰ ਨੂੰ ਇਹ ਫਾਨੀ ਸੰਸਾਰ ਛੱਡ ਗਏ ਸਨ। ਉਹਨਾਂ ਦਾ ਪਰਿਵਾਰ, ਉਹਨਾਂ ਦੇ ਦੋਸਤ-ਮਿੱਤਰ ਤੇ ਸਨੇਹੀ ਉਹਨਾਂ ਨੂੰ ਪਹਿਲੀ ਬਰਸੀ ਸਮੇਂ ਯਾਦ ਕਰਨ ਲਈ ਗੁਰੂਦਵਾਰਾ ਛੇਵੀਂ ਪਾਤਸ਼ਾਹੀ, ਰਣਜੀਤ ਐਵਨਿਊ, ਅੰਮ੍ਰਿਤਸਰ ਵਿਖੇ 8 ਅਗਸਤ ਨੂੰ ਅਰਦਾਸ ਵਿਚ ਸ਼ਾਮਿਲ ਹੋਣਗੇ।
ਜਸਜੀਤ ਸਿੰਘ ਬਹੁਤ ਹੀ ਸੇਵਾ ਭਾਵ ਵਾਲੇ ਹਿੰਮਤੀ ਇਨਸਾਨ ਸਨ। ਉਹ ਸਭ ਨੂੰ ਬੜੇ ਅਦਬ ਨਾਲ ਮਿਲਦੇ ਤੇ ਸਤਿਕਾਰ ਦਿੰਦੇ ਸਨ। ਉਹਨਾਂ ਅੰਦਰ ਪੰਥਕ ਕੰਮਾਂ ਲਈ ਲਗਨ ਸ਼ੁਰੂ ਤੋਂ ਹੀ ਸੀ ਤੇ ਉਹ ਪੰਥ ਵਿਚ ਪਏ ਖਿਲਾਰੇ ਤੋਂ ਚਿੰਤਤ ਵੀ ਬਹੁਤ ਸਨ। ਗੁਰਦਵਾਰਿਆਂ ਦੇ ਪ੍ਰਬੰਧ ਵਿਚ ਸੁਧਾਰ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੁਵਾਰਾ ਚਲਾਈ ਅਕਾਲੀ ਲਹਿਰ ਨਾਲ ਜੁੜੇ ਹੋਏ ਸੀ। ਭਾਵੇਂ ਉਹਨਾਂ ਦਾ ਪਰਿਵਾਰ ਕੈਨੇਡਾ ਵਿਚ ਰਹਿ ਰਿਹਾ ਸੀ ਪਰ ਉਹ ਆਪਣਾ ਸਮਾਂ ਇਥੇ ਅਕਾਲੀ ਲਹਿਰ ਨੂੰ ਮਜਬੂਤ ਕਰਨ ਲਈ ਬਤੀਤ ਕਰਦੇ ਸਨ। ਸਮੁੰਦਰੀ ਪਰਿਵਾਰ ਦਾ ਗੁਰੂ ਘਰਾਂ ਨਾਲ ਤੇ ਗੁਰਬਾਣੀ ਨਾਲ ਕਈ ਪੀੜੀਆਂ ਤੋਂ ਬਹੁਤ ਗੂੜਾ ਪਿਆਰ ਬਣਿਆ ਹੋਇਆ ਹੈ। ਜਸਜੀਤ ਸਿੰਘ ਸਮੁੰਦਰੀ ਦੇ ਦਾਦਾ ਤੇਜਾ ਸਿੰਘ ਸਮੁੰਦਰੀ ਦਾ ਪੰਥ ਵਿਚ ਬਹੁਤ ਵੱਡਾ ਨਾਮ ਹੈ। ਉਹਨਾਂ ਵਲੋਂ ਪੰਥ ਲਈ ਕੀਤੀ ਨਿਸ਼ਕਾਮ ਸੇਵਾ ਤੇ ਕੁਰਬਾਨੀ ਨੂੰ ਮੁੱਖ ਰੱਖਦੇ ਦਰਬਾਰ ਸਾਹਿਬ ਕੰਪਲੈਕਸ ਵਿਚ ਉਹਨਾਂ ਦੇ ਯਾਦ ਵਿਚ ਤੇਜਾ ਸਿੰਘ ਸਮੁੰਦਰੀ ਹਾਲ ਬਣਿਆ ਹੋਇਆ ਹੈ।
ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਪਿਤਾ ਸਰਦਾਰ ਦੇਵਾ ਸਿੰਘ ਪੂਰੇ ਸਿਦਕੀ ਤੇ ਗੁਰਮੁਖ ਸਿੱਖ ਸਨ। ਉਹ ਸੰਤ ਸੁਭਾਵ ਦੇ ਮਾਲਕ ਸਨ। ਦਾਦੇ ਤੇ ਪੜਦਾਦੇ ਦੀ ਨਿਮਰ ਸ਼ਖਸ਼ੀਅਤ ਦਾ ਪੂਰਾ ਪ੍ਰਭਾਵ ਜਸਜੀਤ ਸਿੰਘ ਸਮੁੰਦਰੀ ਉਪਰ ਵੀ ਸੀ। ਸਰਦਾਰ ਦੇਵਾ ਸਿੰਘ ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਕੁਝ ਸਮਾਂ ਫੌਜ ਵਿਚ ਬਤੀਤ ਕੀਤਾ ਸੀ। ਇਸ ਕਰਕੇ ਤੇਜਾ ਸਿੰਘ ਸਮੁੰਦਰੀ ਦੇ ਨਿਸ਼ਚੇ ਕਰ ਆਪਣੀ ਜੀਤ ਕਰੂੰ ਵਾਲੀ ਭਾਵਨਾ ਤੇ ਦਲੇਰੀ ਅੰਗ ਸੰਗ ਰਹੀ। ਤੇ ਜਸਜੀਤ ਸਿੰਘ ਸਮੁੰਦਰੀ ਵੀ ਇਸਤਰਾਂ ਦੇ ਦ੍ਰਿੜ ਇਰਾਦੇ ਵਾਲਾ ਇਨਸਾਨ ਸਨ।
ਜਸਜੀਤ ਸਿੰਘ, ਖਾਲਸਾ ਕਾਲਿਜ ,ਅੰਮ੍ਰਿਤਸਰ ਪੜ੍ਹੇ। ਉਥੇ ਉਹਨਾਂ ਨੇ ਬੀ ਐਸ ਸੀ ਕੀਤੀ। ਬਾਅਦ ਵਿਚ ਉਹਨਾਂ ਨੇ ਐਮ. ਐਸ. ਸੀ ਕਰਨ ਲਈ ਐਗਰੀਕਲਚਰ ਯੂਨੀਵਰਸਿਟੀ ਵਿਚ ਲੁਧਿਆਣਾ ਵਿਚ ਦਾਖਲਾ ਲਿਆ ਤੇ ਨਾਲ ਹੀ ਆਈ ਐਫ ਐਸ(ਇੰਡੀਅਨ ਫੋਰੈਸਟ ਸਰਵਿਸ ) ਦੇ ਇਮਤਿਹਾਨ ਵਿਚ ਬੈਠਣ ਦੇ ਤਿਆਰੀ ਸ਼ੁਰੂ ਕਰ ਦਿਤੀ। ਆਈ ਐਫ ਐਸ ਦੇ ਟੈਸਟ ਪਾਸ ਕਰ ਲਿਆ ਤੇ ਉਹਨਾਂ ਨੂੰ ਪੰਜਾਬ ਕਾਡਰ ਮਿਲ ਗਿਆ। ਤੇ ਐਮ ਐਸ ਸੀ ਦੀ ਪੜਾਈ ਛੱਡਣੀ ਪਈ।ਜੰਗਲਾਤ ਮਹਿਕਮੇ ਦੇ ਵਿਚ ਸੇਵਾ ਨਿਭਾਉਂਦਿਆਂ ਉਹਨਾਂ ਨੇ ਰੋਪੜ ਤੇ ਪਟਿਆਲਾ ਵਿਖੇ ਤੇ ਫਿਰ ਹੈੱਡਕੁਆਰਟਰ ਤੇ ਸੀਨੀਅਰ ਲੈਵਲ ਤੇ ਕੰਮ ਕੀਤਾ। ਰੋਪੜ ਵਿਚ ਉਹਨਾਂ ਨੇ ਖੈਰ ਦੇ ਦਰਖਤਾਂ ਦੀ ਚੋਰੀ ਕਰਨ ਵਾਲੇ ਮਾਫੀਏ ਨੂੰ ਕਰਾਰੇ ਹੱਥੀਂ ਲਿਆ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਖੈਰ ਦੇ ਦਰੱਖਤ ਬਹੁਤ ਵੱਡੀ ਤਾਦਾਦ ਵਿਚ ਹਨ। ਇਸ ਦਰਖਤ ਤੋਂ ਕਥਾ ਬਣਦਾ ਹੈ ਤੇ ਮਾਫੀਆ ਇਸ ਦੀ ਬਹੁਤ ਚੋਰੀ ਕਰਦਾ ਹੈ।
ਨੌਕਰੀ ਤੋਂ ਬਾਅਦ ਉਹ ਭਾਈ ਰਣਜੀਤ ਸਿੰਘ ਵੱਲੋਂ ਚਲਾਈ ਅਕਾਲੀ ਲਹਿਰ ਨਾਲ ਜੁੜ ਗਏ। ਇਸ ਲਹਿਰ ਦਾ ਮੁਖ ਮੰਤਵ ਗੁਰਦਵਾਰਿਆਂ ਦੇ ਪ੍ਰਬੰਧ ਤੇ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਿਕ ਕਮੇਟੀ ਵਿਚ ਸੁਧਾਰ ਹੈ। ਜਸਜੀਤ ਸਿੰਘ ਤਬੀਅਤ ਪੱਖੋਂ ਧਾਰਮਿਕ ਤੇ ਸੁਭਾਵ ਪੱਖੋਂ ਸੰਤ ਬਿਰਤੀ ਦੇ ਮਾਲਿਕ ਸਨ। ਇਸ ਪਰਿਵਾਰ ਦਾ ਸੰਬੰਧ ਸਰਹਾਲੀ ਨੇੜੇ ਰਾਏ ਕੇ ਬੁਰਜ ਨਾਲ ਹੈ ਪਰ ਇਸ ਪਰਿਵਾਰ ਨਾਲ ਸਮੁੰਦਰੀ ਸ਼ਬਦ ਇਸ ਕਰਕੇ ਜੁੜਿਆ ਹੋਇਆ ਹੈ ਕੇ ਕਿਉਂਕਿ ਪਰਿਵਾਰ ਕੋਲ ਜਿਲਾ ਲਾਇਲਪੁਰ ( ਜੋ ਹੁਣ ਪਾਕਿਸਤਾਨ ਵਿਚ ਹੈ ) ਦੀ ਸਮੁੰਦਰੀ ਤਹਿਸੀਲ ਵਿਚ ਚੱਕ ਨੰਬਰ 140 ਵਿਚ ਪੰਜ ਮੁਰੱਬੇ ਜਮੀਨ ਸੀ। ਤੇ ਪਰਿਵਾਰ ਦੇਸ਼ ਦੇ ਵੰਡ ਤੋਂ ਪਹਿਲਾਂ ਉੱਥੇ ਹੀ ਰਹਿ ਰਿਹਾ ਸੀ ਪਰ ਇਸ ਪਰਿਵਾਰ ਨੇ ਆਪਣੇ ਜੱਦੀ ਪਿੰਡ ਰਾਏ ਕੇ ਬੁਰਜ ਨਾਲ ਰਿਸ਼ਤਾ ਨਹੀਂ ਸੀ ਤੋੜਿਆ।
