ਡਾਲੀ ਪਹੁੰਚੇ ਚੰਡੀਗੜ੍ਹ: ਇੱਕ ਦੁਰਲੱਭ ਕਲਾ ਸੰਗ੍ਰਹਿ, ਇੱਕ ਅਦਭੁੱਤ ਪਰਿਵਾਰਕ ਕਹਾਣੀ- ਇੱਕ ਨਵਾਂ ਸੱਭਿਆਚਾਰਕ ਸੰਵਾਦ
ਪਹਿਲੀ ਵਾਰ ਸਲਵਾਡੋਰ ਡਾਲੀ ਚੰਡੀਗੜ੍ਹ ਵਿੱਚ — 14 ਤੋਂ 30 ਨਵੰਬਰ ਤੱਕ, 105arts Gallery, ਚੰਡੀਗੜ੍ਹ ਵਿਖੇ।
“Dalí Dreams in Chandigarh ਕਲਾ, ਵਿਚਾਰਾਂ, ਲੋਕਾਂ ਅਤੇ ਵਿਰਾਸਤ ਦੇ ਸਫ਼ਰ ਦੀ ਕਹਾਣੀ ਹੈ। ਪੈਰਿਸ ਵਿੱਚ ਇੱਕ ਦੋਸਤੀ ਤੋਂ ਸ਼ੁਰੂ ਹੋਇਆ ਇਹ ਸੰਗ੍ਰਹਿ ਹੁਣ ਭਾਰਤ ਪਹੁੰਚਿਆ ਹੈ।” — ਮਹਿਕ ਭਾਨ, ਕਿਊਰੇਟਰ ਅਤੇ ਸੰਸਥਾਪਕ, 105arts
ਚੰਡੀਗੜ੍ਹ
“ਇੱਕ ਪਾਗਲ ਵਿਅਕਤੀ ਅਤੇ ਮੇਰੇ ਵਿੱਚ ਸਿਰਫ਼ ਇੰਨਾ ਹੀ ਫ਼ਰਕ ਹੈ ਕਿ ਮੈਂ ਪਾਗਲ ਨਹੀਂ ਹਾਂ!” ਡਾਲੀ ਜੋ ਸਿਰਜ ਰਹੇ ਸਨ, ਉਹ ਇੱਕ ਵਿਰਾਸਤ ਸੀ—ਬੇਹੱਦ ਵਿਭਿੰਨ ਅਤੇ ਸਰਵਵਿਆਪਕ। ਉਹ 20ਵੀਂ ਸਦੀ ਦੇ ਲਿਓਨਾਰਡੋ ਦਾ ਵਿੰਚੀ ਸਨ।” — ਕ੍ਰਿਸਟੀਨ ਅਰਜਿਲੇਟ, ਅੰਤਰਰਾਸ਼ਟਰੀ ਕਿਊਰੇਟਰ, ਗੈਲਰਿਸਟ ਅਤੇ ਪਿਅਰੇ ਅਰਜਿਲੇਟ ਕਲੈਕਸ਼ਨ ਦੀ ਸਰਪ੍ਰਸਤ।
“ਡਾਲੀ ਅਤੇ ਐੱਮ.ਐੱਫ. ਹੁਸੈਨ ਮੈਨੂੰ ਇੱਕ-ਦੂਜੇ ਦੀ ਯਾਦ ਦਿਵਾਉਂਦੇ ਹਨ। ਦੋਵੇਂ ਬੇਮਿਸਾਲ ਸ਼ਖ਼ਸੀਅਤਾਂ ਦੇ ਮਾਲਕ ਸਨ, ਸ਼ਾਨਦਾਰ ਪਰਫਾਰਮਰ ਅਤੇ ਕਮਾਲ ਦੇ ਮਾਰਕੀਟਰ। ਉਹ ਜਾਣਦੇ ਸਨ ਕਿ ਆਪਣੀ ਕਲਾ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਉਣਾ ਅਤੇ ਵੇਚਣਾ ਹੈ।” — ਡਾ. ਅਲਕਾ ਪਾਂਡੇ, ਪ੍ਰਸਿੱਧ ਕਲਾ ਇਤਿਹਾਸਕਾਰ, ਕਿਊਰੇਟਰ ਅਤੇ ਲੇਖਿਕਾ।
ਇਸ 14 ਨਵੰਬਰ ਨੂੰ 105arts ਦੀ ਕਿਊਰੇਟਰ ਅਤੇ ਸੰਸਥਾਪਕ ਮਹਿਕ ਭਾਨ, ਪਿਅਰੇ ਅਰਜਿਲੇਟ ਕਲੈਕਸ਼ਨ ਵਿੱਚੋਂ ਸਲਵਾਡੋਰ ਡਾਲੀ ਦੀਆਂ ਦੁਰਲੱਭ ਮੂਲ ਐਚਿੰਗਜ਼ ਅਤੇ ਗੁਆਸ਼ ਪੇਂਟਿੰਗਾਂ ਦਾ ਇੱਕ ਵਿਲੱਖਣ ਸੰਗ੍ਰਹਿ ਚੰਡੀਗੜ੍ਹ ਲੈ ਕੇ ਆਏ ਹਨ। ਇਹ ਨਿੱਜੀ ਸੰਗ੍ਰਹਿ ਡਾਲੀ ਅਤੇ ਅਰਜਿਲੇਟ ਪਰਿਵਾਰ ਵਿਚਕਾਰ ਤਿੰਨ ਦਹਾਕਿਆਂ ਤੱਕ ਚੱਲੀ ਇੱਕ ਅਸਾਧਾਰਨ ਦੋਸਤੀ ਅਤੇ ਰਿਸ਼ਤੇ ਦੀ ਦੇਣ ਹੈ।
