ਝੋਟਾ ਕਤਲ ਕਾਂਡ: ‘ਮੇਰੀ ਨੂੰਹ ਰਾਣੀ ਹੁਣ ਮੇਰਾ ਪੁੱਤ ਝੋਟਾ ਬਣ ਕੇ ਨਸ਼ਿਆਂ ਖ਼ਿਲਾਫ਼ ਜੰਗ ਲੜੇਗੀ’: ਭੀਮ ਸਿੰਘ ਫੌਜੀ
ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਭਾਵੁਕ ਹੋਇਆ ਪਰਿਵਾਰ; ਪੁਲੀਸ ਦੀ ‘ਚੁਸਤੀ’ ਦੇ ਦਾਅਵੇ ’ਤੇ ਭੜਕੇ ਝੋਟਾ ਦੇ ਪਿਤਾ
‘ਸਾਡੇ ’ਤੇ ਕੀ ਗੁਜ਼ਰ ਰਹੀ ਹੈ, ਸਾਡੇ ਦੋ ਮਾਸੂਮ ਬੱਚਿਆਂ ਦਾ ਕੀ ਬਣੇਗਾ?’ ਮਨਪ੍ਰੀਤ ਕੌਰ ਨੇ ਅਧਿਕਾਰੀਆਂ ਨੂੰ ਸੁਣਾਈਆਂ ਖਰੀਆਂ-ਖਰੀਆਂ
ਮੁੱਖ ਮੰਤਰੀ ਤੇ ਡੀਜੀਪੀ ਦੇ ਅਸਤੀਫ਼ਿਆਂ, ਸੀਬੀਆਈ ਜਾਂਚ ਅਤੇ ਨਸ਼ਾ ਤਸਕਰਾਂ ਦੇ ਕਥਿਤ ਪੁਲੀਸ-ਸਿਆਸੀ ਗੱਠਜੋੜ ਵਿਰੁੱਧ ਕਾਰਵਾਈ ਸਮੇਤ 14 ਮੰਗਾਂ ਰੱਖੀਆਂ
Prabh Sidhu
ਮਾਨਸਾ, 19 ਅਕਤੂਬਰ: ਨਸ਼ਿਆਂ ਵਿਰੁੱਧ ਸੰਘਰਸ਼ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਗਰੋਂ ਇਨਸਾਫ਼ ਲਈ ਚੱਲ ਰਹੇ ਸੰਘਰਸ਼ ਦੌਰਾਨ ਉਸ ਦੇ ਪਿਤਾ ਭੀਮ ਸਿੰਘ ਫੌਜੀ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਜੰਗ ਰੁਕਣ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ, ‘‘ਮੇਰੀ ਧੀ, ਮੇਰੀ ਨੂੰਹ ਰਾਣੀ ਮਨਪ੍ਰੀਤ ਕੌਰ ਹੁਣ ਮੇਰਾ ਪੁੱਤ ਪਰਵਿੰਦਰ ਸਿੰਘ ਝੋਟਾ ਬਣ ਕੇ ਨਸ਼ਿਆਂ ਖ਼ਿਲਾਫ਼ ਜੰਗ ਲੜੇਗੀ।’’ ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਪੰਜਾਬ ਭਰ ਵਿੱਚ ਜਾਰੀ ਰੱਖਿਆ ਜਾਵੇਗਾ।
ਐਕਸ਼ਨ ਕਮੇਟੀ ਦੀ ਅੱਜ ਉੱਚ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਗ੍ਰਹਿ ਸਕੱਤਰ ਅਪਨੀਤ ਰਿਆਤ, ਪੁਲੀਸ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ, ਡੀਆਈਜੀ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਅਤੇ ਐੱਸਐੱਸਪੀ ਮਾਨਸਾ ਵੈਭਵ ਚੌਧਰੀ ਸਮੇਤ ਹੋਰ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦੌਰਾਨ ਪਰਿਵਾਰ ਅਤੇ ਐਕਸ਼ਨ ਕਮੇਟੀ ਨੇ ਨਸ਼ਿਆਂ ਦੀ ਵਿਕਰੀ, ਪੁਲੀਸ ਦੀ ਕਾਰਗੁਜ਼ਾਰੀ, ਕਤਲ ਕਾਂਡ ਦੀ ਜਾਂਚ ਅਤੇ ਇਨਸਾਫ਼ ਦੇ ਮੁੱਦੇ ਉਠਾਏ।
