ਡਿਪਟੀ ਕਮਿਸ਼ਨਰ ਦਫਤਰ ਬਠਿੰਡਾ ਅੱਗੇ ਪੂਰਾ ਦਿਨ ਹੋਈ ਕਿਸਾਨਾਂ ਦੀ ਜ਼ਿੰਦਾਬਾਦ ਮੁਰਦਾਬਾਦ
ਅਸ਼ੋਕ ਵਰਮਾ
ਬਠਿੰਡਾ ,31ਅਗਸਤ 2026: ਕਿਸਾਨਾਂ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫਤਰ ਅੱਗੇ ਲਾਏ ਪੱਕੇ ਮੋਰਚੇ ਦੇ ਅੱਜ ਦੂਜੇ ਦਿਨ ਵੀ ਕਿਸਾਨਾਂ ਮਜ਼ਦੂਰਾਂ ਖਾਸ ਕਰਕੇ ਔਰਤ ਭੈਣਾਂ ਦੇ ਕਾਫਲੇ ਜੋਸੋ ਖਰੋਸ਼ ਨਾਲ ਨਾਅਰੇ ਲਾਉਂਦੇ ਮੋਰਚੇ ਵਿੱਚ ਸ਼ਾਮਿਲ ਹੋਏ।ਅੱਜ ਦੇ ਇਕੱਠਾਂ ਦੇ ਵਿੱਚ ਬੁਲਾਰਿਆਂ ਨੇ
ਕਿਹਾ ਕਿ ਡਰੋਨਾਂ ਰਾਹੀਂ ਵੱਖ-ਵੱਖ ਥਾਵਾਂ ਤੇ ਕੀਤੇ ਜਾ ਰਹੇ ਸਰਵੇਖਣਾ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ ਅਤੇ ਉਹ ਚਿੰਤਤ ਹਨ ਇਸ ਲਈ ਸਰਕਾਰ ਨੂੰ ਇਸ ਸੰਬੰਧ ਵਿੱਚ ਕੋਈ ਬਿਆਨ ਜਾਂ ਦਿਸ਼ਾ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਜਿਹਾ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਹਾਕਮ ਧਿਰ ਦੇ ਆਗੂਆਂ ਨੂੰ ਪਿੰਡ ਪਿੰਡ ਵਿੱਚ ਘੇਰਿਆ ਜਾਵੇਗਾ।
ਭਾਰਤ-ਅਮਰੀਕਾ ਵਪਾਰ ਸਮਝੌਤਾ, ਲੈਂਡ ਪੂਲਿੰਗ ਨੀਤੀ, ਕਰਜ਼ਾ ਮੁਕਤੀ, ਜਮੀਨਾਂ ਦੇ ਮਾਲਕੀ ਹੱਕ, ਹੜ੍ਹ ਪੀੜਤਾਂ ਲਈ ਮੁਆਵਜ਼ਾ ਅਤੇ ਪੁਲਿਸ ਜਬਰ , ਖੇਤੀ ਫਸਲਾਂ ਤੇ ਐਮ ਐਸ ਪੀ ਦਰਿਆਈ ਪਾਣੀ ਦੇ ਵੰਡ ਅਤੇ ਸਾਂਭ ਸੰਭਾਲ ਵਰਗੇ ਮੁੱਦਿਆਂ ਖਿਲਾਫ ਜਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਔਰਤ ਜਥੇਬੰਦੀ ਦੀ ਸੂਬਾ ਆਗੂ ਹਰਿੰਦਰ ਬਿੰਦੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਦੀਆਂ ਸਾਮਰਾਜੀ ਰਾਸ਼ਟਰੀ ਬਹੁਰਾਸ਼ਟਰੀ ਕੰਪਨੀਆਂ ਵੱਲੋਂ ਭਾਰਤ ਵਿੱਚ ਵੱਡੇ ਕਾਰੋਬਾਰਾਂ ਰਾਹੀਂ ਦੇਸ਼ ਦੇ ਕਿਰਤੀ ਲੋਕਾਂ ਦੀ ਅੰਨੀ ਲੁੱਟ ਕੀਤੀ ਜਾ ਰਹੀ ਹੈ ਅਤੇ ਇਸ ਲੁੱਟ ਨੂੰ ਜਾਰੀ ਰੱਖਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਖੁੱਲੀਆਂ ਛੋਟਾਂ ਦਿੱਤੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਸਰਕਾਰਾਂ ਖੁਦ ਵੱਡੇ ਕਰਜੇ ਚੁੱਕ ਕੇ ਇਹਨਾਂ ਕੰਪਨੀਆਂ ਨੂੰ ਵੱਡੀਆਂ ਟੈਕਸ ਛੋਟਾਂ, ਰਿਆਇਤਾਂ ਦੇ ਕੇ ਅਤੇ ਇਹਨਾਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ, ਟੈਕਸ ਮੁਆਫ ਕੀਤੇ ਜਾਂਦੇ ਹਨ ਜਦੋਂ ਕਿ ਲੁੱਟ ਦਾ ਸ਼ਿਕਾਰ ਹੋ ਰਹੇ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀ ਲੋਕਾਂ ਸਿਰ ਕਰਜੇ ਦੀਆਂ ਪੰਡਾਂ ਚੜੀਆਂ ਹੋਈਆਂ ਹਨ । ਬੁਲਾਰਿਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਭਾਰਤ ਅਮਰੀਕਾ ਟੈਕਸ ਮੁਕਤ ਵਪਾਰ ਸਮਝੌਤਾ ਰੱਦ ਹੋਵੇ ,ਲੈਂਡਪੂਲਿੰਗ ਨੀਤੀ ਪੰਜਾਬ ਸਰਕਾਰ ਵਾਪਸ ਲਵੇ ਕਾਸ਼ਤਕਾਰਾਂ ਮੁਜ਼ਾਰਿਆਂ ਅਤੇ ਅਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਤੇ ਮਜ਼ਦੂਰਾਂ ਦਾ ਉਜਾੜਾ ਬੰਦ ਕਰਨ ਸਮੇਤ ਵੱਖ-ਵੱਖ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ। ਬੁਲਾਰੇ ਆਗੂਆਂ ਨੇ ਪਾਸ਼ ਦੀ ਯਾਦਗਾਰ 'ਤੇ ਕਬਜ਼ਾ ਕਰਨ ਸਬੰਧੀ ਚੇਤਾਵਨੀ ਦਿੰਦਿਆਂ ਇਸ ਜਗਹਾ ਨੂੰ ਸ਼ਹੀਦੀ ਯਾਦਗਾਰ ਐਲਾਨਣ ਦੀ ਮੰਗ ਵੀ ਦਰਹਾਈ।ਇਸ ਮੌਕੇ ਲੋਕ ਪੱਖੀ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ਤੇ 9 ਸਤੰਬਰ ਨੂੰ ਕੀਤੇੇ ਜਾ ਇਕੱਠ ਵਿੱਚ ਭਾਰੀ ਉਤਸ਼ਾਹ ਦੇ ਨਾਲ ਸ਼ਾਮਿਲ ਹੋਣ ਦਾ ਐਲਾਨ ਵੀ ਕੀਤਾ ਗਿਆ। ਬੁਲਾਰਿਆਂ ਨੇ ਸਾਫ ਕੀਤਾ ਵੀ ਇਹ ਅਣਮਿਥੇ ਸਮੇਂ ਲਈ ਲਾਏ ਪੱਕੇ ਮੋਰਚੇ ਜਾਰੀ ਰਹਿਣਗੇ । ਅੱਜ ਦੇ ਇਕੱਠ ਨੂੰ ਜਗਦੇਵ ਸਿੰਘ ਜੋਗੇਵਾਲਾ, ਅਮਰੀਕ ਸਿੰਘ ਸਿਵੀਆਂ, ਰਾਜਵਿੰਦਰ ਸਿੰਘ ਰਾਮ ਨਗਰ ਅਤੇ ਅਵਤਾਰ ਸਿੰਘ ਭਗਤਾ ਨੇ ਵੀ ਸੰਬੋਧਨ ਕੀਤਾ।
- Download Babushahi App
-
-