ਇਹ ਪ੍ਰਦਰਸ਼ਨੀ ਭਾਰਤ ਵਿੱਚ ਸਿਰਫ਼ ਦੋ ਸ਼ਹਿਰਾਂ—ਚੰਡੀਗੜ੍ਹ ਅਤੇ ਮੁੰਬਈ—ਵਿੱਚ ਲੱਗੇਗੀ। ਇਸ ਲਈ 105arts ਵਿਖੇ ਇਸ ਦਾ ਆਗਮਨ ਇਸ ਖੇਤਰ ਲਈ ਇੱਕ ਮਹੱਤਵਪੂਰਨ ਸੱਭਿਆਚਾਰਕ ਮੌਕਾ ਹੈ ਅਤੇ ਭਾਰਤੀ ਕਲਾ ਪ੍ਰੇਮੀਆਂ ਲਈ ਇਨ੍ਹਾਂ ਦੁਰਲੱਭ ਕਲਾਕ੍ਰਿਤੀਆਂ ਨੂੰ ਨੇੜਿਓਂ ਦੇਖਣ ਦਾ ਇੱਕ ਵਿਸ਼ੇਸ਼ ਮੌਕਾ ਵੀ। ਇਹ ਪ੍ਰਦਰਸ਼ਨੀ 30 ਨਵੰਬਰ ਤੱਕ 105arts, ਸੈਕਟਰ 11, ਚੰਡੀਗੜ੍ਹ ਵਿਖੇ ਲੱਗੀ ਰਹੇਗੀ।
ਇੱਕ ਆਮ ਕਲਾ ਪ੍ਰਦਰਸ਼ਨੀ ਤੋਂ ਕਿਤੇ ਵੱਧ, ‘Dalí Dreams in Chandigarh’ ਦਰਸ਼ਕਾਂ ਨੂੰ ਉਸ ਦੁਨੀਆ ਨਾਲ ਰੂਬਰੂ ਕਰਵਾਉਣ ਦਾ ਸੱਦਾ ਹੈ, ਜੋ ਇਸ ਮਹਾਨ ਕਲਾਕਾਰ ਦੀ ਮਸ਼ਹੂਰ ਪਛਾਣ ਦੇ ਪਿੱਛੇ ਲੁਕੀ ਹੋਈ ਹੈ। ਡਾਲੀ ਇੱਕ ਕਲਾਕਾਰ, ਨਵੀਨਤਾਕਾਰੀ, ਰਵਾਇਤਾਂ ਨੂੰ ਚੁਣੌਤੀ ਦੇਣ ਵਾਲੇ ਵਿਅਕਤੀ, ਦੋਸਤ ਅਤੇ ਬੇਅੰਤ ਜਗਿਆਸਾ ਰੱਖਣ ਵਾਲੇ ਇਨਸਾਨ ਵਜੋਂ; ਨਾਲ ਹੀ ਉਸ ਪਰਿਵਾਰ ਦੀ ਕਹਾਣੀ, ਜਿਸ ਨੇ ਉਨ੍ਹਾਂ ਨੂੰ ਨੇੜਿਓਂ ਜਾਣਿਆ ਅਤੇ ਉਨ੍ਹਾਂ ਦੀ ਸਿਰਜਣਾਤਮਕ ਵਿਰਾਸਤ ਦੇ ਇਸ ਅਨਮੋਲ ਅਧਿਆਇ ਨੂੰ ਸੰਭਾਲ ਕੇ ਰੱਖਿਆ।
ਪ੍ਰਦਰਸ਼ਨੀ ਦੇ ਪਹਿਲੇ ਦਿਨ ਪ੍ਰਸਿੱਧ ਕਲਾ ਇਤਿਹਾਸਕਾਰ, ਲੇਖਿਕਾ ਅਤੇ ਕਿਊਰੇਟਰ ਡਾ. ਅਲਕਾ ਪਾਂਡੇ, ਅੰਤਰਰਾਸ਼ਟਰੀ ਕਿਊਰੇਟਰ, ਗੈਲਰਿਸਟ ਅਤੇ ਪਿਅਰੇ ਅਰਜਿਲੇਟ ਕਲੈਕਸ਼ਨ ਦੀ ਸਰਪ੍ਰਸਤ ਕ੍ਰਿਸਟੀਨ ਅਰਜਿਲੇਟ ਅਤੇ ਮਹਿਕ ਭਾਨ ਵਿਚਕਾਰ ਇੱਕ ਦਿਲਚਸਪ ਪੈਨਲ ਚਰਚਾ ਹੋਈ।
ਮਹਿਕ ਨੇ ਕਿਹਾ, “Dalí Dreams in Chandigarh ਕਲਾ, ਵਿਚਾਰਾਂ, ਲੋਕਾਂ ਅਤੇ ਵਿਰਾਸਤ ਦੇ ਸਫ਼ਰ ਦੀ ਕਹਾਣੀ ਹੈ। ਪੈਰਿਸ ਵਿੱਚ ਇੱਕ ਦੋਸਤੀ ਤੋਂ ਸ਼ੁਰੂ ਹੋਇਆ ਇਹ ਸੰਗ੍ਰਹਿ ਹੁਣ ਭਾਰਤ ਪਹੁੰਚਿਆ ਹੈ।” ਇਸ ਤਰ੍ਹਾਂ ਮਸ਼ਹੂਰ ਸਰਰੀਅਲਿਸਟ ਕਲਾਕਾਰ ਦੀ ਕਲਾ ਵਿਰਾਸਤ ਦਾ ਇੱਕ ਅਸਾਧਾਰਨ ਅਧਿਆਇ ਉੱਤਰੀ ਭਾਰਤ ਤੱਕ ਪਹੁੰਚਿਆ ਹੈ।
ਸਲਵਾਡੋਰ ਡਾਲੀ (1904-1989) ਸਰਰੀਅਲਿਜ਼ਮ ਯਾਨੀ ਅਤਿ-ਯਥਾਰਥਵਾਦ ਦੇ ਸਭ ਤੋਂ ਪ੍ਰਭਾਵਸ਼ਾਲੀ ਕਲਾਕਾਰਾਂ ਵਿੱਚੋਂ ਇੱਕ ਸਨ ਅਤੇ 20ਵੀਂ ਸਦੀ ਦੇ ਸਭ ਤੋਂ ਵੱਧ ਪਛਾਣੇ ਜਾਣ ਵਾਲੇ ਕਲਾਕਾਰਾਂ ਵਿੱਚ ਉਨ੍ਹਾਂ ਦਾ ਨਾਮ ਸ਼ੁਮਾਰ ਹੈ।