ਇਸ ਪਰਿਵਾਰ ਦੇ ਵਿਦਿਅਕ ਲਹਿਰ ਨਾਲ ਵੀ ਬਹੁਤ ਡੂੰਗਾ ਸੰਬੰਧ ਰਿਹਾ ਹੈ। ਜਸਜੀਤ ਸਿੰਘ ਦੇ ਪਿਤਾ ਬਿਸ਼ਨ ਸਿੰਘ ਸਮੁੰਦਰੀ ਲੰਬਾ ਸਮਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਦੇ ਵਾਇਸ ਚਾਂਸਲਰ ਰਹੇ। ਉਹਨਾਂ ਸਮੇਂ ਯੂਨੀਵਰਸਿਟੀ ਖੇਡਾਂ ਵਿਚ ਦੇਸ਼ ਦੀ ਨੰਬਰ ਇੱਕ ਯੂਨੀਵਰਸਿਟੀ ਰਹੀ। ਸਰਦਾਰ ਬਿਸ਼ਨ ਸਿੰਘ ਸਮੁੰਦਰੀ ਤੋਂ ਬਾਅਦ ਵੀ ਇਸ ਯੂਨੀਵਰਸਿਟੀ ਨੇ ਇਹ ਰਵਾਇਤ ਨੂੰ ਕਾਇਮ ਰੱਖਿਆ ਤੇ ਲਗਾਤਾਰ ਕਈ ਸਾਲ ਮੌਲਾਨਾ ਅਬਦੁਲ ਕਲਾਮ ਅਜਾਦ ਟਰਾਫੀ ਜਿਤੀ। ਸਰਦਾਰ ਤੇਜਾ ਸਿੰਘ ਸਮੁੰਦਰੀ ਖਾਲਸਾ ਹਾਈ ਸਕੂਲ ਲਾਇਲਪੁਰ, ਬਾਰ ਖਾਲਸਾ ਹਾਈ ਸਕੂਲ ਚੱਕ 41, ਖਾਲਸਾ ਮਿਡਲ ਸਕੂਲ ਚੱਕ 140 ਤੇ ਖਾਲਸਾ ਹਾਈ ਸਕੂਲ ਸਰਹਾਲੀ ਦੀ ਸਥਾਪਤੀ ਵਿਚ ਮੁਖ ਭੂਮਿਕਾ ਨਿਭਾਈ ਸੀ। ਜਸਜੀਤ ਸਿੰਘ ਸਮੁੰਦਰੀ ਸਰਹਾਲੀ ਵਾਲੇ ਸਕੂਲ ਦੇ ਨਾਲ ਜੁੜੇ ਹੋਏ ਸਨ। ਜਸਜੀਤ ਸਿੰਘ ਦੇ ਭਾਈ ਤਰਨਜੀਤ ਸਿੰਘ ਸੰਧੂ( ਆਈ ਐਫ ਐੱਸ ) ਇਸ ਵੇਲੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਹਨ। ਸੰਧੂ, ਜਿਨ੍ਹਾਂ ਦਾ ਸੰਬੰਧ ਇੰਡੀਅਨ ਫੌਰਨ ਸਰਵਿਸਜ਼ ਨਾਲ ਹੈ, ਲੰਬਾ ਸਮਾਂ ਅਮਰੀਕਾ ਤੇ ਹੋਰ ਦੇਸ਼ਾਂ ਵਿਚ ਭਾਰਤ ਦੇ ਰਾਜਦੂਤ ਰਹੇ ਹਨ।
- Download Babushahi App
-
-