ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ,
ਆਪਣੇ ਆਪ ਨੂੰ ਇਮਾਨਦਾਰ ਵਿਖਾਉਣ ਵਾਲੀ ਭਰਿਸ਼ਟਾਚਾਰੀ ਸਰਕਾਰ "ਆਪ" ਪ੍ਰਤਾਪ ਬਾਜਵਾ
ਨਫਰਤ ਫੈਲਾਉਣ ਅਤੇ ਲੁੱਟਣ ਵਾਲੇ ਧਾੜਵੀਆਂ ਨੂੰ ਸਦਾ ਹੀ ਪੰਜਾਬੀਆਂ ਨੇ ਨਕਾਰਿਆ: ਪ੍ਰਗਟ ਸਿੰਘ
ਨਵੀਂ ਸ਼ੁਰੂਆਤ ਕਰਨ ਲਈ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਹਾਂ ਸਚਿਨ ਪਾਇਲਟ
ਕੁਲਵਿੰਦਰ ਸਿੰਘ
ਅੰਮ੍ਰਿਤਸਰ 8 ਅਕਤੂਬਰ
ਅੰਮ੍ਰਿਤਸਰ ਵਿੱਚ ਅੱਜ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਪ੍ਰਗਟ ਸਿੰਘ, ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਸ੍ਰੀ ਦਰਬਾਰ ਸਾਹਿਬ ਪਹੁੰਚੇ। ਇਸ ਮੌਕੇ ਕਾਂਗਰਸੀ ਆਗੂਆਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਇਸ ਦੌਰਾਨ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਆਪਣੀ ਇਮਾਨਦਾਰੀ ਦੇ ਬੋਰਡ ਲਵਾਉਣ ਵਾਲੇ ਮੁੱਖ ਮੰਤਰੀ ਦੀ ਸਰਕਾਰ ਭਰਸ਼ਟਾਚਾਰੀਆਂ ਦੀ ਸਰਕਾਰ ਹੈ ਉਹਨਾਂ ਕਿਹਾ ਕਿ ਅੱਜ ਪੰਜਾਬ ਵਿੱਚ ਕੋਈ ਵੀ ਮਾਂ ਬਾਪ ਆਪਣੀ ਉੱਤਰ ਧੀ ਨੂੰ ਸੂਬੇ ਚ ਨਹੀਂ ਰਹਿਣ ਦੇਣਾ ਚਾਹੁੰਦਾ ਅਤੇ ਨਾ ਹੀ ਕੋਈ ਵਪਾਰੀ ਇਥੇ ਆਪਣੇ ਆਪ ਨੂੰ ਮਹਿਫੂਜ ਮਹਿਸੂਸ ਕਰ ਰਿਹਾ ਹੈ ਜਿਸ ਕਰਕੇ ਪੰਜਾਬ ਵਿੱਚੋਂ ਵੱਡੇ ਪੱਧਰ ਤੇ ਲੋਕ ਬਾਹਰ ਜਾ ਰਹੇ ਹਨ ਉਹਨਾਂ ਕਿਹਾ ਕਿ ਸੀਬੀਆਈ ਦੀ ਮੁੱਖ ਮੰਤਰੀ ਕੈਂਪ ਆਫਿਸ ਉੱਤੇ ਰੇਡ ਹੋ ਰਹੀ ਹੈ ਅਤੇ ਭਗਵੰਤ ਮਾਨ ਪੂਰੇ ਸੂਬੇ ਵਿੱਚ ਆਪਣੀ ਇਮਾਨਦਾਰੀ ਦੇ ਬੋਰਡ ਲਗਵਾ ਰਹੇ ਹਨ ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਇਮਾਨਦਾਰ ਹੁੰਦਾ ਹੈ ਉਸ ਨੂੰ ਕਿਤੇ ਵੀ ਬੋਰਡ ਲਵਾਉਣ ਦੀ ਜਰੂਰਤ ਨਹੀਂ ਹੁੰਦੀ
ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਦੀ ਉਮੀਦ ਕੀਤੀ ਸੀ ਪਰ ਅੱਜ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਆਗੂ ਅਤੇ ਸੂਬੇ ਦੇ ਸੀਨੀਅਰ ਕਾਂਗਰਸੀ ਆਗੂ ਹੋਣ ਦੇ ਨਾਤੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਕਾਂਗਰਸ ਸਾਰੇ ਆਗੂਆਂ ਨੂੰ ਨਾਲ ਲੈ ਕੇ ਇੱਕਜੁੱਟ ਹੋ ਕੇ ਲੜਾਈ ਲੜੇਗੀ।
ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਨੇ ਕਿਹਾ ਕਿ ਅੱਜ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਅਤੇ ਆਸ਼ੀਰਵਾਦ ਲੈਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਕਾਂਗਰਸ ਦੀ ਲੀਡਰਸ਼ਿਪ ਸ੍ਰੀ ਦੁਰਗਿਆਣਾ ਮੰਦਰ, ਸੇਂਟ ਪੌਲ ਚਰਚ, ਭਗਵਾਨ ਵਾਲਮੀਕਿ ਰਾਮ ਤੀਰਥ ਅਤੇ ਡੇਰਾ ਬੱਲਾ ਵਿਖੇ ਵੀ ਨਤਮਸਤਕ ਹੋਵੇਗੀ। ਉਨ੍ਹਾਂ ਕਿਹਾ ਕਿ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬੀਆਂ ਦਾ ਕਿਰਦਾਰ ਅਤੇ ਫਿਲਾਸਫੀ ਨਫ਼ਰਤ ਦੀ ਰਾਜਨੀਤੀ ਨੂੰ ਕਦੇ ਵੀ ਪਸੰਦ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਨਾ ਤਾਂ ਨਫ਼ਰਤ ਕਰਨ ਵਾਲਿਆਂ ਨੂੰ ਪਸੰਦ ਕਰਦੇ ਹਨ ਅਤੇ ਨਾ ਹੀ ਲੁੱਟਣ ਵਾਲਿਆਂ ਅਤੇ ਧਾੜਵੀਆਂ ਨੂੰ। ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹੀ ਰਾਜਨੀਤੀ ’ਤੇ ਪਹਿਰਾ ਦੇਵੇਗੀ, ਜੋ ਦੇਸ਼ ਦੇ ਸੰਵਿਧਾਨ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਸਮਰਪਿਤ ਹੋਵੇ। ਪਰਗਟ ਸਿੰਘ ਨੇ ਕਿਹਾ ਕਿ ਅੱਜ ਕਾਂਗਰਸ ਕੋਲ ਸਭ ਤੋਂ ਵਧੀਆ ਟੀਮ ਹੈ ਅਤੇ ਟਿਕਟ ਦੀ ਵੰਡ ਸਮੇਂ ਵੀ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ
ਇਸ ਮੌਕੇ ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ। ਸਚਿਨ ਪਾਇਲਟ ਨੇ ਕਿਹਾ ਕਿ ਗੁਰੂ ਦੀ ਕਿਰਪਾ ਨਾਲ ਉਨ੍ਹਾਂ ਨੂੰ ਇੱਥੇ ਮੱਥਾ ਟੇਕਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਚੰਗਾ ਹੋਵੇ ਅਤੇ ਨੌਜਵਾਨ ਪੀੜ੍ਹੀ ਨੂੰ ਬਿਹਤਰ ਭਵਿੱਖ ਮਿਲੇ। ਸਚਿਨ ਪਾਇਲਟ ਨੇ ਕਿਹਾ ਕਿ ਸਮਾਜ ਦੇ ਸਾਹਮਣੇ ਕਈ ਚੁਣੌਤੀਆਂ ਹਨ। ਇਨ੍ਹਾਂ ਵਿੱਚ ਭ੍ਰਿਸ਼ਟਾਚਾਰ, ਨਸ਼ਿਆਂ ਦੀ ਸਮੱਸਿਆ ਅਤੇ ਸਮਾਜ ਵਿੱਚ ਪੈਦਾ ਹੋ ਰਹੀਆਂ ਹੋਰ ਮੁਸ਼ਕਲਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉੱਪਰਵਾਲੇ ਦੀ ਮਿਹਰ ਰਹੀ ਤਾਂ ਇਨ੍ਹਾਂ ਸਾਰੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਆਸ਼ੀਰਵਾਦ ਅਤੇ ਤਾਕਤ ਮਿਲੇਗੀ। ਉਹਨਾਂ ਕਿਹਾ ਕਿ 2027 ਦੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪ੍ਰਚੰਡ ਬਹੁਮਤ ਨਾਲ ਜਿੱਤ ਦਰਜ ਕਰੇਗੀ
ਇਸ ਵਾਰ ਫੇਰੀ ਵਿੱਚ ਸੈਂਟ ਪਾਲ ਚਰਚ ਵੀ ਸ਼ਾਮਿਲ
ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਕਾਂਗਰਸ ਦੀ ਤਕਰੀਬਨ ਸਮੁੱਚੀ ਲੀਡਰਸ਼ਿਪ ਇਕੱਠੀ ਹੋ ਕੇ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀ ਇਸ ਤੋਂ ਪਹਿਲੇ ਰਾਜਾ ਵੜਿੰਗ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਟਕਸਾਲੀ ਕਾਂਗਰਸੀ ਨਰਾਜ਼ ਚੱਲ ਰਹੇ ਸਨ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਤੱਕ ਮਿਲ ਰਹੇ ਸਨ ਪਰ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਇਹ ਨਰਾਜ਼ਗੀ ਦੂਰ ਹੁੰਦੀ ਦਿਖਾਈ ਦੇ ਰਹੀ ਹੈ ਅੱਜ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਅਤੇ ਸਚਿਨ ਪਾਇਲਟ ਦੀ ਫੇਰੀ ਵਿੱਚ ਵੱਖ-ਵੱਖਧਾਰਮਿਕ ਅਸਥਾਨਾਂ ਤੋਂ ਇਲਾਵਾ ਸੇਂਟਪਾਲ ਚਰਚ ਦੀ ਫੇਰੀ ਵੀ ਸ਼ਾਮਿਲ ਹੈ ਜਿਆਦਾਤਰ ਪਾਰਟੀਆਂ ਦੇ ਨੇਤਾ ਹਰਿਮੰਦਰ ਸਾਹਿਬ ਦੁਰਗਿਆਣਾ ਮੰਦਿਰ ਅਤੇ ਰਾਮ ਤੀਰਥ ਮੰਦਰ ਨਤ ਮਸਤਕ ਹੁੰਦੇ ਹਨ ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਕਿ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਆਪਣੇ ਪੰਜਾਬ ਪ੍ਰਧਾਨ ਅਤੇ ਮੁਖੀ ਦੇ ਨਾਲ ਚਰਚ ਵਿੱਚ ਨਤਮਸਤਕ ਹੋਣ ਲਈ ਜਾ ਰਹੀ ਹੈ ਇਥੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਘੱਟ ਗਿਣਤੀਆਂ ਤੱਕ ਵੀ ਆਪਣੀ ਵਿਸ਼ੇਸ਼ ਪਹੁੰਚ ਕਰ ਰਹੀਆਂ ਹਨ ਪਾਰਟੀ ਦੀ ਇਹ ਕੋਸ਼ਿਸ਼ ਕਿਸ ਹੱਦ ਤੱਕ ਕਾਮਯਾਬ ਹੁੰਦੀ ਹੈ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ
- Download Babushahi App
-
-