ਮਹਿਕ ਨੇ ਅੱਗੇ ਕਿਹਾ, “ਡਾਲੀ ਦੀ ਇੱਕ ਐਚਿੰਗ ਦਾ ਮਾਲਕ ਹੋਣਾ ਉਨ੍ਹਾਂ ਦੀ ਅਦਭੁੱਤ ਕਲਪਨਾਸ਼ੀਲਤਾ, ਕਲਾਤਮਕ ਪ੍ਰਯੋਗਾਂ ਅਤੇ ਸਦੀਵੀ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਵਰਗਾ ਹੈ। ਇਹ ਇਤਿਹਾਸ ਦਾ ਇੱਕ ਹਿੱਸਾ ਆਪਣੇ ਕੋਲ ਰੱਖਣ ਦੇ ਬਰਾਬਰ ਹੈ।”
ਇਸ ਸੰਗ੍ਰਹਿ ਵਿੱਚ ਕਈ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਸ਼ਾਮਲ ਹਨ, ਜਿਨ੍ਹਾਂ ਵਿੱਚ ਐਚਿੰਗਜ਼, ਐਨਗ੍ਰੇਵਿੰਗਜ਼, ਮੂਲ ਵਾਟਰਕਲਰ ਪੇਂਟਿੰਗਾਂ ਅਤੇ ਟੇਪਸਟਰੀਆਂ ਸ਼ਾਮਲ ਹਨ। ਇਹ ਰਚਨਾਵਾਂ ਉਨ੍ਹਾਂ ਵਿਸ਼ਿਆਂ ਨੂੰ ਦਰਸਾਉਂਦੀਆਂ ਹਨ, ਜਿਨ੍ਹਾਂ ਨੇ ਡਾਲੀ ਨੂੰ ਹਮੇਸ਼ਾ ਆਕਰਸ਼ਿਤ ਕੀਤਾ—ਮਿਥਿਹਾਸ, ਸਾਹਿਤ, ਵਿਗਿਆਨ, ਸੁਪਨੇ ਅਤੇ ਅਤਿ-ਯਥਾਰਥਵਾਦ। ਇਹ ਕਲਾਕ੍ਰਿਤੀਆਂ ਦਰਸਾਉਂਦੀਆਂ ਹਨ ਕਿ ਕਿਵੇਂ ਡਾਲੀ ਆਪਣੇ ਵਿਚਾਰਾਂ ਨੂੰ ਅਣਕਿਆਸੀਆਂ ਅਤੇ ਸੋਚਣ ਲਈ ਮਜਬੂਰ ਕਰਨ ਵਾਲੀਆਂ ਰਚਨਾਵਾਂ ਵਿੱਚ ਬਦਲ ਦਿੰਦੇ ਸਨ।
ਲਗਭਗ 10 ਲੱਖ ਰੁਪਏ ਤੋਂ ਸ਼ੁਰੂ ਹੋਣ ਵਾਲੀਆਂ ਡਾਲੀ ਦੀਆਂ ਮੂਲ ਐਚਿੰਗਜ਼ ਦੇ ਨਾਲ ਇਹ ਪ੍ਰਦਰਸ਼ਨੀ ਕਲਾ ਦੀ ਖਰੀਦ ਅਤੇ ਸੰਗ੍ਰਹਿ ਨਾਲ ਜੁੜੇ ਅਹਿਮ ਪਹਿਲੂਆਂ ਨੂੰ ਸਮਝਣ ਦਾ ਮੌਕਾ ਵੀ ਦਿੰਦੀ ਹੈ। ਇਨ੍ਹਾਂ ਵਿੱਚ ਕਲਾਕ੍ਰਿਤੀ ਦੀ ਪ੍ਰਮਾਣਿਕਤਾ ਦਾ ਸਬੂਤ (Provenance), ਦੁਰਲੱਭਤਾ, ਅਸਲੀਅਤ, ਬਾਜ਼ਾਰ ਵਿੱਚ ਮੰਗ ਅਤੇ ਲੰਬੇ ਸਮੇਂ ਤੱਕ ਸੰਗ੍ਰਹਿਣਯੋਗ ਬਣੇ ਰਹਿਣ ਦੀ ਸਮਰੱਥਾ ਸ਼ਾਮਲ ਹਨ। ਇਸ ਦੇ ਨਾਲ ਹੀ ਕਲਾ ਨੂੰ ਨਿਵੇਸ਼ ਵਜੋਂ ਦੇਖਣ ਨਾਲ ਜੁੜੇ ਜੋਖ਼ਮਾਂ ਅਤੇ ਬਾਰੀਕੀਆਂ ਬਾਰੇ ਵੀ ਚਰਚਾ ਹੁੰਦੀ ਹੈ।
ਦਿਲਚਸਪ ਗੱਲ ਇਹ ਹੈ ਕਿ ਪ੍ਰਸਿੱਧ ਭਾਰਤੀ ਅਕਾਦਮਿਕ, ਲੇਖਿਕਾ ਅਤੇ ਮਿਊਜ਼ੀਅਮ ਕਿਊਰੇਟਰ ਡਾ. ਅਲਕਾ ਪਾਂਡੇ ਨੇ 1990 ਦੇ ਦਹਾਕੇ ਵਿੱਚ ਡਾਲੀ ਦੀ ਇੱਕ ਮੂਲ ਐਚਿੰਗ ਸਿਰਫ਼ 3,000 ਰੁਪਏ ਵਿੱਚ ਖਰੀਦੀ ਸੀ, ਜਿਸ ਦੀ ਕੀਮਤ ਅੱਜ 12 ਲੱਖ ਰੁਪਏ ਤੋਂ ਵੱਧ ਹੈ!
ਪਰ ਇਸ ਪ੍ਰਦਰਸ਼ਨੀ ਤੋਂ ਅੱਗੇ ਵੀ ਇੱਕ ਅਹਿਮ ਸਵਾਲ ਉੱਭਰਦਾ ਹੈ। ਜਿਵੇਂ-ਜਿਵੇਂ ਭਾਰਤੀ ਨਿਵੇਸ਼ਕ ਰਵਾਇਤੀ ਨਿਵੇਸ਼ ਵਿਕਲਪਾਂ ਤੋਂ ਅੱਗੇ ਵਧ ਕੇ ਆਪਣੇ ਨਿਵੇਸ਼ ਵਿੱਚ ਵਿਭਿੰਨਤਾ ਲਿਆ ਰਹੇ ਹਨ, ਕੀ ਮੂਲ ਕਲਾਕ੍ਰਿਤੀਆਂ ਵੀ ਦੌਲਤ ਅਤੇ ਕਲਾ ਸੰਗ੍ਰਹਿ ਦੀ ਰਣਨੀਤੀ ਦਾ ਇੱਕ ਅਰਥਪੂਰਨ ਹਿੱਸਾ ਬਣ ਸਕਦੀਆਂ ਹਨ? ਕੀ ਭਾਰਤ ਵਿੱਚ ਕਲਾ ਸੰਗ੍ਰਹਿ ਦੀ ਬਦਲਦੀ ਅਰਥਵਿਵਸਥਾ ਇੱਕ ਨਵੇਂ ਦੌਰ ਵੱਲ ਇਸ਼ਾਰਾ ਕਰ ਰਹੀ ਹੈ?
ਮਹਿਕ ਕਹਿੰਦੇ ਹਨ, “ਇਹ ਸਾਡੇ ਲਈ ਬਹੁਤ ਵੱਡਾ ਆਯੋਜਨ ਹੈ। ਅੰਤਰਰਾਸ਼ਟਰੀ ਪੱਧਰ ’ਤੇ ਮਹੱਤਵਪੂਰਨ ਇਸ ਨਿੱਜੀ ਸੰਗ੍ਰਹਿ ਦਾ ਇੱਥੇ ਪਹੁੰਚਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਟ੍ਰਾਈਸਿਟੀ ਕਲਾ ਦੀ ਕਦਰ, ਕਲਾ ਸੰਭਾਲ ਅਤੇ ਕਲਾ ਸੰਗ੍ਰਹਿਕਾਰਾਂ ਲਈ ਇੱਕ ਮਹੱਤਵਪੂਰਨ ਕੇਂਦਰ ਬਣਨ ਦੀ ਸਮਰੱਥਾ ਰੱਖਦੀ ਹੈ। ਇਹ ਖੇਤਰੀ ਖੁਸ਼ਹਾਲੀ, ਸੱਭਿਆਚਾਰਕ ਇੱਛਾਵਾਂ ਅਤੇ ਸੰਗ੍ਰਹਿਣਯੋਗ ਕਲਾ ਦੇ ਬਾਜ਼ਾਰ ਵਿਚਕਾਰ ਵਿਕਸਿਤ ਹੋ ਰਹੇ ਰਿਸ਼ਤੇ ਨੂੰ ਸਮਝਣ ਦਾ ਇੱਕ ਮੌਕਾ ਹੈ।”
ਕ੍ਰਿਸਟੀਨ ਅਨੁਸਾਰ, ਭਾਰਤ ਦੀਆਂ ਕਈ ਗੈਲਰੀਆਂ ’ਤੇ ਵਿਚਾਰ ਕਰਨ ਤੋਂ ਬਾਅਦ ਪਿਅਰੇ ਅਰਜਿਲੇਟ ਕਲੈਕਸ਼ਨ ਨੇ 105arts ਨੂੰ ਇਸ ਲਈ ਚੁਣਿਆ ਕਿਉਂਕਿ ਇਸ ਦੀ ਕਿਊਰੇਟੋਰਿਅਲ ਸੋਚ ਵਿਲੱਖਣ ਹੈ ਅਤੇ ਇਹ ਚੰਡੀਗੜ੍ਹ ਦੇ ਸੱਭਿਆਚਾਰਕ ਦ੍ਰਿਸ਼ ਨੂੰ ਵਿਕਸਿਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।
ਕ੍ਰਿਸਟੀਨ ਕਹਿੰਦੀ ਹੈ, “ਚੰਡੀਗੜ੍ਹ ਦੀ ਚੋਣ ਸੱਭਿਆਚਾਰਕ ਅਤੇ ਰਣਨੀਤਕ, ਦੋਵਾਂ ਪੱਖਾਂ ਤੋਂ ਮਹੱਤਵਪੂਰਨ ਹੈ। ਇਸ ਸ਼ਹਿਰ ਦੇ ਲੋਕਾਂ ਦੀ ਸੋਚ ਪਰਿਪੱਕ ਹੈ, ਉਨ੍ਹਾਂ ਨੇ ਦੁਨੀਆ ਦੇਖੀ ਹੈ ਅਤੇ ਡਿਜ਼ਾਈਨ, ਆਰਕੀਟੈਕਚਰ ਅਤੇ ਕਲਾ ਦੀ ਡੂੰਘੀ ਸਮਝ ਰੱਖਦੇ ਹਨ। ਇਸ ਦੇ ਨਾਲ ਹੀ ਇੱਥੇ ਗੰਭੀਰ ਕਲਾ ਸੰਗ੍ਰਹਿਕਾਰਾਂ ਅਤੇ ਪਾਰਖੂਆਂ ਦਾ ਇੱਕ ਵਧਦਾ ਹੋਇਆ ਵਰਗ ਵੀ ਮੌਜੂਦ ਹੈ।”
