ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ 70 ਲੱਖ ਰੁਪਏ ਦੀਆਂ ਦੋ ਅਤਿ-ਆਧੁਨਿਕ ਸਕਸ਼ਨ ਮਸ਼ੀਨਾਂ ਦੀ ਸੌਗਾਤ
ਆਧੁਨਿਕ ਤਕਨਾਲੋਜੀ ਨਾਲ ਹੋਵੇਗੀ ਮੁੱਖ ਸੜਕਾਂ ਦੀ ਸਫ਼ਾਈ
ਬਠਿੰਡਾ ਹੋਵੇਗਾ ਹੋਰ ਵੀ ਸਾਫ਼-ਸੁਥਰਾ ਤੇ ਸੁੰਦਰ : ਮੇਅਰ ਪਦਮਜੀਤ ਸਿੰਘ ਮਹਿਤਾ
ਅਸ਼ੋਕ ਵਰਮਾ
ਬਠਿੰਡਾ, 22 ਜੁਲਾਈ 2026 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਨੂੰ ਆਧੁਨਿਕ ਅਤੇ ਸਾਫ਼-ਸੁਥਰਾ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਬਠਿੰਡਾ ਨਗਰ ਨਿਗਮ ਨੇ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਵਿੱਚ ਸ਼ਹਿਰ ਵਾਸੀਆਂ ਨੂੰ ਇੱਕ ਹੋਰ ਵੱਡੀ ਸੌਗਾਤ ਦਿੱਤੀ ਹੈ। ਨਗਰ ਨਿਗਮ ਵੱਲੋਂ ਲਗਭਗ 70 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਦੋ ਅਤਿ-ਆਧੁਨਿਕ ਹੈਵੀ ਡਿਊਟੀ ਸਕਸ਼ਨ ਮਸ਼ੀਨਾਂ (ਲਿਟਰ ਪਿਕਰ-ਡਰਾਈ ਅਤੇ ਵੈੱਟ ਵੇਸਟ ਕਲੈਕਸ਼ਨ ਮਸ਼ੀਨਾਂ) ਨੂੰ ਅੱਜ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਆਪਣੇ ਸਾਥੀ ਕੌਂਸਲਰਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹਰੀ ਝੰਡੀ ਵਿਖਾ ਕੇ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਸਫ਼ਾਈ ਲਈ ਰਵਾਨਾ ਕੀਤਾ।
ਇਸ ਦੌਰਾਨ ਮੇਅਰ ਨੇ ਦੋਵਾਂ ਮਸ਼ੀਨਾਂ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਤੋਂ ਉਨ੍ਹਾਂ ਦੀ ਕਾਰਜ-ਪ੍ਰਣਾਲੀ ਅਤੇ ਸੰਚਾਲਨ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਹਰ ਇੱਕ ਮਸ਼ੀਨ ਦੀ ਕੀਮਤ ਲਗਭਗ 35 ਲੱਖ ਰੁਪਏ ਹੈ ਅਤੇ ਦੋਵਾਂ ਮਸ਼ੀਨਾਂ ’ਤੇ ਕੁੱਲ 70 ਲੱਖ ਰੁਪਏ ਦੀ ਲਾਗਤ ਆਈ ਹੈ। ਇਨ੍ਹਾਂ ਮਸ਼ੀਨਾਂ ਦੇ ਸ਼ਾਮਲ ਹੋਣ ਨਾਲ ਨਗਰ ਨਿਗਮ ਦੀ ਸਫ਼ਾਈ ਪ੍ਰਣਾਲੀ ਹੋਰ ਆਧੁਨਿਕ, ਪ੍ਰਭਾਵਸ਼ਾਲੀ ਅਤੇ ਤੇਜ਼ ਹੋਵੇਗੀ। ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਇਹ ਅਤਿ-ਆਧੁਨਿਕ ਹਾਈ ਸਕਸ਼ਨ ਮਸ਼ੀਨਾਂ ਸ਼ਹਿਰ ਦੀਆਂ ਮੁੱਖ ਸੜਕਾਂ, ਜੀ.