ਟੀਐਸਪੀਐਲ ਵੱਲੋਂ ਲਾਏ ਵਿਸ਼ਾਲ ਸਿਹਤ ਜਾਂਚ ਕੈਂਪ ਦਾ ਸੈਂਕੜੇ ਲੋਕਾਂ ਨੇ ਫਾਇਦਾ ਉਠਾਇਆ
ਅਸ਼ੋਕ ਵਰਮਾ
ਮਾਨਸਾ, 10 ਫਰਵਰੀ: 2026: ਪੰਜਾਬ ਅਤੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਥਰਮਲ ਬਿਜਲੀ ਘਰ ਤਲਵੰਡੀ ਸਾਬੋ ਪਾਵਰ ਲਿਮਿਟਡ ਨੇ ਆਪਣੀ ਪ੍ਰਮੁੱਖ ਸਿਹਤ ਸਬੰਧੀ ਪਹਿਲ ‘ਪ੍ਰੋਜੈਕਟ ਸਿਹਤ’ ਤਹਿਤ ਮਾਨਸਾ ਦੇ ਰਾਇਪੁਰ ਪਿੰਡ ਵਿੱਚ ਇੱਕ ਵਿਸ਼ਾਲ ਸਿਹਤ ਕੈਂਪ ਲਾਇਆ ਜਿਸ ਦਾ ਸੈਂਕੜੇ ਦੀ ਗਿਣਤੀ ਪੇਂਡੂ ਭਾਈਚਾਰੇ ਦੇ ਲੋਕਾਂ ਨੇ ਫਾਇਦਾ ਉਠਾਇਆ। ਇਸ ਦੌਰਾਨ 340 ਮਰੀਜ਼ਾਂ ਨੇ ਮੁਫ਼ਤ ਸਲਾਹ ਅਤੇ ਸਿਹਤ ਸੇਵਾਵਾਂ ਪ੍ਰਾਪਤ ਕੀਤੀਆਂ। ਇਸ ਮੌਕੇ ਸਧਾਰਣ ਰੋਗਾਂ ਦੇ ਮਾਹਿਰ, ਇਸਤਰੀ ਰੋਗਾਂ ਦੇ ਮਾਹਿਰ, ਚਮੜੀ ਦੇ ਰੋਗਾਂ ਦੇ ਮਾਹਿਰ ਅਤੇ ਦੰਦਾਂ ਦੇ ਰੋਗਾਂ ਦੇ ਮਾਹਿਰ ਸਮੇਤ ਕਈ ਡਾਕਟਰਾਂ ਦੀ ਟੀਮ ਨੇ ਇਲਾਜ ਬਾਰੇ ਜਾਣਕਾਰੀ ਦਿੱਤੀ ।ਇਸ ਸਿਹਤ ਕੈਂਪ ਵਿੱਚ ਲਾਭ ਲੈਣ ਵਾਲਿਆਂ ਨੂੰ ਖੂਨ ਦਾ ਦਬਾਅ (ਬੀਪੀ), ਹੀਮੋਗਲੋਬਿਨ (ਐਚਬੀ), ਖੂਨ ਵਿੱਚ ਸ਼ੱਕਰ ਦੀ ਮਾਤਰਾ, ਮਲੇਰੀਆ, ਡੇਂਗੂ ਅਤੇ ਖੂਨ ਦੀ ਮੁਫ਼ਤ ਜਾਂਚ ਦੇ ਨਾਲ ਨਾਲ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਕੈਂਪ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਵੇਲੇ ਸਿਰ ਅਤੇ ਸੁਖਾਲੇ ਤਰੀਕੇ ਨਾਲ ਸਿਹਤ ਸਹੂਲਤਾਂ ਮਿਲ ਸਕਣ। ਇਸ ਹੈਲਥ ਕੈਂਪ ਦਾ ਉਦਘਾਟਨ ਰਾਇਪੁਰ ਪਿੰਡ ਦੇ ਸਰਪੰਚ ਸੁਖਰਾਜ ਸਿੰਘ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਉਨ੍ਹਾਂ ਦੇ ਨਾਲ ਪੰਚਾਇਤ ਮੈਂਬਰ ਮੱਖਣ ਸਿੰਘ, ਰਾਮ ਸਿੰਘ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਅਮਰਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਵੀ ਮੌਜੂਦ ਰਹੇ। ਇਹ ਸਥਾਨਕ ਲੋਕਾਂ ਲਈ ਇੱਕ ਵੱਡੇ ਹੈਲਥਕੇਅਰ ਆਉਟਰੀਚ ਪ੍ਰੋਗਰਾਮ ਦੀ ਸ਼ੁਰੂਆਤ ਹੈ, ਜਿਸ ਵਿੱਚ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਭਾਗੀਦਾਰੀ ਦੇਖਣ ਨੂੰ ਮਿਲੀ। ਟੀਐਸਪੀਐਲ ਟੀਮ ਵੱਲੋਂ ਸੀਐਸਆਰ ਟੀਮ ਦੀ ਯਸ਼ਮੀਨ ਮਿੱਤਲ ਵੀ ਹਾਜ਼ਰ ਸਨ। ਕੈਂਪ ਵਿੱਚ ਸ਼ਾਮਲ ਸਿਹਤ ਵਿਭਾਗ ਦੇ ਅਧਿਕਾਰੀਆਂ ਵਿੱਚ ਨਿਰਮਲ ਸਿੰਘ (ਸਿਹਤ ਨਿਰੀਖਕ), ਅਜੈਬ ਸਿੰਘ (ਐਮਪੀਐਚਡਬਲਯੂ — ਮਲਟੀ ਪਰਪਜ਼ ਹੈਲਥ ਵਰਕਰ) ਅਤੇ ਕਿਰਣ ਪਾਲ ਕੌਰ (ਆਸ਼ਾ ਫੈਸਿਲੀਟੇਟਰ) ਸ਼ਾਮਲ ਰਹੇ।
ਇਨ੍ਹਾਂ ਅਧਿਕਾਰੀਆਂ ਦੀ ਭਾਗੀਦਾਰੀ ਨਾਲ ਟੀਐਸਪੀਐਲ ਅਤੇ ਸਰਕਾਰੀ ਸਿਹਤ ਸੇਵਾਵਾਂ ਸੰਸਥਾਵਾਂ ਵਿਚਕਾਰ ਆਪਸੀ ਤਾਲਮੇਲ ਹੋਰ ਮਜ਼ਬੂਤ ਹੋਇਆ। ਟੀਐਸਪੀਐਲ ਦੇ ਸੀਈਓ ਪੰਕਜ ਸ਼ਰਮਾ ਨੇ ਕਿਹਾ ਕਿ ਪ੍ਰੋਜੈਕਟ ਸਿਹਤ ਤਹਿਤ ਕਮਿਊਨਿਟੀ ਹੈਲਥ ’ਤੇ ਕੰਪਨੀ ਦਾ ਧਿਆਨ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਚੰਗੀ ਸਿਹਤ ਨਾਲ ਹੀ ਮਜ਼ਬੂਤ ਸਮਾਜ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਸਮੇਂ ਸਿਰ ਮੈਡੀਕਲ ਮਦਦ, ਡਾਇਗਨੋਸਟਿਕਸ ਅਤੇ ਜਾਗਰੂਕਤਾ ਰਾਹੀਂ ਜਮੀਨੀ ਪੱਧਰ ’ਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਹੈਲਥ ਕੈਂਪ ਵਰਗੇ ਪ੍ਰੋਗਰਾਮ ਲੰਬੇ ਸਮੇਂ ਦੇ ਸਮਾਜਿਕ ਪ੍ਰਭਾਵ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਪਿੰਡ ਪੱਧਰੀ ਵਿਕਾਸ ਵਿੱਚ ਯੋਗਦਾਨ ਪਾਉਂਦੇ ਹਨ।ਇਸ ਦੌਰਾਨ ਟੀਐਸਪੀਐਲ ਨੇ ਕਮਾਲੂ ਅਤੇ ਬਹਿਨੀਵਾਲ ਪਿੰਡਾਂ ਵਿੱਚ ਲਾਏ ਸਿਹਤ ਕੈਂਪਾਂ ਰਾਹੀਂ ਪਿੰਡ ਵਾਸੀਆਂ ਨੂੰ ਲਾਭ ਪਹੁੰਚਾਇਆ।
ਇਸ ਤੋਂ ਇਲਾਵਾ, ਢਿੰਗਰ ਪਿੰਡ ਵਿੱਚ ਇੱਕ ਆਈ ਕੇਅਰ ਕੈਂਪ ਅਤੇ ਪੀਐਚਸੀ ਬਹਿਨੀਵਾਲ ਵਿੱਚ ਇੱਕ ਡੈਂਟਲ ਓਪੀਡੀ ਸੈਸ਼ਨ ਵੀ ਕਰਵਾਇਆ ਗਿਆ। ਇਨ੍ਹਾਂ ਕੈਂਪਾਂ ਰਾਹੀਂ ਕੁੱਲ 390 ਲੋਕਾਂ ਨੂੰ ਲਾਭ ਮਿਲਿਆ। ਪ੍ਰੋਜੈਕਟ ਸਿਹਤ ਤਹਿਤ, ਟੀਐਸਪੀਐਲ ਆਪਣੇ ਕਾਰਜ ਖੇਤਰਾਂ ਵਿੱਚ ਰੋਕਥਾਮੀ ਸਿਹਤ ਸੇਵਾਵਾਂ, ਜਲਦੀ ਜਾਂਚ ਅਤੇ ਆਸਾਨੀ ਨਾਲ ਉਪਲਬਧ ਮੈਡੀਕਲ ਸਹੂਲਤਾਂ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਇਹ ਪਹਲ ਵੇਦਾਂਤਾ ਪਾਵਰ ਦੇ “ਟਰਾਂਸਫਾਰਮਿੰਗ ਫੋਰ ਗੁੱਡ”ਦੇ ਈਐਸਜੀ ਵਿਜ਼ਨ ਨਾਲ ਮੇਲ ਖਾਂਦੀ ਹੈ, ਜੋ ਕਮਿਊਨਿਟੀ ਹੈਲਥ, ਟਿਕਾਊ ਵਿਕਾਸ (ਸਸਟੇਨੇਬਲ ਡਿਵੈਲਪਮੈਂਟ) ਅਤੇ ਸਮਾਵੇਸ਼ੀ ਵਿਕਾਸ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ।