ਝੋਟਾ ਕਤਲ: ਜਥੇਦਾਰ ਦੀ ਅਪੀਲ ’ਤੇ 28 ਅਕਤੂਬਰ ਨੂੰ ਇਨਸਾਫ਼ ਲਈ ਅਰਦਾਸ ਕਰਨ ਦਾ ਐਲਾਨ
ਸੰਘਰਸ਼ ਵਿੱਚ ਸ਼ਮੂਲੀਅਤ ਲਈ ਜਥੇਬੰਦੀਆਂ ਨੂੰ ਭੇਜੇ ਜਾਣਗੇ ਸੱਦਾ ਪੱਤਰ
ਅਸ਼ੋਕ ਵਰਮਾ
ਮਾਨਸਾ, 26 ਅਕਤੂਬਰ 2026 : ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਐਕਸ਼ਨ ਕਮੇਟੀ ਨੇ ਸ਼ਹਿਰੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਕਮੇਟੀ ਬਣਾਈ ਹੈ। ਸ਼ਹਿਰ ਵਾਸੀਆਂ ਦੀ ਮੰਗ ’ਤੇ ਬਣਾਈ ਇਹ ਕਮੇਟੀ ਆਵਾਜਾਈ ਲਈ ਲੋੜੀਂਦਾ ਰਸਤਾ ਦੇਣ ਦੀਆਂ ਸੰਭਾਵਨਾਵਾਂ ਵਿਚਾਰੇਗੀ, ਤਾਂ ਜੋ ਲੋਕਾਂ ਨੂੰ ਰੋਜ਼ਾਨਾ ਦੇ ਕੰਮਾਂ ਲਈ ਆਉਣ-ਜਾਣ ਵਿੱਚ ਰਾਹਤ ਮਿਲ ਸਕੇ। ਜ਼ਿਕਰਯੋਗ ਹੈ ਕਿ ਸ਼ਹਿਰ ਵਾਸੀਆਂ ਨੇ ਪਹਿਲਾਂ ਤਿੰਨ ਦਿਨ ਮਾਨਸਾ ਸ਼ਹਿਰ ਬੰਦ ਰੱਖ ਕੇ ਸੰਘਰਸ਼ ਨੂੰ ਵੱਡਾ ਸਹਿਯੋਗ ਦਿੱਤਾ ਸੀ। ਉਨ੍ਹਾਂ ਹੁਣ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।ਕਮੇਟੀ ਆਗੂਆਂ ਦਾ ਕਹਿਣਾ ਹੈ ਕਿ ਇਹ ਉਪਰਾਲਾ ਸ਼ਹਿਰੀਆਂ ਦੀ ਰੋਜ਼ੀ-ਰੋਟੀ ਅਤੇ ਹੋਰ ਜ਼ਰੂਰੀ ਕੰਮਾਂ ਨਾਲ ਜੁੜੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ 28 ਅਕਤੂਬਰ ਨੂੰ ਪੰਜਾਬ ਦੇ ਗੁਰੂ ਘਰਾਂ ਵਿੱਚ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਦੀ ਅਰਦਾਸ ਕਰਨ ਦੀ ਅਪੀਲ ਕੀਤੀ ਹੈ। ਇਸ ਅਪੀਲ ਤਹਿਤ ਉਸ ਦਿਨ ਗੁਰੂ ਘਰਾਂ ਵਿੱਚ ਅਰਦਾਸ ਕੀਤੀ ਜਾਵੇਗੀ। ਪੁੱਤ ਦੇ ਵਿਛੋੜੇ ਦਾ ਦਰਦ ਹੰਢਾ ਰਹੇ ਪਰਿਵਾਰ ਨਾਲ ਸੰਗਤ ਦੀ ਇਹ ਸਾਂਝ ਧਰਵਾਸ ਦਾ ਸਹਾਰਾ ਬਣੇਗੀ।
