ਦੁਕਾਨ ਦੇ ਤਾਲੇ ਤੋੜ ਅੰਦਰੋਂ ਪ੍ਰੋਫੈਸ਼ਨਲ ਕੈਮਰਾ ਤੇ ਦੋ ਹਾਰਡ ਡਿਸਕ ਲੈ ਉੱਡੇ ਚੋਰ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਚੋਰਾਂ ਨੇ ਪੁਲਿਸ ਦੀ ਨੱਕ ਵਿੱਚ ਦਮ ਕਰ ਦਿੱਤਾ ਹੈ। ਕਰੀਬ ਕਰੀਬ ਹਰ ਰੋਜ਼ ਕਿਸੇ ਨਾ ਕਿਸੇ ਚੋਰੀ ਦੀ ਵਾਰਦਾਤ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਘਟਨਾ ਗੁਰਦਾਸਪੁਰ ਬਾਹਿਰਰਾਮ ਪੁਰ ਰੋਡ ਤੇ ਸਥਿਤ ਡਾਲਾ ਪੈਟਰੋਲ ਪੰਪ ਨੇੜੇ ਬਰਨਾਲਾ ਪੁਲੀ ਤੇ ਵਾਪਰੀ ਹੈ ਜਿੱਥੇ ਇੱਕ ਫੋਟੋਗ੍ਰਾਫਰ ਦੀ ਦੁਕਾਨ ਨੂੰ ਜੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਸ਼ਟਰ ਦੇ ਤਾਲੇ ਤੋੜ ਕੇ ਦੁਕਾਨ ਦੇ ਅੰਦਰੋਂ ਇੱਕ ਮਹਿੰਗਾ ਕੈਮਰਾ ਤੇ ਦੋ ਹਾਰਡ ਡਿਸਕ ਚੋਰੀ ਕਰ ਲਈਆਂ ਗਈਆਂ। ਦੁਕਾਨਦਾਰ ਅਨੁਸਾਰ ਉਸ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੀੜਿਤ ਫੋਟੋਗ੍ਰਾਫਰ ਦੇ ਹੱਕ ਵਿੱਚ ਫੋਟੋਗ੍ਰਾਫਰ ਐਸੋਸੀਏਸ਼ਨ ਵੀ ਆ ਗਈ ਆ ਤੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਗਿਰਫਤਾਰ ਕੀਤਾ ਜਾਏ।
ਜਾਣਕਾਰੀ ਦਿੰਦਿਆ ਦੁਕਾਨ ਦੇ ਮਾਲਕ ਬੱਬੂ ਨੇ ਦੱਸਿਆ ਕਿ ਉਸਦੀ ਬਰਨਾਲੇ ਵਿਖੇ ਬੱਬੂ ਸਟੂਡੀਓ ਦੇ ਨਾਂ ਤੇ ਦੁਕਾਨ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਰਾਤ 8 ਵਜੇ ਦੇ ਕਰੀਬ ਉਹ ਦੁਕਾਨ ਬੰਦ ਕਰਕੇ ਘਰ ਚਲੇ ਗਏ ਸੀ। ਸਵੇਰੇ 9 ਵਜੇ ਦੇ ਕਰੀਬ ਜਦੋਂ ਦੁਕਾਨ ਤੇ ਆਏ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਸੀ । ਅੰਦਰ ਜਾ ਕੇ ਚੈੱਕ ਕੀਤਾ ਤਾਂ ਪਤਾ ਲੱਗ ਗਿਆ ਕਿ ਉਹਨਾਂ ਦਾ ਪ੍ਰੋਫੈਸ਼ਨਲ ਕੈਮਰਾ ਤੇ ਦੋ ਹਾਰਡ ਡਿਸਕ ਚੋਰ ਚੋਰੀ ਕਰਕੇ ਲੈ ਗਏ ਹਨ।
ਉੱਥੇ ਹੀ ਫੋਟੋਗ੍ਰਾਫਰ ਸਾਥੀ ਦੀ ਦੁਕਾਨ ਤੇ ਹੋਈ ਚੋਰੀ ਦੀ ਖਬਰ ਮਿਲਦਿਆਂ ਹੀ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰ ਉਹਨਾਂ ਦੀ ਦੁਕਾਨ ਤੇ ਪਹੁੰਚਣੇ ਸ਼ੁਰੂ ਹੋ ਗਏ । ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪਹਿਲਾਂ ਵਿਆਹ ਵਗੈਰਾ ਬੰਦ ਸੀ ਇਸ ਲਈ ਫੋਟੋਗ੍ਰਾਫਰਾਂ ਨੂੰ ਮੰਦੀ ਦਿਨ ਦੇਖਣੇ ਪੈ ਰਹੇ ਸੀ ਤੇ ਹੁਣ ਜਦੋਂ ਕੰਮ ਦਾ ਸੀਜ਼ਨ ਹੈ ਤਾਂ ਬੱਬੂ ਫੋਟੋਗ੍ਰਾਫਰ ਦੀ ਦੁਕਾਨ ਤੋਂ ਚੋਰ ਕੈਮਰਾ ਕੱਢ ਕੇ ਲੈ ਗਏ ਹਨ ਅਜਿਹੇ ਵਿੱਚ ਉਹਨਾਂ ਲਈ ਪਰਿਵਾਰ ਪਾਲਣਾ ਮੁਸ਼ਕਿਲ ਹੋ ਜਾਏਗਾ ਕਿਉਂਕਿ ਬੱਬੂ ਅਤੇ ਉਹਨਾਂ ਦਾ ਲੜਕਾ ਦੋਵੇਂ ਹੀ ਇਸ ਦੁਕਾਨ ਤੇ ਕੰਮ ਕਰਦੇ ਹਨ । ਉਹਨਾਂ ਦਾ ਹੋਰ ਕੋਈ ਰੁਜ਼ਗਾਰ ਨਹੀਂ । ਉਹਨਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਏ ।
- Download Babushahi App
-
-