ਚੰਨੀ ਨੂੰ ਕੋਈ ਵੀ ਫ਼ੈਸਲਾ ਲੈਣ ਦਾ ਅਧਿਕਾਰ- ਹਾਈਕਮਾਂਡ ਦੇ ਫ਼ੈਸਲੇ ਤੋਂ ਨਰਾਜ਼ ਤ੍ਰਿਪਤ ਰਜਿੰਦਰ ਬਾਜਵਾ ਦਾ ਵੱਡਾ ਬਿਆਨ!
ਹਾਈਕਮਾਂਡ ਨਾਲ ਕੋਈ ਲੜਾਈ ਨਹੀਂ, ਫੈਸਲੇ 'ਤੇ ਮੁੜ ਵਿਚਾਰ ਕਰੇ ਪਾਰਟੀ- ਬਾਜਵਾ
ਚੰਨੀ ਧੜੇ ਨੇ ਹਾਈਕਮਾਂਡ ਨੂੰ ਮਿਲਣ ਦਾ ਕੀਤਾ ਫੈਸਲਾ; ਸਾਫ਼ ਕਿਹਾ- ਸਾਡੀ ਹਾਈਕਮਾਂਡ ਨਾਲ ਕੋਈ ਨਿੱਜੀ ਲੜਾਈ ਨਹੀਂ
ਮੋਰਿੰਡਾ/ਚੰਡੀਗੜ੍ਹ, 3 ਜੁਲਾਈ 2026- ਪੰਜਾਬ ਕਾਂਗਰਸ ਦੇ ਅੰਦਰੂਨੀ ਸਿਆਸੀ ਗਲਿਆਰਿਆਂ ਤੋਂ ਇੱਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੋਰਿੰਡਾ ਸਥਿਤ ਰਿਹਾਇਸ਼ 'ਤੇ ਕਾਂਗਰਸ ਦੇ ਬਾਗੀ ਧੜੇ ਦੇ ਦਿੱਗਜ ਆਗੂਆਂ ਦੀ ਇੱਕ ਅਹਿਮ ਅਤੇ ਵੱਡੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਾਂਗਰਸ ਦੇ ਸਾਬਕਾ ਅਤੇ ਮੌਜੂਦਾ ਵਿਧਾਇਕਾਂ ਸਮੇਤ ਕਈ ਸਾਬਕਾ ਸਾਂਸਦ (MPs), ਸਾਬਕਾ ਮੰਤਰੀ ਸ਼ਾਮਿਲ ਹੋਏ, ਜਿਸ ਕਾਰਨ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਮੀਟਿੰਗ ਤੋਂ ਬਾਅਨ ਚੰਨੀ ਧੜੇ ਨੇ ਪਾਰਟੀ ਦੇ ਫੈਸਲਿਆਂ 'ਤੇ ਮੁੜ ਵਿਚਾਰ ਕਰਨ ਦੀ ਮੰਗ ਚੁੱਕੀ ਹੈ।
ਮੀਟਿੰਗ ਤੋਂ ਬਾਅਦ ਚੰਨੀ ਧੜੇ ਦੇ ਸੀਨੀਅਰ ਕਾਂਗਰਸੀ ਆਗੂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਨੇ ਸਾਫ਼ ਸ਼ਬਦਾਂ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਾਂਗਰਸ ਹਾਈਕਮਾਂਡ ਦੇ ਨਾਲ ਕੋਈ ਲੜਾਈ ਜਾਂ ਮਤਭੇਦ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਦਿੱਲੀ ਜਾ ਕੇ ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਕਰਨਗੇ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਪਾਰਟੀ ਵੱਲੋਂ ਲਏ ਗਏ ਹਾਲੀਆ ਫੈਸਲਿਆਂ 'ਤੇ ਮੁੜ ਤੋਂ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ।
ਬਾਜਵਾ ਨੇ ਪਾਰਟੀ ਦੀ ਮੌਜੂਦਾ ਸਥਿਤੀ 'ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ, "ਪਾਰਟੀ ਦੇ ਨਰਾਜ਼ ਵਰਕਰਾਂ ਅਤੇ ਆਗੂਆਂ ਕਾਰਨ ਹੀ ਅੱਜ ਪੰਜਾਬ ਅੰਦਰ ਕਾਂਗਰਸ ਦੀ ਹਾਲਤ ਮਾੜੀ ਹੋਈ ਹੈ। ਲੋਕਾਂ ਦੇ ਮਨਾਂ ਵਿੱਚ ਵੀ ਪਾਰਟੀ ਪ੍ਰਤੀ ਕੁਝ ਨਰਾਜ਼ਗੀ ਜ਼ਰੂਰ ਹੈ।" ਬਾਜਵਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਸਲਾਹ ਦਿੱਤੀ ਹੈ ਕਿ ਉਹ ਖੁਦ ਇਸ ਸਾਰੇ ਮਾਮਲੇ ਨੂੰ ਲੈ ਕੇ ਹਾਈਕਮਾਂਡ ਤੱਕ ਪਹੁੰਚ ਕਰਨ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨ।
- Download Babushahi App
-
-