ਜਗਰਾਓਂ 'ਚ ਲਾਟਰੀ ਦੀ ਆੜ ਹੇਠ ਸੱਟੇ ਦਾ ਕਥਿਤ ਕਾਰੋਬਾਰ ਮੁੜ ਸਰਗਰਮ
ਰਾਏਕੋਟ ਅੱਡੇ ਤੱਕ ਫੈਲੀਆਂ ਚਰਚਾਵਾਂ, ਕਿਸ ਦੀ ਸ਼ਹਿ 'ਤੇ ਚੱਲ ਰਿਹਾ ਗੋਰਖਧੰਦਾ?
ਪਹਿਲਾਂ ਵੀ ਚੱਲਦਾ ਰਿਹਾ ਸੱਟੇ ਦਾ ਕਾਰੋਬਾਰ, ਕੁਝ ਸਮਾਂ ਬੰਦ ਰਹਿਣ ਤੋਂ ਬਾਅਦ ਮੁੜ ਸ਼ੁਰੂ ਹੋਣ ਦੇ ਲੱਗ ਰਹੇ ਦੋਸ਼;
ਐਸਐਸਪੀ ਡਾ. ਅੰਕੁਰ ਗੁਪਤਾ ਨੇ ਕਿਹਾ– ਮਾਮਲਾ ਧਿਆਨ ਵਿੱਚ ਆ ਗਿਆ ਹੈ, ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਜਗਰਾਓਂ (ਦੀਪਕ ਜੈਨ

): ਜਗਰਾਓਂ ਸ਼ਹਿਰ ਵਿੱਚ ਲਾਟਰੀ ਦੀ ਆੜ ਹੇਠ ਸੱਟੇ ਦਾ ਕਥਿਤ ਕਾਰੋਬਾਰ ਵੱਡੇ ਪੱਧਰ 'ਤੇ ਚੱਲਣ ਦੀਆਂ ਚਰਚਾਵਾਂ ਨੇ ਇੱਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਨਾਲ-ਨਾਲ ਰਾਏਕੋਟਅੱਡੇ ਵਿੱਚ ਵੀ ਇਸ ਕਾਰੋਬਾਰ ਦੇ ਚੱਲਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪਹਿਲਾਂ ਵੀ ਜਗਰਾਓਂ ਵਿੱਚ ਸੱਟੇ ਦਾ ਕਾਰੋਬਾਰ ਚੱਲਣ ਦੀਆਂ ਸ਼ਿਕਾਇਤਾਂ ਉੱਠਦੀਆਂ ਰਹੀਆਂ ਹਨ। ਕੁਝ ਸਮਾਂ ਇਹ ਕਾਰੋਬਾਰ ਬੰਦ ਰਹਿਣ ਤੋਂ ਬਾਅਦ ਹੁਣ ਮੁੜ ਸਰਗਰਮ ਹੋਣ ਦੇ ਦੋਸ਼ ਲੱਗ ਰਹੇ ਹਨ।
ਇਸ ਮਾਮਲੇ ਸਬੰਧੀ ਜਦੋਂ ਐਸਐਸਪੀ ਡਾ. ਅੰਕੁਰ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਸੱਟੇ ਦਾ ਕਾਰੋਬਾਰ ਕਰਦਾ ਪਾਇਆ ਗਿਆ ਜਾਂ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਭ ਤੋਂ ਵੱਡਾ ਸਵਾਲ: ਆਖ਼ਿਰ ਕਿਸ ਦੀ ਸ਼ਹਿ 'ਤੇ ਚੱਲ ਰਿਹਾ ਹੈ ਇਹ ਕਾਰੋਬਾਰ?
ਸ਼ਹਿਰ ਵਿੱਚ ਲੋਕਾਂ ਵੱਲੋਂ ਇਹ ਸਵਾਲ ਵੀ ਉਠਾਇਆ ਜਾ ਰਿਹਾ ਹੈ ਕਿ ਜੇਕਰ ਇਸ ਤਰ੍ਹਾਂ ਦਾ ਕਾਰੋਬਾਰ ਚੱਲ ਰਿਹਾ ਹੈ ਤਾਂ ਇਸ ਨੂੰ ਰੋਕਣ ਲਈ ਪਹਿਲਾਂ ਠੋਸ ਕਾਰਵਾਈ ਕਿਉਂ ਨਹੀਂ ਹੋਈ? ਕੀ ਸਿਰਫ਼ ਲਾਟਰੀ ਦੀ ਆੜ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਾਂ ਪੂਰੇ ਨੈੱਟਵਰਕ ਦੀ ਵੀ ਪੜਤਾਲ ਹੋਵੇਗੀ? ਕੀ ਇਸ ਕਾਰੋਬਾਰ ਨੂੰ ਕਿਸੇ ਦੀ ਰਾਜਨੀਤਿਕ ਜਾਂ ਹੋਰ ਪ੍ਰਭਾਵਸ਼ਾਲੀ ਸ਼ਹਿ ਹਾਸਲ ਹੈ? ਇਹ ਅਜਿਹੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਐਸਐਸਪੀ ਡਾ. ਅੰਕੁਰ ਗੁਪਤਾ ਵੱਲੋਂ ਦਿੱਤੇ ਗਏ ਸਖ਼ਤ ਕਾਰਵਾਈ ਦੇ ਭਰੋਸੇ ਤੋਂ ਬਾਅਦ ਪੁਲਿਸ ਕਦੋਂ ਮੈਦਾਨ ਵਿੱਚ ਉਤਰਦੀ ਹੈ ਅਤੇ ਕੀ ਇਸ ਕਥਿਤ ਕਾਰੋਬਾਰ ਨਾਲ ਜੁੜੇ ਲੋਕਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਂਦੀ ਹੈ। ਜਗਰਾਓਂ ਵਾਸੀ ਹੁਣ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਦੀ ਉਡੀਕ ਕਰ ਰਹੇ ਹਨ।
- Download Babushahi App
-
-