ਮੀਟਿੰਗ ਦੌਰਾਨ ਗ੍ਰਹਿ ਸਕੱਤਰ ਅਪਨੀਤ ਰਿਆਤ ਵੱਲੋਂ ਪਰਵਿੰਦਰ ਸਿੰਘ ਝੋਟਾ ਦੀ ਕੁਰਬਾਨੀ ਨੂੰ ਸ਼ਹਾਦਤ ਵਜੋਂ ਸਵੀਕਾਰ ਕਰਨ ਦੀ ਗੱਲ ਸਾਹਮਣੇ ਆਈ। ਇਸ ਦੌਰਾਨ ਜਦੋਂ ਪੁਲੀਸ ਦੀ ਚੁਸਤੀ ਦਾ ਜ਼ਿਕਰ ਹੋਇਆ ਤਾਂ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਰੋਹ ਵਿੱਚ ਆ ਗਏ। ਉਨ੍ਹਾਂ ਕਿਹਾ, ‘‘ਇਹ ਪੁਲੀਸ ਦੀ ਚੁਸਤੀ ਨਹੀਂ, ਸੁਸਤੀ ਹੈ।’’ ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੁਲੀਸ ਇੰਨੀ ਚੁਸਤ ਸੀ ਤਾਂ ਉਨ੍ਹਾਂ ਦੇ ਪੁੱਤਰ ਦੀ ਜਾਨ ਕਿਉਂ ਨਹੀਂ ਬਚਾਈ ਜਾ ਸਕੀ।
ਆਪਣੇ ਦੋ ਮਾਸੂਮ ਬੱਚਿਆਂ ਦੇ ਭਵਿੱਖ ਦੀ ਗੱਲ ਕਰਦਿਆਂ ਮਨਪ੍ਰੀਤ ਕੌਰ ਭਾਵੁਕ ਹੋ ਗਈ। ਉਨ੍ਹਾਂ ਕਿਹਾ, ‘‘ਸਾਡੇ ’ਤੇ ਕੀ ਗੁਜ਼ਰ ਰਹੀ ਹੈ, ਇਹ ਸਿਰਫ਼ ਅਸੀਂ ਹੀ ਜਾਣਦੇ ਹਾਂ। ਸਾਡੇ ਦੋਵੇਂ ਮਾਸੂਮ ਬੱਚਿਆਂ ਦਾ ਹੁਣ ਕੀ ਬਣੇਗਾ?’’ ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਵਾਜ਼ ਉਠਾਈ ਸੀ, ਪਰ ਅੱਜ ਉਸ ਦੇ ਆਪਣੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ।
ਪਰਿਵਾਰ ਨੇ ਰੋਸ ਪ੍ਰਗਟਾਇਆ ਕਿ ਘਟਨਾ ਨੂੰ ਸੱਤ ਦਿਨ ਬੀਤਣ ਦੇ ਬਾਵਜੂਦ ਪੰਜਾਬ ਸਰਕਾਰ ਉੱਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਸਿਰਫ਼ ਭਰੋਸਿਆਂ ਨਾਲ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲ ਸਕਦਾ, ਸਗੋਂ ਠੋਸ ਕਾਰਵਾਈ ਦੀ ਲੋੜ ਹੈ। ਭੀਮ ਸਿੰਘ ਫੌਜੀ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਭਾਵੇਂ ਸਰੀਰਕ ਤੌਰ ’ਤੇ ਉਨ੍ਹਾਂ ਤੋਂ ਵਿਛੜ ਗਿਆ ਹੈ, ਪਰ ਉਸ ਵੱਲੋਂ ਸ਼ੁਰੂ ਕੀਤੀ ਲੜਾਈ ਨੂੰ ਅੱਗੇ ਤੋਰਨ ਲਈ ਉਨ੍ਹਾਂ ਦੀ ਨੂੰਹ ਮਨਪ੍ਰੀਤ ਕੌਰ ਮੈਦਾਨ ਵਿੱਚ ਡਟੇਗੀ।
ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫ਼ਿਆਂ ਸਮੇਤ 14 ਮੰਗਾਂ ਰੱਖੀਆਂ
ਮੀਟਿੰਗ ਦੌਰਾਨ ਐਕਸ਼ਨ ਕਮੇਟੀ ਨੇ ਆਪਣੀਆਂ 14 ਮੰਗਾਂ ਪ੍ਰਸ਼ਾਸਨ ਸਾਹਮਣੇ ਰੱਖਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੇ ਪਸਾਰੇ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਨੌਜਵਾਨ ਦੇ ਕਤਲ ਲਈ ਸਰਕਾਰ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਕਮੇਟੀ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਨੈਤਿਕ ਜ਼ਿੰਮੇਵਾਰੀ ਕਬੂਲ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਪੰਜਾਬ ਦੇ ਡੀਜੀਪੀ ਨੂੰ ਵੀ ਅਸਤੀਫ਼ਾ ਦੇਣਾ ਚਾਹੀਦਾ ਹੈ।
ਕਮੇਟੀ ਨੇ ਮੰਗ ਕੀਤੀ ਕਿ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਪੀਜੀਆਈ ਚੰਡੀਗੜ੍ਹ ਦੇ ਸੀਨੀਅਰ ਡਾਕਟਰਾਂ ਦੇ ਪੈਨਲ ਤੋਂ ਕਰਵਾਇਆ ਜਾਵੇ। ਇਸ ਦੇ ਨਾਲ ਹੀ ਕਤਲ ਅਤੇ ਇਸ ਪਿੱਛੇ ਕਥਿਤ ਤੌਰ ’ਤੇ ਕੰਮ ਕਰਦੇ ਨਸ਼ਾ ਤਸਕਰਾਂ, ਪੁਲੀਸ ਅਤੇ ਸਿਆਸੀ ਆਗੂਆਂ ਦੇ ਗੱਠਜੋੜ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਗਈ।
ਐਕਸ਼ਨ ਕਮੇਟੀ ਨੇ ਦੋਸ਼ ਲਾਇਆ ਕਿ ਨਸ਼ਿਆਂ ਦਾ ਕਾਰੋਬਾਰ ਕੁਝ ਵਿਅਕਤੀਆਂ ਤੱਕ ਸੀਮਤ ਨਹੀਂ, ਸਗੋਂ ਇਸ ਪਿੱਛੇ ਵੱਡੇ ਰੈਕੇਟ ਅਤੇ ਪ੍ਰਭਾਵਸ਼ਾਲੀ ਲੋਕਾਂ ਦੀ ਸ਼ਮੂਲੀਅਤ ਹੋਣ ਦਾ ਖ਼ਦਸ਼ਾ ਹੈ। ਕਮੇਟੀ ਨੇ ਮੰਗ ਕੀਤੀ ਕਿ ਕਤਲ ਦੇ ਮੁਲਜ਼ਮ ਦੁਕਾਨਦਾਰ ਦੇ ਕਥਿਤ ਸੰਪਰਕਾਂ, ਨਸ਼ਿਆਂ ਦੇ ਪੂਰੇ ਰੈਕੇਟ, ਦਵਾਈਆਂ ਬਣਾਉਣ ਵਾਲੀਆਂ ਸਬੰਧਤ ਫੈਕਟਰੀਆਂ, ਕਾਰੋਬਾਰ ਵਿੱਚ ਹਿੱਸੇਦਾਰ ਵਿਅਕਤੀਆਂ ਅਤੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇ। ਦੋਸ਼ ਸਾਬਤ ਹੋਣ ’ਤੇ ਸਬੰਧਤ ਵਿਅਕਤੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਅਤੇ ਗ਼ੈਰਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਪਾਈਆਂ ਜਾਣ ਵਾਲੀਆਂ ਫੈਕਟਰੀਆਂ ਦੇ ਲਾਇਸੈਂਸ ਰੱਦ ਕਰਕੇ ਉਨ੍ਹਾਂ ਨੂੰ ਬੰਦ ਕਰਵਾਇਆ ਜਾਵੇ।
ਕਮੇਟੀ ਨੇ ਮਾਨਸਾ ਦੇ ਸਬੰਧਤ ਐੱਸਐੱਚਓ, ਡੀਐੱਸਪੀ ਅਤੇ ਡਰੱਗ ਇੰਸਪੈਕਟਰ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ। ਇਸ ਦੇ ਨਾਲ ਹੀ ਕਤਲ ਦੇ ਮੁਲਜ਼ਮਾਂ ਖ਼ਿਲਾਫ਼ ਫਾਸਟ ਟਰੈਕ ਅਦਾਲਤ ਰਾਹੀਂ ਮੁਕੱਦਮਾ ਚਲਾ ਕੇ ਦੋਸ਼ ਸਾਬਤ ਹੋਣ ’ਤੇ ਸਖ਼ਤ ਮਿਸਾਲੀ ਸਜ਼ਾਵਾਂ ਦੇਣ ਦੀ ਮੰਗ ਉਠਾਈ ਗਈ।
ਝੋਟਾ ਦੀ ਯਾਦ ਵਿੱਚ ਬੁੱਤ ਅਤੇ ਖਿਆਲਾ ਕਲਾਂ ਵਿਖੇ ਟਰੋਮਾ ਸੈਂਟਰ ਬਣਾਉਣ ਦੀ ਮੰਗ
ਐਕਸ਼ਨ ਕਮੇਟੀ ਨੇ ਮੰਗ ਕੀਤੀ ਕਿ ਜਿਸ ਦੁਕਾਨ ਵਿੱਚ ਪਰਵਿੰਦਰ ਸਿੰਘ ਝੋਟਾ ਨੂੰ ਗੋਲੀਆਂ ਮਾਰੀਆਂ ਗਈਆਂ ਸਨ, ਉਸ ਥਾਂ ਉਨ੍ਹਾਂ ਦਾ ਯਾਦਗਾਰੀ ਬੁੱਤ ਸਥਾਪਤ ਕੀਤਾ ਜਾਵੇ ਤਾਂ ਜੋ ਨਸ਼ਿਆਂ ਵਿਰੁੱਧ ਉਨ੍ਹਾਂ ਦੇ ਸੰਘਰਸ਼ ਦੀ ਯਾਦ ਕਾਇਮ ਰਹੇ। ਇਸ ਤੋਂ ਇਲਾਵਾ ਖਿਆਲਾ ਕਲਾਂ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਨਾਂ ’ਤੇ ਟਰੋਮਾ ਸੈਂਟਰ ਬਣਾਉਣ ਦੀ ਮੰਗ ਵੀ ਕੀਤੀ ਗਈ।
ਕਮੇਟੀ ਨੇ ਕਿਹਾ ਕਿ ਕਤਲ ਦੀ ਘਟਨਾ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਦਾ ਇਲਾਜ ਉੱਚ ਪੱਧਰੀ ਸਿਹਤ ਸੰਸਥਾਵਾਂ ਵਿੱਚ ਸਰਕਾਰੀ ਖਰਚੇ ’ਤੇ ਕਰਵਾਇਆ ਜਾਵੇ ਅਤੇ ਹਰੇਕ ਜ਼ਖ਼ਮੀ ਨੂੰ ਤੁਰੰਤ 20-20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਨਸ਼ੇ ਲਈ ਵਰਤੀਆਂ ਜਾਂਦੀਆਂ ਦਵਾਈਆਂ ਉੱਤੇ ਸਖ਼ਤੀ ਦੀ ਮੰਗ