ਉਹ ਅੱਗੇ ਕਹਿੰਦੀ ਹੈ ਕਿ ਚੰਡੀਗੜ੍ਹ ਉੱਤਰੀ ਭਾਰਤ ਦੇ ਇੱਕ ਸੱਭਿਆਚਾਰਕ ਦਰਵਾਜ਼ੇ ਵਜੋਂ ਉੱਭਰ ਰਿਹਾ ਹੈ, ਜੋ ਡਾਲੀ ਦੀ ਕਲਾ ਨੂੰ ਸਮਝਣ ਅਤੇ ਅਨੁਭਵ ਕਰਨ ਲਈ ਇੱਕ ਨਵਾਂ ਸੱਭਿਆਚਾਰਕ ਨਜ਼ਰੀਆ ਪ੍ਰਦਾਨ ਕਰਦਾ ਹੈ।
ਕ੍ਰਿਸਟੀਨ ਕਹਿੰਦੀ ਹੈ, “ਡਾਲੀ ਪੂਰਬੀ ਦੁਨੀਆ ਤੋਂ ਬਹੁਤ ਪ੍ਰਭਾਵਿਤ ਸਨ, ਹਾਲਾਂਕਿ ਉਹ ਗ੍ਰੀਸ ਤੋਂ ਅੱਗੇ ਕਦੇ ਯਾਤਰਾ ਨਹੀਂ ਕਰ ਸਕੇ। ਉਨ੍ਹਾਂ ਨੇ ਦੂਰ-ਦੁਰਾਡੇ ਦੇ ਸਥਾਨਾਂ ਦੀ ਕਲਪਨਾ ਆਪਣੀ ਸਿਰਜਣਾਤਮਕ ਸੋਚ ਰਾਹੀਂ ਕੀਤੀ। ਉਨ੍ਹਾਂ ਦੀ ਕਲਾ ਨੂੰ ਚੰਡੀਗੜ੍ਹ ਲਿਆਉਣ ਨਾਲ ਦਰਸ਼ਕਾਂ ਨੂੰ ਇੱਕ ਬਿਲਕੁਲ ਵੱਖਰੇ ਸੱਭਿਆਚਾਰਕ ਨਜ਼ਰੀਏ ਤੋਂ ਉਨ੍ਹਾਂ ਦੀ ਕਲਪਨਾਸ਼ੀਲਤਾ ਨੂੰ ਸਮਝਣ ਦਾ ਮੌਕਾ ਮਿਲਦਾ ਹੈ।”
ਉਨ੍ਹਾਂ ਦੇ ਅਨੁਸਾਰ, ਚੰਡੀਗੜ੍ਹ ਦੀ ਆਧੁਨਿਕਤਾਵਾਦੀ ਸੋਚ ਅਤੇ ਲੇ ਕੋਰਬੂਜ਼ੀਏ ਦੀ ਆਰਕੀਟੈਕਚਰਲ ਵਿਰਾਸਤ ਇਸ ਸ਼ਹਿਰ ਨੂੰ ਸਲਵਾਡੋਰ ਡਾਲੀ ਦੀ ਅਦਭੁੱਤ ਕਲਪਨਾਸ਼ੀਲਤਾ ਅਤੇ ਰਵਾਇਤਾਂ ਨੂੰ ਚੁਣੌਤੀ ਦੇਣ ਵਾਲੀ ਕਲਾ ਲਈ ਇੱਕ ਕੁਦਰਤੀ ਮੰਚ ਬਣਾਉਂਦੀ ਹੈ।
ਉਹ ਅੱਗੇ ਕਹਿੰਦੀ ਹੈ, “ਡਾਲੀ ਅਤੇ ਅਰਜਿਲੇਟ ਕਲੈਕਸ਼ਨ ਨੂੰ ਇੱਥੇ ਲਿਆਉਣਾ ਮੇਰੇ ਲਈ ਨਿੱਜੀ ਤੌਰ ’ਤੇ ਵੀ ਬਹੁਤ ਮਹੱਤਵ ਰੱਖਦਾ ਹੈ। ਇਸ ਰਾਹੀਂ ਮੈਨੂੰ ਸਲਵਾਡੋਰ ਡਾਲੀ ਅਤੇ ਆਪਣੇ ਪਿਤਾ ਪਿਅਰੇ ਅਰਜਿਲੇਟ ਦੀ ਕਲਾਤਮਕ ਵਿਰਾਸਤ ਨੂੰ ਭਾਰਤੀ ਦਰਸ਼ਕਾਂ ਦੀ ਨਵੀਂ ਪੀੜ੍ਹੀ ਨਾਲ ਸਾਂਝਾ ਕਰਨ ਦਾ ਮੌਕਾ ਮਿਲ ਰਿਹਾ ਹੈ। ਮੇਰੇ ਪਿਤਾ ਪਿਅਰੇ ਅਰਜਿਲੇਟ ਡਾਲੀ ਦੇ ਪ੍ਰਕਾਸ਼ਕ, ਨਜ਼ਦੀਕੀ ਸਹਿਯੋਗੀ ਅਤੇ ਦੋਸਤ ਸਨ।”
