ਜੇ ਰੇਲਿੰਗ ਨਾ ਲੱਗੀ ਤਾਂ ਕਰਾਂਗੇ ਪੁਲ ਜਾਮ — ਮੇਸ਼ੀ ਸਹੋਤਾ
ਰੇਲਿੰਗ ਨੂੰ ਰਾਜਨੀਤਿਕ ਮੁੱਦਾ ਨਾ ਬਣਾਇਆ ਜਾਵੇ, ਪਹਿਲਾਂ ਹੀ ਸਾਰਾ ਸ਼ਹਿਰ ਰਾਜਨੀਤੀ ਦੀ ਭੇਟ ਚੜ੍ਹ ਚੁੱਕਾ ਹੈ
ਚਾਰ ਮਹੀਨਿਆਂ ਤੋਂ ਲਟਕਿਆ ਸੁਰੱਖਿਆ ਦਾ ਮਾਮਲਾ, ਪ੍ਰਸ਼ਾਸਨ ਕਿਸੇ ਵੱਡੀ ਘਟਨਾ ਦੀ ਉਡੀਕ ਵਿੱਚ ਤਾਂ ਨਹੀਂ?
ਦੀਪਕ ਜੈਨ
ਜਗਰਾਓਂ , 29 ਅਗਸਤ 2026 :
ਝਾਂਸੀ ਰਾਣੀ ਚੌਂਕ ਨੇੜੇ ਸਥਿਤ ਰੇਲਵੇ ਪੁਲ ’ਤੇ ਸੁਰੱਖਿਆ ਰੇਲਿੰਗ ਦਾ ਮਾਮਲਾ ਹੁਣ ਗੰਭੀਰ ਰੂਪ ਧਾਰਦਾ ਜਾ ਰਿਹਾ ਹੈ। ਕਰੀਬ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਹਟਾਈ ਗਈ ਸੁਰੱਖਿਆ ਰੇਲਿੰਗ ਨੂੰ ਮੁੜ ਨਾ ਲਗਾਇਆ ਜਾਣਾ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਆਖ਼ਿਰ ਲੋਕਾਂ ਦੀ ਜਾਨ ਅਤੇ ਸੁਰੱਖਿਆ ਨਾਲ ਜੁੜੇ ਇਸ ਗੰਭੀਰ ਮਾਮਲੇ ਨੂੰ ਇੰਨੀ ਲੰਮੀ ਦੇਰੀ ਕਿਉਂ ਝੱਲਣੀ ਪੈ ਰਹੀ ਹੈ ਇਲਾਕੇ ਦੇ ਲੋਕਾਂ ਦਾ ਸਿੱਧਾ ਸਵਾਲ ਹੈ ਕਿ ਕੀ ਪ੍ਰਸ਼ਾਸਨ ਕਿਸੇ ਵੱਡੀ ਘਟਨਾ ਦਾ ਇੰਤਜ਼ਾਰ ਕਰ ਰਿਹਾ ਹੈ? ਜਦੋਂ ਇਸ ਪੁਲ ’ਤੇ ਦਿਨ-ਰਾਤ ਆਵਾਜਾਈ ਜਾਰੀ ਰਹਿੰਦੀ ਹੈ ਅਤੇ ਸਥਿਤੀ ਪਹਿਲਾਂ ਹੀ ਸੰਵੇਦਨਸ਼ੀਲ ਬਣੀ ਹੋਈ ਹੈ ਤਾਂ ਸੁਰੱਖਿਆ ਪ੍ਰਬੰਧਾਂ ਵਿੱਚ ਮਹੀਨਿਆਂ ਦੀ ਦੇਰੀ ਨੂੰ ਆਖ਼ਿਰ ਕਿਵੇਂ ਜਾਇਜ਼ ਠਹਿਰਾਇਆ ਜਾ ਸਕਦਾ ਹੈ ਇਸ ਮਾਮਲੇ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੌਂਸਲਰ ਰਮੇਸ਼ ਕੁਮਾਰ ਮੇਸ਼ੀ ਸਹੋਤਾ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨੂੰ ਤਿੱਖੇ ਸਵਾਲਾਂ ਦੇ ਘੇਰੇ ਵਿੱਚ ਲਿਆ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੁਲ ਦੀ ਦੀਵਾਰ ਦੇ ਨਾਲ ਸੁਰੱਖਿਆ ਰੇਲਿੰਗ ਲੱਗਣਾ ਬਹੁਤ ਜ਼ਰੂਰੀ ਹੈ ਅਤੇ ਲੋਕਾਂ ਦੀ ਜਾਨ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਸੜਕ ਨਿਰਮਾਣ ਦੇ ਕੰਮ ਦੌਰਾਨ ਰੇਲਿੰਗ ਹਟਾਈ ਗਈ ਸੀ, ਪਰ ਕੰਮ ਮੁਕੰਮਲ ਹੋਣ ਦੇ ਬਾਵਜੂਦ ਇਸ ਨੂੰ ਮੁੜ ਲਗਾਉਣ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਮੇਸ਼ੀ ਸਹੋਤਾ ਨੇ ਸਵਾਲ ਕੀਤਾ ਕਿ ਜੇਕਰ ਰੇਲਿੰਗ ਲਗਾਉਣ ਲਈ ਸਮਾਨ ਮੌਜੂਦ ਹੈ ਤਾਂ ਫਿਰ ਚਾਰ ਮਹੀਨਿਆਂ ਤੋਂ ਇਹ ਕੰਮ ਕਿਸ ਕਾਰਨ ਅਟਕਿਆ ਹੋਇਆ ਹੈ? ਜ਼ਿੰਮੇਵਾਰ ਅਧਿਕਾਰੀ ਜਨਤਾ ਨੂੰ ਇਹ ਸਪੱਸ਼ਟ ਕਰਨ ਕਿ ਇਸ ਦੇਰੀ ਲਈ ਜ਼ਿੰਮੇਵਾਰ ਕੌਣ ਹੈ ਅਤੇ ਰੇਲਿੰਗ ਆਖ਼ਿਰ ਕਦੋਂ ਤੱਕ ਲਗਾਈ ਜਾਵੇਗੀ ਮੇਸ਼ੀ ਸਹੋਤਾ ਨੇ ਕਿਹਾ ਕਿ ਇਸ ਮਾਮਲੇ ਨੂੰ ਕਿਸੇ ਵੀ ਹਾਲਤ ਵਿੱਚ ਰਾਜਨੀਤਿਕ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ, “ਪਹਿਲਾਂ ਹੀ ਸਾਰਾ ਸ਼ਹਿਰ ਰਾਜਨੀਤੀ ਦੀ ਭੇਟ ਚੜ੍ਹ ਚੁੱਕਾ ਹੈ। ਹੁਣ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਮਾਮਲੇ ਨੂੰ ਵੀ ਰਾਜਨੀਤੀ ਦੀ ਭੇਟ ਨਾ ਚੜ੍ਹਾਇਆ ਜਾਵੇ। ਉਨ੍ਹਾਂ ਜਗਰਾਓਂ ਦੇ ਸਮੂਹ ਕੌਂਸਲਰਾਂ, ਸਮਾਜਸੇਵੀਆਂ ਅਤੇ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਗੰਭੀਰ ਮਸਲੇ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਇਹ ਕਿਸੇ ਇੱਕ ਪਾਰਟੀ, ਇੱਕ ਵਿਅਕਤੀ ਜਾਂ ਇੱਕ ਸੰਸਥਾ ਦਾ ਮੁੱਦਾ ਨਹੀਂ, ਸਗੋਂ ਹਰ ਉਸ ਰਾਹਗੀਰ ਅਤੇ ਵਾਹਨ ਚਾਲਕ ਦੀ ਸੁਰੱਖਿਆ ਦਾ ਸਵਾਲ ਹੈ ਜੋ ਰੋਜ਼ਾਨਾ ਇਸ ਪੁਲ ਤੋਂ ਲੰਘਦਾ ਹੈ।
- Download Babushahi App
-
-