ਐਕਸ਼ਨ ਕਮੇਟੀ ਨੇ ਨਸ਼ਿਆਂ ਵਜੋਂ ਦੁਰਵਰਤੋਂ ਹੋਣ ਵਾਲੀਆਂ ਦਵਾਈਆਂ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ। ਕਮੇਟੀ ਨੇ ਮੰਗ ਕੀਤੀ ਕਿ 75 ਮਿਲੀਗ੍ਰਾਮ ਤੋਂ ਵੱਧ ਮਾਤਰਾ ਵਾਲੇ ਪ੍ਰੈਗਾਬਾਲਿਨ ਕੈਪਸੂਲਾਂ ਨੂੰ ਐੱਨਡੀਪੀਐੱਸ ਐਕਟ ਦੇ ਦਾਇਰੇ ਵਿੱਚ ਲਿਆਂਦਾ ਜਾਵੇ। ਇਸੇ ਤਰ੍ਹਾਂ ਨਸ਼ੇ ਲਈ ਦੁਰਵਰਤੋਂ ਹੋਣ ਵਾਲੀਆਂ ਹੋਰ ਦਵਾਈਆਂ ਨੂੰ ਵੀ ਇਸ ਕਾਨੂੰਨ ਅਧੀਨ ਲਿਆਉਣ ਦੀ ਮੰਗ ਕੀਤੀ ਗਈ।
ਫਲੈਕਸ ਪਾੜਨ ਦੇ ਕੇਸ ਰੱਦ ਕਰਨ ਅਤੇ ਜਸ਼ਨਦੀਪ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ
ਐਕਸ਼ਨ ਕਮੇਟੀ ਨੇ ਮੰਗ ਕੀਤੀ ਕਿ ਪੰਜਾਬ ਭਰ ਵਿੱਚ ਇਸ ਸੰਘਰਸ਼ ਨਾਲ ਸਬੰਧਤ ਫਲੈਕਸ ਪਾੜਨ ਦੇ ਮਾਮਲਿਆਂ ਵਿੱਚ ਦਰਜ ਕੀਤੇ ਪੁਲੀਸ ਕੇਸ ਤੁਰੰਤ ਰੱਦ ਕੀਤੇ ਜਾਣ। ਕਮੇਟੀ ਨੇ ਲੁਧਿਆਣਾ ਦੇ ਨੌਜਵਾਨ ਜਸ਼ਨਦੀਪ ਦੀ ਮੌਤ ਦਾ ਮੁੱਦਾ ਵੀ ਉਠਾਇਆ, ਜਿਸ ਬਾਰੇ ਕਮੇਟੀ ਦਾ ਕਹਿਣਾ ਹੈ ਕਿ ਸਰਕਾਰੀ ਪ੍ਰਚਾਰ ਵਾਲੇ ਫਲੈਕਸ ਪਾੜਨ ਦੌਰਾਨ ਉਸ ਦੀ ਮੌਤ ਹੋਈ ਸੀ। ਕਮੇਟੀ ਨੇ ਜਸ਼ਨਦੀਪ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਐਕਸ਼ਨ ਕਮੇਟੀ ਨੇ ਮੰਗ ਕੀਤੀ ਕਿ ਪਿਛਲੇ ਸਮੇਂ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ ਅਤੇ ਐਂਟੀ ਡਰੱਗ ਫੋਰਸ ਦੇ ਕਾਰਕੁਨਾਂ ਖ਼ਿਲਾਫ਼ ਦਰਜ ਕੀਤੇ ਗਏ ਕਥਿਤ ਝੂਠੇ ਪੁਲੀਸ ਕੇਸ ਵੀ ਰੱਦ ਕੀਤੇ ਜਾਣ।
ਪੱਤਰਕਾਰਾਂ ਦੇ ਪੇਜ ਬੰਦ ਕਰਨ ਅਤੇ ਪਰਚੇ ਦਰਜ ਕਰਨ ਦਾ ਮੁੱਦਾ ਵੀ ਉੱਠਿਆ