ਆਪਣੇ ਪਿਤਾ ਅਤੇ ਡਾਲੀ ਦੇ ਰਿਸ਼ਤੇ ਨੂੰ ਯਾਦ ਕਰਦਿਆਂ ਕ੍ਰਿਸਟੀਨ ਦੱਸਦੀ ਹੈ, “ਮੇਰੇ ਪਿਤਾ ਪਿਅਰੇ ਅਰਜਿਲੇਟ ਡਾਲੀ ਦੇ ਦੋਸਤ, ਸਹਿਯੋਗੀ, ਪ੍ਰਕਾਸ਼ਕ ਅਤੇ ਵਿਸ਼ਵਾਸਪਾਤਰ ਸਨ। ਉਨ੍ਹਾਂ ਨੂੰ ਡਾਲੀ ਨਾਲ ਬੇਹੱਦ ਲਗਾਅ ਸੀ। ਡਾਲੀ ਆਪਣੀ ਯਾਦਦਾਸ਼ਤ ਅਤੇ ਕਲਪਨਾ ਦੇ ਆਧਾਰ ’ਤੇ ਕੁਝ ਵੀ ਬਣਾ ਸਕਦੇ ਸਨ। ਉਹ ਹਮੇਸ਼ਾ ਕੁਝ ਨਵਾਂ ਲੱਭਦੇ ਰਹਿੰਦੇ ਸਨ—ਕੁਝ ਅਜਿਹਾ ਜੋ ਸਿੱਧਾ ਕਿਸੇ ਸੁਪਨੇ ਜਾਂ ਦ੍ਰਿਸ਼ਟੀ ਤੋਂ ਜਨਮ ਲੈਂਦਾ ਹੋਵੇ। ਉਹ ਬੇਹੱਦ ਹੁਨਰਮੰਦ ਅਤੇ ਇੱਕ ਮਾਸਟਰ ਕ੍ਰਾਫਟਸਮੈਨ ਸਨ।”
ਡਾਲੀ ਨੂੰ ਨਿੱਜੀ ਤੌਰ ’ਤੇ ਦੇਖਦਿਆਂ ਵੱਡੀ ਹੋਈ ਕ੍ਰਿਸਟੀਨ ਨੇ ਉਨ੍ਹਾਂ ਦੇ ਸੁਭਾਅ, ਕਲਾ, ਅਜੀਬੋ-ਗਰੀਬ ਆਦਤਾਂ ਅਤੇ ਸੁਭਾਵਿਕ ਸਿਰਜਣਾਤਮਕਤਾ ਨਾਲ ਜੁੜੇ ਕਈ ਕਿੱਸੇ ਸਾਂਝੇ ਕੀਤੇ। ਉਨ੍ਹਾਂ ਅਨੁਸਾਰ ਡਾਲੀ ਬਿਨਾਂ ਕਿਸੇ ਰੋਕ-ਟੋਕ ਜਾਂ ਪੂਰਵ-ਧਾਰਨਾ ਦੇ ਸੁਭਾਵਿਕ ਢੰਗ ਨਾਲ ਕੰਮ ਕਰਦੇ ਸਨ।
ਉਹ ਦੱਸਦੀ ਹੈ, “ਇੱਕ ਵਾਰ ਉਨ੍ਹਾਂ ਨੂੰ ਇੱਕ ਮਰਿਆ ਹੋਇਆ ਆਕਟੋਪਸ ਮਿਲਿਆ। ਉਨ੍ਹਾਂ ਨੇ ਉਸ ਵਿੱਚ ਵੀ ਕਲਾ ਦੇਖੀ। ਉਸ ਨੂੰ ਐਸਿਡ ਵਿੱਚ ਡੁਬੋਇਆ ਅਤੇ ਫਿਰ ਆਪਣੀ ਕਾਪਰ ਐਚਿੰਗ ਪਲੇਟ ਉੱਤੇ ਸੁੱਟ ਦਿੱਤਾ, ਜਿਸ ਨਾਲ ਇੱਕ ਸ਼ਾਨਦਾਰ ਕਲਾਕ੍ਰਿਤੀ ਤਿਆਰ ਹੋਈ! ਉਹ ਬਹੁਤ ਪੜ੍ਹਦੇ ਸਨ। ਜਦੋਂ ਉਹ ਕਿਸੇ ਵਿਸ਼ੇ ਨੂੰ ਪੂਰੀ ਤਰ੍ਹਾਂ ਸਮਝ ਲੈਂਦੇ, ਤਾਂ ਆਪਣੀ ਕਲਪਨਾ ਨੂੰ ਪੂਰੀ ਆਜ਼ਾਦੀ ਦੇ ਦਿੰਦੇ ਅਤੇ ਉਨ੍ਹਾਂ ਦੀਆਂ ਰਚਨਾਵਾਂ ਬੇਹੱਦ ਸੁਭਾਵਿਕ ਅਤੇ ਪ੍ਰਵਾਹਮਈ ਰੂਪ ਵਿੱਚ ਸਾਹਮਣੇ ਆਉਂਦੀਆਂ। ਉਨ੍ਹਾਂ ਦੀ ਕਲਾ ਉਨ੍ਹਾਂ ਦੇ ਅੰਦਰੂਨੀ ਮਨ ਅਤੇ ਭਾਵਨਾਵਾਂ ਨੂੰ ਉਜਾਗਰ ਕਰਦੀ ਸੀ। ਇਹ ਕਦੇ ਵੀ ਪਾਗਲਪਣ ਨਹੀਂ ਸੀ। ਉਹ ਅਕਸਰ ਕਹਿੰਦੇ ਸਨ, ‘ਇੱਕ ਪਾਗਲ ਵਿਅਕਤੀ ਅਤੇ ਮੇਰੇ ਵਿੱਚ ਸਿਰਫ਼ ਇੰਨਾ ਹੀ ਫ਼ਰਕ ਹੈ ਕਿ ਮੈਂ ਪਾਗਲ ਨਹੀਂ ਹਾਂ!’ ਉਹ ਜੋ ਸਿਰਜ ਰਹੇ ਸਨ, ਉਹ ਇੱਕ ਵਿਰਾਸਤ ਸੀ—ਵਿਭਿੰਨ ਅਤੇ ਸਰਵਵਿਆਪਕ।”
ਦਿਲਚਸਪ ਗੱਲ ਇਹ ਹੈ ਕਿ 1960 ਦੇ ਦਹਾਕੇ ਵਿੱਚ ਡਾਲੀ ਨੇ ਏਅਰ ਇੰਡੀਆ ਲਈ ਇੱਕ ਐਸ਼ਟ੍ਰੇ ਵੀ ਡਿਜ਼ਾਈਨ ਕੀਤਾ ਸੀ ਅਤੇ ਇਸ ਦੇ ਬਦਲੇ ਉਨ੍ਹਾਂ ਨੇ ਇੱਕ ਨਿੱਕਾ ਹਾਥੀ ਮੰਗਿਆ ਸੀ!
