ਨਸ਼ਾ-ਮੁਕਤ, ਸਿੱਖਿਅਤ ਅਤੇ ਹੁਨਰਮੰਦ ਨੌਜਵਾਨ ਹੀ ਪੰਜਾਬ ਦਾ ਸੁਨਹਿਰਾ ਭਵਿੱਖ: ਮੁਕੇਸ਼ ਵਰਮਾ
ਵਿਦਿਆਰਥੀਆਂ ਨੂੰ ਕਰੀਅਰ ਮਾਰਗਦਰਸ਼ਨ, ਪ੍ਰਤੀਯੋਗੀ ਪ੍ਰੀਖਿਆਵਾਂ, ਹੁਨਰ ਵਿਕਾਸ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਨਾਲ ਜੁੜਨ ਦਾ ਦਿੱਤਾ ਸੱਦਾ
ਰੋਹਿਤ ਗੁਪਤਾ
ਸ੍ਰੀ ਹਰਿਗੋਬਿੰਦਪੁਰ ਸਾਹਿਬ/, 7 ਅਗਸਤ
ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਗਾਈਡੈਂਸ ਕਾਊਂਸਲਰ, ਗੁਰਦਾਸਪੁਰ ਮੁਕੇਸ਼ ਵਰਮਾ ਨੇ ਸ੍ਰੀ ਹਰਿਗੋਬਿੰਦਪੁਰ ਸਾਹਿਬ ਬਲਾਕ ਅਧੀਨ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘੁਮਾਣ (ਲੜਕੇ), ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘੁਮਾਣ (ਲੜਕੀਆਂ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਖੁਜਾਲਾ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ-ਮੁਕਤ, ਸਿੱਖਿਅਤ, ਹੁਨਰਮੰਦ ਅਤੇ ਉਦੇਸ਼ਪੂਰਨ ਨੌਜਵਾਨ ਹੀ ਦੇਸ਼ ਅਤੇ ਸਮਾਜ ਦੀ ਅਸਲ ਤਾਕਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਆਪਣਾ ਸਪੱਸ਼ਟ ਟੀਚਾ ਨਿਰਧਾਰਤ ਕਰਕੇ ਮਿਹਨਤ, ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਵੱਖ-ਵੱਖ ਹੁਨਰ-ਅਧਾਰਿਤ (ਸਕਿੱਲ) ਕੋਰਸਾਂ, ਉੱਚ ਸਿੱਖਿਆ ਦੇ ਮੌਕਿਆਂ, ਪ੍ਰਤੀਯੋਗੀ ਪ੍ਰੀਖਿਆਵਾਂ, ਸਰਕਾਰੀ ਨੌਕਰੀਆਂ, ਰੁਜ਼ਗਾਰਮੁਖੀ ਕਰੀਅਰ ਵਿਕਲਪਾਂ ਅਤੇ ਸਵੈ-ਰੁਜ਼ਗਾਰ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਮੁਕੇਸ਼ ਵਰਮਾ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵੱਖ-ਵੱਖ ਸਾਹਿਤਕ, ਸੱਭਿਆਚਾਰਕ ਅਤੇ ਰਚਨਾਤਮਕ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਰਚਨਾਤਮਕਤਾ, ਆਤਮ-ਵਿਸ਼ਵਾਸ ਅਤੇ ਵਿਅਕਤੀਗਤ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ।
ਉਨ੍ਹਾਂ ਨੇ ਨਸ਼ਾ ਮੁਕਤ ਭਾਰਤ ਅਭਿਆਨ ਦੀ ਮਹੱਤਤਾ ਉਜਾਗਰ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਾ ਵਿਰੋਧੀ ਗਤੀਵਿਧੀਆਂ ਵਿੱਚ ਸਰਗਰਮ ਭਾਗੀਦਾਰੀ ਕਰਨ, ਆਪਣੇ ਪਰਿਵਾਰ ਅਤੇ ਸਮਾਜ ਨੂੰ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਅਤੇ "ਨਸ਼ਾ-ਮੁਕਤ ਪੰਜਾਬ, ਵਿਕਸਤ ਪੰਜਾਬ" ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਨੇ ਸਕੂਲਾਂ ਵਿੱਚ ਸਥਾਪਿਤ ਗਾਈਡੈਂਸ ਕਾਰਨਰਾਂ ਦਾ ਨਿਰੀਖਣ ਕੀਤਾ।
ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਤਿੰਨਾਂ ਸਕੂਲਾਂ ਵਿੱਚ ਪੋਸਟਰ ਮੇਕਿੰਗ, ਸਲੋਗਨ ਲੇਖਨ, ਭਾਸ਼ਣ, ਪੇਂਟਿੰਗ, ਕਵਿਜ਼ ਅਤੇ ਜਾਗਰੂਕਤਾ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬਲਾਕ ਗਾਈਡੈਂਸ ਕਾਊਂਸਲਰ ਰਾਜਪ੍ਰੀਤ ਸਿੰਘ, ਪ੍ਰਿੰਸੀਪਲ ਸ਼ਸ਼ੀਕਰਨ, ਇੰਚਾਰਜ ਪਰਮਜੀਤ ਕੌਰ, ਗਾਈਡੈਂਸ ਅਧਿਆਪਕ ਮਨੀਸ਼ ਮਸੀਹ, ਗਾਈਡੈਂਸ ਕਾਊਂਸਲਰ ਭੀਮ ਸਿੰਘ, ਰਾਜਬੀਰ ਕੌਰ, ਰਣਜੀਤ ਕੌਰ, ਅਮਰੀਕ ਸਿੰਘ, ਵਿਪਿਨ ਪਰਾਸ਼ਰ, ਯੂਨਿਸ ਮਹਾਜਨ, ਪਰਮਜੀਤ ਕੌਰ ਸਮੇਤ ਤਿੰਨਾਂ ਸਕੂਲਾਂ ਦਾ ਅਧਿਆਪਕ ਵਰਗ ਅਤੇ ਹੋਰ ਕਰਮਚਾਰੀ ਹਾਜ਼ਰ ਸਨ।
- Download Babushahi App
-
-