ਥੈਲੇਸੀਮੀਆ ਪੀੜਤ ਮਰੀਜ਼ਾਂ ਲਈ ਡੇਰਾ ਸ਼ਰਧਾਲੂਆਂ ਨੇ ਵਿਸ਼ੇਸ਼ ਖੂਨਦਾਨ ਕੈਂਪ ਲਾਇਆ
ਅਸ਼ੋਕ ਵਰਮਾ
ਲੁਧਿਆਣਾ, 4 ਅਗਸਤ 2026 :ਥੈਲੇਸੀਮੀਆ ਪੀੜਤ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਐਮ ਐਸ ਜੀ ਟਰੂ ਬਲੱਡ ਪੰਪ ਤਹਿਤ ਸ਼ਾਹ ਸਤਿਨਾਮ ਜੀ ਗ੍ਰੀਨ 'ਐੱਸ' ਵੈਲਫੇਅਰ ਕਮੇਟੀ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਵਿੱਚ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਸ ਵੇਲੇ ਲਾਇਆ ਗਿਆ, ਜਦੋਂ ਹਸਪਤਾਲ ਦੇ ਬਲੱਡ ਬੈਂਕ ਵਿੱਚ ਥੈਲੇਸੀਮੀਆ ਪੀੜਤ ਬੱਚਿਆਂ ਲਈ ਖੂਨ ਦੀ ਕਮੀ ਪੈਦਾ ਹੋ ਗਈ ਸੀ।
ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਇੰਚਾਰਜ ਡਾ. ਅਮਨਪ੍ਰੀਤ ਕੌਰ (ਬੀ.ਟੀ.ਓ.) ਨੇ ਦੱਸਿਆ ਕਿ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਖੂਨ ਦੀ ਕਮੀ ਹੋ ਗਈ ਸੀ ਅਤੇ ਕੁਝ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਅਸਥਾਈ ਤੌਰ 'ਤੇ ਵਾਪਸ ਭੇਜਣਾ ਪਿਆ। ਉਨ੍ਹਾਂ ਕਿਹਾ ਕਿ ਇਹ ਸਥਿਤੀ ਉਨ੍ਹਾਂ ਲਈ ਬਹੁਤ ਦੁਖਦਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਾਹ ਸਤਿਨਾਮ ਜੀ ਗ੍ਰੀਨ 'ਐੱਸ' ਵੈਲਫੇਅਰ ਕਮੇਟੀ ਨਾਲ ਸੰਪਰਕ ਕਰਕੇ ਤੁਰੰਤ ਖੂਨਦਾਨ ਕੈਂਪ ਲਗਾਉਣ ਦੀ ਬੇਨਤੀ ਕੀਤੀ।
ਡਾ. ਅਮਨਪ੍ਰੀਤ ਕੌਰ ਨੇ ਕਿਹਾ, "ਮੇਰੇ ਕੋਲ ਸ਼ਬਦ ਨਹੀਂ ਹਨ ਕਿ ਮੈਂ ਇਸ ਟੀਮ ਦਾ ਕਿੰਨਾ ਧੰਨਵਾਦ ਕਰਾਂ। ਮੈਂ ਖੁਦ ਬੇਨਤੀ ਕਰਕੇ ਇਹ ਕੈਂਪ ਮੰਗਿਆ ਸੀ ਅਤੇ ਬਹੁਤ ਘੱਟ ਸਮੇਂ ਵਿੱਚ 25 ਤੋਂ 30 ਖੂਨਦਾਨੀ ਹਸਪਤਾਲ ਪਹੁੰਚ ਗਏ। ਇਸ ਨਾਲ ਥੈਲੇਸੀਮੀਆ ਪੀੜਤ ਬੱਚਿਆਂ ਲਈ ਖੂਨ ਦੀ ਕਮੀ ਦੂਰ ਹੋ ਗਈ।"
ਉਨ੍ਹਾਂ ਦੱਸਿਆ ਕਿ ਕਈ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਹਰ 15 ਦਿਨਾਂ ਬਾਅਦ ਖੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜੇ ਹਰ ਬੱਚੇ ਲਈ ਨਿਯਮਿਤ ਖੂਨਦਾਨੀਆਂ ਦਾ ਇੱਕ "ਡੋਨਰ ਪੂਲ" ਤਿਆਰ ਕੀਤਾ ਜਾਵੇ ਤਾਂ ਇੱਕੋ ਸਮੂਹ ਦੇ ਖੂਨਦਾਨੀਆਂ ਤੋਂ ਖੂਨ ਮਿਲਣ ਕਾਰਨ ਰਿਐਕਸ਼ਨ ਦੀ ਸੰਭਾਵਨਾ ਘੱਟ ਹੁੰਦੀ ਹੈ ਅਤੇ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਲਾਭ ਮਿਲਦਾ ਹੈ।
ਉਨ੍ਹਾਂ ਨੇ ਲੋਕਾਂ ਨੂੰ ਖੂਨਦਾਨ ਦੇ ਨਾਲ-ਨਾਲ ਪਲੇਟਲੈਟਸ ਦਾਨ ਲਈ ਵੀ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਦੇ ਮੌਸਮ ਵਿੱਚ ਪਲੇਟਲੈਟਸ ਦੀ ਲੋੜ ਕਾਫ਼ੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਕ ਯੂਨਿਟ ਖੂਨ ਤਿੰਨ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਸਹਾਇਕ ਹੋ ਸਕਦਾ ਹੈ।
ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ 'ਐੱਸ' ਵੈਲਫੇਅਰ ਕਮੇਟੀ ਦੇ ਸਟੇਟ ਕਮੇਟੀ ਮੈਂਬਰ ਜਸਵੀਰ ਇੰਸਾਂ ਨੇ ਦੱਸਿਆ ਕਿ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਦੀ ਪ੍ਰੇਰਨਾ ਸਦਕਾ ਸੰਸਥਾ ਲੰਮੇ ਸਮੇਂ ਤੋਂ ਖੂਨਦਾਨ ਸਮੇਤ ਵੱਖ-ਵੱਖ ਸਮਾਜ ਭਲਾਈ ਦੇ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਹਸਪਤਾਲ ਤੋਂ ਥੈਲੇਸੀਮੀਆ ਜਾਂ ਹੋਰ ਮਰੀਜ਼ਾਂ ਲਈ ਖੂਨ ਦੀ ਲੋੜ ਦਾ ਸੁਨੇਹਾ ਮਿਲੇਗਾ, ਸੰਸਥਾ ਦੇ ਸੇਵਾਦਾਰ ਹਰ ਸੰਭਵ ਸਹਿਯੋਗ ਦੇਣਗੇ।
ਕੈਂਪ ਵਿੱਚ 33ਵੀਂ ਵਾਰ ਖੂਨਦਾਨ ਕਰਨ ਵਾਲੇ ਲਖਵਿੰਦਰ ਸਿੰਘ ਨੇ ਕਿਹਾ ਕਿ ਉਹ ਸਾਲਾਂ ਤੋਂ ਨਿਯਮਿਤ ਖੂਨਦਾਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਮਹਿਸੂਸ ਨਹੀਂ ਹੋਈ। ਉਨ੍ਹਾਂ ਕਿਹਾ ਕਿ ਖੂਨਦਾਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਇਸ ਮਹਾਨ ਸੇਵਾ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ।
- Download Babushahi App
-
-