ਐਕਸ਼ਨ ਕਮੇਟੀ ਵੱਲੋਂ ਸੰਘਰਸ਼ ਵਿੱਚ ਸ਼ਮੂਲੀਅਤ ਲਈ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਵਪਾਰੀ, ਮੁਲਾਜ਼ਮ ਅਤੇ ਧਾਰਮਿਕ ਜਥੇਬੰਦੀਆਂ ਨੂੰ ਸੱਦਾ ਪੱਤਰ ਭੇਜੇ ਜਾਣਗੇ। ਜਥੇਬੰਦੀਆਂ ਨਾਲ ਸਾਂਝੇ ਵਿਚਾਰ-ਵਟਾਂਦਰੇ ਰਾਹੀਂ ਅਗਲੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ, ਤਾਂ ਜੋ ਇਨਸਾਫ਼ ਦੀ ਮੰਗ ਨੂੰ ਇਕਜੁੱਟਤਾ ਨਾਲ ਅੱਗੇ ਵਧਾਇਆ ਜਾ ਸਕੇ।
ਇਸ ਮੌਕੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫੌਜੀ, ਪਤਨੀ ਮਨਪ੍ਰੀਤ ਕੌਰ ਐਕਸ਼ਨ ਕਮੇਟੀ ਦੇ ਆਗੂ ਬੋਘ ਸਿੰਘ ਮਾਨਸਾ, ਕ੍ਰਿਸ਼ਨ ਚੌਹਾਨ, ਗੁਰਜੰਟ ਸਿੰਘ, ਸੁਖਵਿੰਦਰ ਸਿੰਘ ਔਲਖ, ਮੁਨੀਸ਼ ਬੱਬੀ ਦਾਨੇਵਾਲੀਆ, ਗਗਨਦੀਪ ਸਿਰਸੀਵਾਲਾ,ਅਮਨ ਪਟਵਾਰੀ,ਲੱਖਾ ਸਿਧਾਣਾ, ਭਾਨਾ ਸਿੱਧੂ, ਰੂਬੀ ਮਾਨਸਾ,ਜਸਵੀਰ ਕੌਰ ਨੱਤ, ਭਗਵੰਤ ਸਮਾਓ,ਅਰਵਿੰਦਰ ਕੌਰ,ਨਿਰਮਲ ਸਿੰਘ ਝੰਡੂਕੇ, ਦਿਲਬਾਗ ਸਿੰਘ ਕਲੀਪੁਰ, ਮਹਿੰਦਰ ਸਿੰਘ ਭੈਣੀ,ਮਾਨਿਕ ਗੋਇਲ, ਪ੍ਰੇਮ ਅਰੋੜਾ,ਸੁਰਜੀਤ ਸਿੰਘ ਫੂਲ,ਡਾ ਜਨਕ ਰਾਜ, ਚਮਕੌਰ ਸਿੰਘ ਮੂਸਾ,ਹਰਵਿੰਦਰ ਭਾਰਦਵਾਜ, ਧੰਨਾ ਮੱਲ ਗੋਇਲ, ਲਖਵਿੰਦਰ ਸਿੰਘ ਮੂਸਾ, ਨਾਜ਼ਰ ਸਿੰਘ ਮਾਨਸ਼ਾਹੀਆ, ਸੁਰੇਸ਼ ਨੰਦਗੜ੍ਹੀਆਂ,ਮਨਦੀਪ ਸਿੰਘ ਗੋਰਾ, ਗੁਰਪ੍ਰੀਤ ਸਿੰਘ ਝੱਬਰ,ਹੰਸ ਰਾਜ ਮੋਫ਼ਰ,ਗੁਰਮੁੱਖ ਸਿੰਘ,ਹਰਮਨ ਸਿੰਘ, ਬਲਜੀਤ ਸ਼ਰਮਾਂ, ਤਰਸੇਮ ਸਿੰਘ ਹਾਜ਼ਰ ਸਨ।
- Download Babushahi App
-
-