ਕ੍ਰਿਸਟੀਨ ਦੱਸਦੀ ਹੈ, “ਉਨ੍ਹਾਂ ਨੇ ਇੱਕ ਟੇਪਸਟਰੀ ਵੀ ਡਿਜ਼ਾਈਨ ਕੀਤੀ ਸੀ, ਜਿਸ ਨੂੰ ਉਸ ਮਾਸਟਰ ਬੁਣਕਰ ਨੇ ਤਿਆਰ ਕੀਤਾ ਸੀ, ਜਿਸ ਨੇ ਲੇ ਕੋਰਬੂਜ਼ੀਏ ਲਈ ਵੀ ਕੰਮ ਕੀਤਾ ਸੀ।”
ਇਸ ਤਰ੍ਹਾਂ ਉਨ੍ਹਾਂ ਨੇ ਡਾਲੀ ਦੇ ਭਾਰਤ ਨਾਲ ਜੁੜੇ ਰਚਨਾਤਮਕ ਸਬੰਧਾਂ ਅਤੇ ਉਨ੍ਹਾਂ ਦੀ ਕਲਾ ਵਿੱਚ ਭਾਰਤ ਤੋਂ ਮਿਲੀ ਪ੍ਰੇਰਣਾ ਬਾਰੇ ਵੀ ਦੱਸਿਆ।
ਉਹ ਕਹਿੰਦੀ ਹੈ, “‘The Hippies’ ਭਾਰਤ ਨਾਲ ਉਨ੍ਹਾਂ ਦਾ ਆਖਰੀ ਮਹੱਤਵਪੂਰਨ ਸਬੰਧ ਸੀ। ਪੱਛਮੀ ਦੁਨੀਆ ਵਿੱਚ ਪੂਰਬ ਵੱਲ ਵਧ ਰਹੀ ਅਧਿਆਤਮਿਕ ਖੋਜ ਦੀ ਲਹਿਰ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਸੀ। ਮੈਂ 1970 ਵਿੱਚ ਆਪਣੇ ਪਿਤਾ ਨਾਲ ਭਾਰਤ ਆਈ ਸੀ। ਉਸ ਸਮੇਂ ਭਾਰਤ ਬਿਲਕੁਲ ਵੱਖਰਾ ਸੀ। ਅਸੀਂ ਬਹੁਤ ਸਾਰੀਆਂ ਤਸਵੀਰਾਂ ਲੈ ਕੇ ਵਾਪਸ ਗਏ ਅਤੇ ਉਹ ਡਾਲੀ ਨੂੰ ਦਿਖਾਈਆਂ। ਉਹ ਇਨ੍ਹਾਂ ਤਸਵੀਰਾਂ ਤੋਂ ਬਹੁਤ ਪ੍ਰਭਾਵਿਤ ਹੋਏ। ਇਸੇ ਤੋਂ ‘The Hippies’ ਨਾਮ ਦੀਆਂ 11 ਐਚਿੰਗਜ਼ ਦੀ ਲੜੀ ਦਾ ਜਨਮ ਹੋਇਆ, ਜਿਸ ਨੂੰ ਉਨ੍ਹਾਂ ਨੇ ਇੱਕ ਬੇਹੱਦ ਸਿਰਜਣਾਤਮਕ ਅਤੇ ਉਤਸ਼ਾਹ ਭਰੇ ਪਲ ਵਿੱਚ ਤਿਆਰ ਕੀਤਾ ਸੀ।”
ਕ੍ਰਿਸਟੀਨ ਡਾਲੀ ਨੂੰ ‘20ਵੀਂ ਸਦੀ ਦਾ ਲਿਓਨਾਰਡੋ ਦਾ ਵਿੰਚੀ’ ਕਹਿੰਦੀ ਹੈ।
ਪ੍ਰਸਿੱਧ ਕਲਾ ਇਤਿਹਾਸਕਾਰ ਡਾ. ਅਲਕਾ ਪਾਂਡੇ ਨੇ ਕਲਾ ਅਤੇ ਚੰਡੀਗੜ੍ਹ ਪ੍ਰਤੀ ਆਪਣੇ ਪਿਆਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਲਾ ਇਤਿਹਾਸ ਦੀ ਵਿਦਿਆਰਥਣ ਹੋਣ ਦੇ ਨਾਤੇ ਸ਼ੁਰੂ ਵਿੱਚ ਉਨ੍ਹਾਂ ਨੂੰ ਡਾਲੀ ਪਸੰਦ ਨਹੀਂ ਸਨ।
ਉਹ ਕਹਿੰਦੀ ਹੈ, “ਮੈਂ ਉਨ੍ਹਾਂ ਨੂੰ ਸਮਝ ਨਹੀਂ ਸਕਦੀ ਸੀ। ਭਾਰਤ ਵਿੱਚ ਅਸੀਂ ਦੇਵੀ-ਦੇਵਤਿਆਂ ਅਤੇ ਸ਼ਾਸਤਰੀ ਸੁੰਦਰਤਾ ਦੇ ਮਾਹੌਲ ਵਿੱਚ ਵੱਡੇ ਹੁੰਦੇ ਹਾਂ। ਡਾਲੀ ਦੀਆਂ ਮਸ਼ਹੂਰ ਮੁੱਛਾਂ ਅਤੇ ਵਿਗਾੜੀਆਂ ਹੋਈਆਂ ਤਸਵੀਰਾਂ ਮੈਨੂੰ ਆਪਣੀ ਦੁਨੀਆ ਨਾਲ ਜੁੜੀਆਂ ਹੋਈਆਂ ਨਹੀਂ ਲੱਗਦੀਆਂ ਸਨ। ਪਰ ਜਦੋਂ ਤੁਸੀਂ ਵੱਡੇ ਹੁੰਦੇ ਹੋ, ਜ਼ਿੰਦਗੀ ਦੇ ਤਜਰਬੇ ਹਾਸਲ ਕਰਦੇ ਹੋ ਅਤੇ ਕਲਾ ਨੂੰ ਸਮਝਣ ਲੱਗਦੇ ਹੋ, ਤਾਂ ਹੌਲੀ-ਹੌਲੀ ਡਾਲੀ ਦੀ ਕਲਾ ਨਾਲ ਪਿਆਰ ਹੋਣ ਲੱਗਦਾ ਹੈ।”
ਉਨ੍ਹਾਂ ਅੱਗੇ ਕਿਹਾ ਕਿ ਕਲਾ ਉਹ ਹੈ ਜੋ ਤੁਹਾਨੂੰ ਅੰਦਰੋਂ ਪ੍ਰਭਾਵਿਤ ਕਰੇ।