ਟੀ. ਰੋਡ ਅਤੇ ਹੋਰ ਲੰਬੀਆਂ ਸੜਕਾਂ ’ਤੇ ਪਈ ਧੂੜ, ਮਿੱਟੀ, ਪਲਾਸਟਿਕ ਅਤੇ ਸੁੱਕੇ ਤੇ ਗਿੱਲੇ ਕੂੜੇ ਦੀ ਸਫ਼ਾਈ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਪਹਿਲਾਂ ਇਨ੍ਹਾਂ ਸੜਕਾਂ ਦੀ ਸਫ਼ਾਈ ਲਈ ਵੱਧ ਸਮਾਂ ਅਤੇ ਵੱਡੀ ਗਿਣਤੀ ਵਿੱਚ ਸਫ਼ਾਈ ਕਰਮਚਾਰੀਆਂ ਦੀ ਲੋੜ ਪੈਂਦੀ ਸੀ, ਪਰ ਹੁਣ ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਘੱਟ ਸਮੇਂ ਵਿੱਚ ਵੱਧ ਖੇਤਰ ਦੀ ਬਿਹਤਰ ਸਫ਼ਾਈ ਸੰਭਵ ਹੋਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਸੂਬੇ ਦੇ ਹਰ ਸ਼ਹਿਰ ਵਿੱਚ ਆਧੁਨਿਕ ਤਕਨਾਲੋਜੀ ਆਧਾਰਿਤ ਸਫ਼ਾਈ ਪ੍ਰਣਾਲੀ ਨੂੰ ਵਿਕਸਤ ਕਰਨਾ ਹੈ। ਇਸੇ ਨੀਤੀ ਅਨੁਸਾਰ ਬਠਿੰਡਾ ਨਗਰ ਨਿਗਮ ਵੀ ਲਗਾਤਾਰ ਨਵੀਂ ਤਕਨਾਲੋਜੀ ਨੂੰ ਅਪਣਾ ਕੇ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਵਾਤਾਵਰਣ ਪੱਖੋਂ ਬਿਹਤਰ ਬਣਾਉਣ ਲਈ ਕੰਮ ਕਰ ਰਿਹਾ ਹੈ। ਮੇਅਰ ਨੇ ਕਿਹਾ ਕਿ ਹੁਣ ਮੁੱਖ ਸੜਕਾਂ ਦੀ ਸਫ਼ਾਈ ਮਸ਼ੀਨਾਂ ਰਾਹੀਂ ਹੋਣ ਨਾਲ ਸਫ਼ਾਈ ਕਰਮਚਾਰੀਆਂ ਨੂੰ ਸ਼ਹਿਰ ਦੀਆਂ ਗਲੀਆਂ, ਮੁਹੱਲਿਆਂ ਅਤੇ ਹੋਰ ਅੰਦਰੂਨੀ ਇਲਾਕਿਆਂ ਦੀ ਸਫ਼ਾਈ ਲਈ ਵੱਧ ਸਮਾਂ ਮਿਲੇਗਾ। ਇਸ ਨਾਲ ਪੂਰੇ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਪਹਿਲਾਂ ਨਾਲੋਂ ਹੋਰ ਪ੍ਰਭਾਵਸ਼ਾਲੀ ਬਣੇਗੀ ਅਤੇ ਸਫ਼ਾਈ ਮੁਹਿੰਮ ਨੂੰ ਨਵੀਂ ਰਫ਼ਤਾਰ ਮਿਲੇਗੀ।
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਬਠਿੰਡਾ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਆਧੁਨਿਕ ਸ਼ਹਿਰ ਬਣਾਉਣਾ ਨਗਰ ਨਿਗਮ ਦੀ ਸਭ ਤੋਂ ਵੱਡੀ ਤਰਜੀਹ ਹੈ। ਨਗਰ ਨਿਗਮ ਲਗਾਤਾਰ ਨਵੀਆਂ ਤਕਨੀਕਾਂ ਅਪਣਾ ਕੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ। 