ਤਲਵੰਡੀ ਚੌਂਕ ’ਚ ਭਿਆਨਕ ਜਾਮ, ਤਪਦੀ ਗਰਮੀ ’ਚ ਬੱਸਾਂ ਅੰਦਰ ਘੰਟਾ ਭਰ ਵਿਲਕਦੇ ਰਹੇ ਸਕੂਲੀ ਬੱਚੇ
*ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਦੀ ਟ੍ਰੈਫਿਕ ਵਿਵਸਥਾ ਧੜੰਮ,*
*ਮੌਕੇ ਤੋਂ ਪੁਲਿਸ ਰਹੀ ਨਦਾਰਦ; ਸ਼ਹਿਰ ਵਾਸੀਆਂ ਵੱਲੋਂ ਰਿੰਗ ਰੋਡ ਦੀ ਪੁਰਜ਼ੋਰ ਮੰਗ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 1 ਸਤੰਬਰ 2026 ਇਤਿਹਾਸਕ ਅਤੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਲੀਹੋਂ ਲਹਿ ਚੁੱਕੀ ਹੈ। ਅੱਜ ਦੁਪਹਿਰ ਤਲਵੰਡੀ ਚੌਂਕ ਵਿੱਚ ਲੱਗੇ ਕਰੀਬ ਇੱਕ ਘੰਟੇ ਲੰਮੇ ਭਿਆਨਕ ਜਾਮ ਨੇ ਸ਼ਹਿਰ ਦੀ ਰਫ਼ਤਾਰ ਰੋਕ ਕੇ ਰੱਖ ਦਿੱਤੀ, ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਆਮ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਜਾਮ ਦੀ ਸਭ ਤੋਂ ਵੱਧ ਮਾਰ ਸਕੂਲਾਂ ਤੋਂ ਛੁੱਟੀ ਤੋਂ ਬਾਅਦ ਘਰਾਂ ਨੂੰ ਪਰਤ ਰਹੀਆਂ ਸਕੂਲੀ ਬੱਸਾਂ ’ਤੇ ਪਈ। ਅੱਗ ਵਰ੍ਹਾਉਂਦੀ ਤਪਦੀ ਗਰਮੀ ਦੌਰਾਨ ਬੱਸਾਂ ਅੰਦਰ ਬੈਠੇ ਮਾਸੂਮ ਬੱਚੇ ਬੁਰੀ ਤਰ੍ਹਾਂ ਵਿਲਕਦੇ ਅਤੇ ਬੇਹਾਲ ਹੁੰਦੇ ਰਹੇ। ਹੈਰਾਨੀ ਦੀ ਗੱਲ ਇਹ ਰਹੀ ਕਿ ਪੂਰਾ ਇੱਕ ਘੰਟਾ ਆਵਾਜਾਈ ਠੱਪ ਰਹਿਣ ਦੇ ਬਾਵਜੂਦ ਚੌਂਕ ਵਿੱਚ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ’ਤੇ ਮੌਜੂਦ ਨਹੀਂ ਸੀ, ਜਿਸ ਨੂੰ ਲੈ ਕੇ ਮਾਪਿਆਂ ਅਤੇ ਸਥਾਨਕ ਲੋਕਾਂ ਵਿੱਚ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਫੈਲ ਗਿਆ।
ਸ਼ਹਿਰ ਨੂੰ 'ਸਮਾਰਟ ਸਿਟੀ' ਵਜੋਂ ਵਿਕਸਤ ਕਰਨ ਦੇ ਵੱਡੇ-ਵੱਡੇ ਸਰਕਾਰੀ ਦਾਅਵਿਆਂ ਦੀ ਹਕੀਕਤ ਜ਼ਮੀਨ ’ਤੇ ਪੂਰੀ ਤਰ੍ਹਾਂ ਖੋਖਲੀ ਸਾਬਤ ਹੋ ਰਹੀ ਹੈ। ਸਥਾਨਕ ਲੋਕਾਂ ਅਨੁਸਾਰ ਤਲਵੰਡੀ ਚੌਂਕ ਸਮੇਤ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਨਾਜਾਇਜ਼ ਪਾਰਕਿੰਗ ਅਤੇ ਕਬਜ਼ਿਆਂ ਨੇ ਪਹਿਲਾਂ ਹੀ ਤੰਗ ਰਸਤਿਆਂ ਦਾ ਗਲ਼ ਘੁੱਟ ਰੱਖਿਆ ਹੈ। ਸਕੂਲਾਂ ਦੀ ਛੁੱਟੀ ਦੇ ਪੀਕ ਆਵਰ ਦੌਰਾਨ ਸਥਿਤੀ ਬੇਕਾਬੂ ਹੋ ਜਾਂਦੀ ਹੈ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਮੌਕੇ ਬੱਚਿਆਂ ਦੇ ਮਾਪੇ ਸੁਖਜੀਤ ਸਿੰਘ ਅਤੇ ਜੋਗਾ ਸਿੰਘ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਇੱਕ ਪ੍ਰਮੁੱਖ ਧਾਰਮਿਕ ਕੇਂਦਰ ਹੈ, ਜਿੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਸ਼ਨਾਂ ਲਈ ਰੋਜ਼ਾਨਾ ਵੱਡੀ ਗਿਣਤੀ ਸੰਗਤ ਪਹੁੰਚਦੀ ਹੈ। ਬਾਹਰੀ ਵਾਹਨਾਂ ਦੇ ਸ਼ਹਿਰ ਅੰਦਰ ਦਾਖ਼ਲ ਹੋਣ ਕਾਰਨ ਟ੍ਰੈਫਿਕ ਦਾ ਦਬਾਅ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸਮੱਸਿਆ ਦਾ ਪੱਕਾ ਹੱਲ ਸਿਰਫ਼ ਤੇ ਸਿਰਫ਼ ਸ਼ਹਿਰ ਦੇ ਆਲੇ-ਦੁਆਲੇ ਰਿੰਗ ਰੋਡ ਬਣਾ ਕੇ ਹੀ ਸੰਭਵ ਹੈ ਤਾਂ ਜੋ ਬਾਹਰੀ ਆਵਾਜਾਈ ਬਾਹਰੋਂ ਹੀ ਲੰਘ ਸਕੇ।
ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਨੂੰ ਸਿੱਧਾ ਸਵਾਲ ਕੀਤਾ ਕਿ ਜਦੋਂ ਤਪਦੀ ਗਰਮੀ ਵਿੱਚ ਮਾਸੂਮ ਬੱਚੇ ਜਾਮ ਵਿੱਚ ਫਸੇ ਤੜਫ ਰਹੇ ਹੋਣ ਅਤੇ ਸੜਕਾਂ ’ਤੇ ਕੋਈ ਪੁਲਿਸ ਮੁਲਾਜ਼ਮ ਨਾ ਹੋਵੇ, ਤਾਂ ਕੀ ਸ਼ਹਿਰ ਦੀ ਸੁਰੱਖਿਆ ਤੇ ਵਿਵਸਥਾ ਰੱਬ ਆਸਰੇ ਛੱਡ ਦਿੱਤੀ ਗਈ ਹੈ? ਲੋਕਾਂ ਨੇ ਮੰਗ ਕੀਤੀ ਹੈ ਕਿ ਨਾਜਾਇਜ਼ ਪਾਰਕਿੰਗ ਖ਼ਿਲਾਫ਼ ਤੁਰੰਤ ਸਖ਼ਤ ਮੁਹਿੰਮ ਵਿੱਢੀ ਜਾਵੇ, ਸਕੂਲਾਂ ਦੀ ਛੁੱਟੀ ਵੇਲੇ ਚੌਂਕਾਂ ਵਿੱਚ ਪੁਲਿਸ ਕਰਮੀਆਂ ਦੀ ਪੱਕੀ ਤਾਇਨਾਤੀ ਕੀਤੀ ਜਾਵੇ ਅਤੇ ਰਿੰਗ ਰੋਡ ਦੇ ਪ੍ਰੋਜੈਕਟ ਨੂੰ ਪਹਿਲ ਦੇ ਆਧਾਰ ’ਤੇ ਅਮਲ ਵਿੱਚ ਲਿਆਂਦਾ ਜਾਵੇ ਤਾਂ ਜੋ ਲੋਕਾਂ ਨੂੰ ਰੋਜ਼-ਰੋਜ਼ ਦੇ ਇਸ ਨਰਕ ਤੋਂ ਮੁਕਤੀ ਮਿਲ ਸਕੇ।
- Download Babushahi App
-
-