ਡਾ. ਪਾਂਡੇ ਨੇ ਡਾਲੀ ਦੀਆਂ ਕਲਾਕ੍ਰਿਤੀਆਂ ਦੀ ਇੱਕ ਦਿਲਚਸਪ ਸਲਾਈਡ ਪੇਸ਼ਕਾਰੀ ਵੀ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੀਆਂ ਰਚਨਾਵਾਂ ਕਿਵੇਂ ਇੱਕ ਵਧੀਆ ਨਿਵੇਸ਼ ਸਾਬਤ ਹੋ ਸਕਦੀਆਂ ਹਨ।
ਉਹ ਕਹਿੰਦੀ ਹੈ, “ਡਾਲੀ ਇੱਕ ਫ਼ਿਲਮ ਨਿਰਮਾਤਾ, ਮੂਰਤੀਕਾਰ, ਪਰਫਾਰਮਰ, ਫੋਟੋਗ੍ਰਾਫਰ, ਲੇਖਕ, ਪ੍ਰਿੰਟਮੇਕਰ ਅਤੇ ਡਿਜ਼ਾਈਨਰ ਵੀ ਸਨ। ਡਾਲੀ ਅਤੇ ਐੱਮ.ਐੱਫ. ਹੁਸੈਨ ਮੈਨੂੰ ਇੱਕ-ਦੂਜੇ ਦੀ ਯਾਦ ਦਿਵਾਉਂਦੇ ਹਨ। ਦੋਵੇਂ ਬੇਮਿਸਾਲ ਸ਼ਖ਼ਸੀਅਤਾਂ ਦੇ ਮਾਲਕ ਸਨ, ਸ਼ਾਨਦਾਰ ਪਰਫਾਰਮਰ ਅਤੇ ਕਮਾਲ ਦੇ ਮਾਰਕੀਟਰ। ਉਹ ਜਾਣਦੇ ਸਨ ਕਿ ਆਪਣੀ ਕਲਾ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਉਣਾ ਅਤੇ ਵੇਚਣਾ ਹੈ। ਡਾਲੀ ਮਨੋਵਿਸ਼ਲੇਸ਼ਣ, ਸੁਪਨਿਆਂ, ਉਦਾਸੀ ਅਤੇ ਚਿੰਤਾ ਵਰਗੇ ਵਿਸ਼ਿਆਂ ਨਾਲ ਜੁੜੇ ਰਹੇ ਅਤੇ ਉਨ੍ਹਾਂ ਨੇ ਸਰਰੀਅਲਿਜ਼ਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦਾ ਕੰਮ ਬੇਹੱਦ ਯਥਾਰਥਵਾਦੀ ਹੋਣ ਦੇ ਬਾਵਜੂਦ ਅਦਿੱਖ ਨੂੰ ਦ੍ਰਿਸ਼ਮਾਨ ਬਣਾਉਣ ਦੀ ਸਮਰੱਥਾ ਰੱਖਦਾ ਸੀ।”
ਡਾ. ਪਾਂਡੇ ਨੇ ਇਹ ਵੀ ਦੱਸਿਆ ਕਿ ਭਾਰਤੀ ਕਲਾਕਾਰ ਦੁਸ਼ਯੰਤ ਪਟੇਲ ਡਾਲੀ ਦੀ ਕਲਾ ਤੋਂ ਪ੍ਰਭਾਵਿਤ ਹਨ।
ਕ੍ਰਿਸਟੀਨ ਅਤੇ ਡਾ. ਪਾਂਡੇ, ਦੋਵਾਂ ਦਾ ਮੰਨਣਾ ਹੈ ਕਿ ਕਲਾ ਚੁਣਨ ਦੀ ਸ਼ੁਰੂਆਤ ਉਸ ਕਲਾਕ੍ਰਿਤੀ ਤੋਂ ਹੋਣੀ ਚਾਹੀਦੀ ਹੈ ਜੋ ਤੁਹਾਡੇ ਨਾਲ ਸੰਵਾਦ ਕਰਦੀ ਹੋਵੇ।
ਕ੍ਰਿਸਟੀਨ ਕਹਿੰਦੀ ਹੈ, “ਕਲਾ ਇੱਕ ਸ਼ੀਸ਼ੇ ਵਾਂਗ ਹੈ। ਇਸ ਨੂੰ ਤੁਹਾਨੂੰ ਅੰਦਰੋਂ ਸਮਰੱਥ ਬਣਾਉਣਾ ਚਾਹੀਦਾ ਹੈ, ਪ੍ਰਭਾਵਿਤ ਕਰਨਾ ਚਾਹੀਦਾ ਹੈ ਅਤੇ ਤੁਹਾਨੂੰ ਇਸ ਨਾਲ ਆਪਣਾ ਸਬੰਧ ਮਹਿਸੂਸ ਹੋਣਾ ਚਾਹੀਦਾ ਹੈ।”
ਦੂਜੇ ਪਾਸੇ, ਡਾ. ਪਾਂਡੇ, ਜੋ ਆਪਣੇ ਆਪ ਨੂੰ ਕਲਾ ਸੰਗ੍ਰਹਿਕਾਰ ਦੀ ਬਜਾਏ ਕਲਾ ਪ੍ਰੇਮੀ ਮੰਨਦੇ ਹਨ, ਲਈ ਕਲਾ ‘ਪਰਮਾਨੰਦ’ ਦਾ ਅਨੁਭਵ ਹੈ।
ਹਾਲਾਂਕਿ, ਉਹ ਇੱਕ ਅਹਿਮ ਗੱਲ ਜੋੜਦੇ ਹਨ, “ਪਰ ਜੇਕਰ ਤੁਸੀਂ ਕਲਾ ਸੰਗ੍ਰਹਿ ਨੂੰ ਗੰਭੀਰਤਾ ਨਾਲ ਲੈਣਾ ਚਾਹੁੰਦੇ ਹੋ, ਤਾਂ ਪਹਿਲਾਂ ਇਸ ਦਾ ਅਧਿਐਨ ਕਰੋ, ਕਿਉਂਕਿ ਇਹ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਵਰਗਾ ਹੀ ਹੈ।”
- Download Babushahi App
-
-