ਨਸ਼ਿਆਂ ਅਤੇ ਲੋਕ ਮੁੱਦਿਆਂ ਸਬੰਧੀ ਆਵਾਜ਼ ਉਠਾਉਣ ਵਾਲੇ ਪੱਤਰਕਾਰਾਂ ਖ਼ਿਲਾਫ਼ ਕਥਿਤ ਕਾਰਵਾਈ ਉੱਤੇ ਵੀ ਚਿੰਤਾ ਪ੍ਰਗਟਾਈ ਗਈ। ਇਸ ਸਬੰਧੀ ਦੋਸ਼ ਲਾਏ ਗਏ ਕਿ ਪੱਤਰਕਾਰਾਂ ਦੇ ਸੋਸ਼ਲ ਮੀਡੀਆ ਪੇਜ ਬੰਦ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤੇ ਜਾ ਰਹੇ ਹਨ। ਅਜਿਹੀਆਂ ਕਾਰਵਾਈਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਲਈ ਚਿੰਤਾਜਨਕ ਦੱਸਦਿਆਂ ਪੱਤਰਕਾਰਾਂ ਨੂੰ ਬਿਨਾਂ ਕਿਸੇ ਦਬਾਅ ਦੇ ਲੋਕ ਮੁੱਦੇ ਉਠਾਉਣ ਦਾ ਮਾਹੌਲ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ।
ਮੀਟਿੰਗ ਦੌਰਾਨ ਪਰਿਵਾਰ ਅਤੇ ਐਕਸ਼ਨ ਕਮੇਟੀ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਵਿਰੁੱਧ ਇਹ ਸੰਘਰਸ਼ ਕੇਵਲ ਇੱਕ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਮਸਲਾ ਨਹੀਂ, ਸਗੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਭੀਮ ਸਿੰਘ ਫੌਜੀ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਵਾਪਸ ਨਹੀਂ ਆ ਸਕਦਾ, ਪਰ ਜੇਕਰ ਉਸ ਵੱਲੋਂ ਸ਼ੁਰੂ ਕੀਤੀ ਲੜਾਈ ਸਦਕਾ ਪੰਜਾਬ ਦੇ ਹੋਰ ਘਰਾਂ ਦੇ ਪੁੱਤ ਨਸ਼ਿਆਂ ਤੋਂ ਬਚ ਜਾਂਦੇ ਹਨ ਤਾਂ ਇਹੀ ਉਸ ਦੇ ਸੰਘਰਸ਼ ਦੀ ਸਾਰਥਿਕਤਾ ਹੋਵੇਗੀ। ਉਨ੍ਹਾਂ ਕਿਹਾ ਕਿ ਮਨਪ੍ਰੀਤ ਕੌਰ ਪਰਿਵਾਰ ਦੀ ਆਵਾਜ਼ ਬਣ ਕੇ ਇਸ ਲੜਾਈ ਨੂੰ ਅੱਗੇ ਵਧਾਏਗੀ ਅਤੇ ਪਰਿਵਾਰ ਇਨਸਾਫ਼ ਮਿਲਣ ਤੱਕ ਪਿੱਛੇ ਨਹੀਂ ਹਟੇਗਾ।
ਅਮਨਦੀਪ ਸਿੰਘ, ਗਗਨਦੀਪ ਸਿੰਘ ਸਿਰਸੀਵਾਲਾ, ਕੁਲਵਿੰਦਰ ਸਿੰਘ ਸੁੱਖੀ, ਸੰਦੀਪ ਸਿੰਘ, ਜਗਮੋਹਨ ਸਿੰਘ,, ਰੂਬੀ ਮਾਨਸਾ,ਹਰਿੰਦਰ ਸਿੰਘ ਮਾਨਸ਼ਾਹੀਆ,ਬੋਘ ਸਿੰਘ ਮਾਨਸਾ, ਗੁਰਲਾਭ ਸਿੰਘ ਮਾਹਲ, ਰਾਜਵਿੰਦਰ ਰਾਣਾ,ਮਾਨਿਕ ਗੋਇਲ, ਸੁਖਵਿੰਦਰ ਸਿੰਘ ਔਲਖ, ਇੰਦਰਜੀਤ ਮੁਨਸ਼ੀ, ਚਮਕੌਰ ਸਿੰਘ,ਲੱਖਾ ਸਿੰਘ ਸਿਧਾਣਾ, ਕ੍ਰਿਸ਼ਨ ਚੌਹਾਨ, ਡਾ ਜਨਕ ਰਾਜ, ਹਰਪਾਲ ਕੌਰ,ਹਰਦੀਪ ਸਿੰਘ ਸਿੱਧੂ, ਧੰਨਾ ਮੱਲ ਗੋਇਲ ਹਾਜ਼ਰ ਸਨ।
- Download Babushahi App
-
-