70 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਇਹ ਦੋਵੇਂ ਅਤਿ-ਆਧੁਨਿਕ ਸਕਸ਼ਨ ਮਸ਼ੀਨਾਂ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਵਿੱਚ ਇਨਕਲਾਬੀ ਬਦਲਾਅ ਲਿਆਉਣਗੀਆਂ। ਸ੍ਰੀ ਮਹਿਤਾ ਨੇ ਕਿਹਾ ਕਿ ਮੁੱਖ ਸੜਕਾਂ ਅਤੇ ਜੀ.ਟੀ. ਰੋਡ ਵਰਗੀਆਂ ਲੰਬੀਆਂ ਸੜਕਾਂ ਦੀ ਸਫ਼ਾਈ ਹੁਣ ਹੋਰ ਤੇਜ਼, ਵਿਗਿਆਨਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੋਵੇਗੀ। ਇਸ ਨਾਲ ਸਫ਼ਾਈ ਕਰਮਚਾਰੀਆਂ ਦਾ ਸਮਾਂ ਬਚੇਗਾ ਅਤੇ ਉਹ ਸ਼ਹਿਰ ਦੀਆਂ ਅੰਦਰੂਨੀ ਗਲੀਆਂ ਅਤੇ ਰਿਹਾਇਸ਼ੀ ਇਲਾਕਿਆਂ ਦੀ ਸਫ਼ਾਈ ਵੱਲ ਹੋਰ ਵੱਧ ਧਿਆਨ ਦੇ ਸਕਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਸਫ਼ਾਈ ਕਰਨਾ ਹੀ ਨਹੀਂ, ਸਗੋਂ ਬਠਿੰਡਾ ਨੂੰ ਪੰਜਾਬ ਦੇ ਸਭ ਤੋਂ ਸਾਫ਼-ਸੁਥਰੇ, ਸੁੰਦਰ ਅਤੇ ਵਿਕਸਿਤ ਸ਼ਹਿਰਾਂ ਵਿੱਚ ਸ਼ਾਮਲ ਕਰਨਾ ਹੈ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਗਰ ਨਿਗਮ ਦੀ ਸਫ਼ਾਈ ਮੁਹਿੰਮ ਵਿੱਚ ਸਰਗਰਮ ਸਹਿਯੋਗ ਦੇਣ, ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ ਅਤੇ ਸਾਫ਼-ਸੁਥਰੇ ਬਠਿੰਡੇ ਦੀ ਉਸਾਰੀ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਬਠਿੰਡਾ ਨੂੰ ਇੱਕ ਆਦਰਸ਼, ਸਾਫ਼-ਸੁਥਰਾ ਅਤੇ ਸੁੰਦਰ ਸ਼ਹਿਰ ਬਣਾਇਆ ਜਾ ਸਕਦਾ ਹੈ।ਇਸ ਮੌਕੇ ਕੌਂਸਲਰ ਸ੍ਰੀ ਸ਼ਾਮ ਲਾਲ ਜੈਨ, ਸ੍ਰੀ ਉਮੇਸ਼ ਗਰਗ, ਸ੍ਰੀ ਰਾਣਾ, ਸ੍ਰੀ ਅਸ਼ੋਕ ਕੰਸਲ, ਸ੍ਰੀ ਗੁਰਚਰਨ ਸਿੰਘ, ਸ੍ਰੀ ਰਾਜ ਮਹਿਤਾ, ਸ੍ਰੀ ਗੁਰਸੇਵਕ ਸਿੰਘ, ਸ੍ਰੀ ਹਰਪਾਲ ਸਿੰਘ, ਸ੍ਰੀ ਅਸੇਸਰ ਪਾਸਵਾਨ, ਸ੍ਰੀ ਮਨੀਸ਼ ਡਿੰਪੀ ਬਾਘਲਾ, ਸ੍ਰੀ ਗੋਬਿੰਦ ਮਸੀਹ, ਸ੍ਰੀ ਕੁਲਵਿੰਦਰ ਸਿੰਘ ਮਾਂਕੜ, ਸ੍ਰੀਮਤੀ ਰਾਜਿੰਦਰ ਕੌਰ, ਸ੍ਰੀਮਤੀ ਨੇਹਾ ਕੁਮਾਰੀ, ਸ੍ਰੀ ਬਲਦੇਵ ਸਿੰਘ, ਸ੍ਰੀ ਬਲਵਿੰਦਰ ਸਿੰਘ ਬਿੰਦਰ, ਐਡਵੋਕੇਟ ਲਿਤੇਸ਼ ਗਰਗ, ਸ੍ਰੀ ਮੋਹਿੰਦਰ ਬਾਲਾ ਜੀ, ਸ੍ਰੀ ਵਿਪਨ ਮੀਤੂ, ਸ੍ਰੀ ਮਨੀਸ਼ ਪਾਂਧੀ ਸਮੇਤ ਸੈਨੇਟਰੀ ਇੰਸਪੈਕਟਰ ਵੀ ਹਾਜ਼ਰ ਸਨ।
- Download Babushahi App
-
-