ਘਰੇਲੂ ਕਲੇਸ਼ ਕਾਰਨ ਪਤਨੀ ਦਾ ਗੋਲੀਆਂ ਮਾਰ ਕੇ ‘ਕਤਲ’ ਮੁਲਜਮ ਫਰਾਰ
ਅਸ਼ੋਕ ਵਰਮਾ
ਬਠਿੰਡਾ, 3 ਜੁਲਾਈ 2026 : ਥਾਣਾ ਸੰਗਤ ਦੇ ਪਿੰਡ ਜੱਸੀ ਬਾਗਵਾਲੀ 'ਚ ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਨੇ ਆਪਣੀ ਪਤਨੀ ਨੂੰ ਪਿਸਤੌਲ ਨਾਲ ਗੋਲੀਆਂ ਮਾਰ ਕੇ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ। ਮੁਢਲੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਮੁਤਾਬਕ ਮੁਲਜਮ ਵੱਲੋਂ ਆਪਣੀ ਪਤਨੀ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ ਹਨ ਜਿਸ ਕਰਕੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਥਾਣਾ ਸੰਗਤ ਪੁਲਿਸ ਨੇ ਇੱਕ ਔਰਤ ਸਮੇਤ ਅੱਧੀ ਦਰਜਨ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ ਕਿਸੇ ਮੁਲਜਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਰਦਾਤ ਉਸ ਸਮੇਂ ਹੋਈ ਜਦੋਂ ਮਹਿਲਾ ਆਪਣੇ ਬੱਚੇ ਨੂੰ ਸਕੂਲ ਵੈਨ ਤੋਂ ਲੈ ਕੇ ਨੇੜਲੀ ਦੁਕਾਨ ਤੋਂ ਸਮੋਸੇ ਖਰੀਦਣ ਜਾ ਰਹੀ ਸੀ।ਮ੍ਰਿਤਕਾ ਦੀ ਪਛਾਣ ਗੁਰਮੀਤ ਕੌਰ (35) ਵਜੋਂ ਹੋਈ ਹੈ, ਜਿਸ ਦਾ ਵਿਆਹ ਕਰੀਬ 14 ਸਾਲ ਪਹਿਲਾਂ ਪਿੰਡ ਜੱਸੀ ਬਾਗਵਾਲੀ ਦੇ ਮਨਜੀਤ ਸਿੰਘ ਪੁੱਤਰ ਡੂੰਗਰ ਸਿੰਘ ਨਾਲ ਹੋਇਆ ਸੀ।

ਜਾਣਕਾਰੀ ਅਨੁਸਾਰ ਪਤੀ-ਪਤਨੀ ਵਿਚਕਾਰ ਲੰਮੇ ਸਮੇਂ ਤੋਂ ਘਰੇਲੂ ਵਿਵਾਦ ਚੱਲਦਾ ਆ ਰਿਹਾ ਸੀ ਅਤੇ ਪਿਛਲੇ ਲਗਭਗ ਦੋ ਸਾਲਾਂ ਤੋਂ ਦੋਵੇਂ ਵੱਖ-ਵੱਖ ਘਰਾਂ ਵਿੱਚ ਰਹਿ ਰਹੇ ਸਨ। ਦੋਹਾਂ ਦੇ ਦੋ ਬੱਚੇ ਹਨ, ਜੋ ਆਪਣੀ ਮਾਂ ਨਾਲ ਰਹਿੰਦੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਗੁਰਮੀਤ ਕੌਰ ਆਪਣੇ ਬੱਚੇ ਨੂੰ ਸਕੂਲ ਵੈਨ ਤੋਂ ਉਤਾਰ ਕੇ ਨਜ਼ਦੀਕ ਹੀ ਪੈਂਦੀ ਮਠਿਆਈ ਦੀ ਦੁਕਾਨ ਤੋਂ ਸਮੋਸੇ ਲੈਣ ਜਾ ਰਹੀ ਸੀ। ਇਸੇ ਦੌਰਾਨ ਕਥਿਤ ਤੌਰ 'ਤੇ ਉਸ ਦਾ ਪਤੀ ਮਨਜੀਤ ਸਿੰਘ ਮੌਕੇ 'ਤੇ ਪਹੁੰਚਿਆ ਤੇ ਪਿਸਤੌਲ ਨਾਲ ਉਸ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।ਗੋਲੀਆਂ ਉਸ ਦੀ ਛਾਤੀ ਤੇ ਵੱਖੀ 'ਚ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਠਿੰਡਾ ਦਿਹਾਤੀ ਦੇ ਡੀਐੱਸਪੀ ਹਰਵਿੰਦਰ ਸਿੰਘ ਸਰਾਂ ਅਤੇ ਥਾਣਾ ਸੰਗਤ ਦੇ ਮੁਖੀ ਜਗਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਵਾਸਤੇਸਿਵਲ ਹਸਪਤਾਲ ਬਠਿੰਡਾ ਭੇਜ ਦਿੱਤੀ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਨ ਸਬੰਧੀ ਕਿਹਾ ਜਾ ਰਿਹਾ ਹੈ। ਇਸ ਦੌਰਾਨ ਮ੍ਰਿਤਕਾ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸ਼ਨ 'ਤੇ ਗੰਭੀਰ ਦੋਸ਼ ਲਗਾਏ ਹਨ। ਗੁਰਮੀਤ ਕੌਰ ਦੀ ਮਾਂ ਨੇ ਦੱਸਿਆ ਕਿ ਉਸ ਦਾ ਜੁਆਈ ਮਨਜੀਤ ਸਿੰਘ ਉਸ ਦੀ ਧੀ ਨਾਲ ਲਗਾਤਾਰ ਕੁੱਟਮਾਰ ਕਰਦਾ ਸੀ ਤੇ ਉਸ ਨੂੰ ਤੰਗ- ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਇਸ ਸਬੰਧੀ ਬਠਿੰਡਾ ਦਿਹਾਤੀ ਦੇ ਡੀਐੱਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਪਰ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦਾ ਦੋਸ਼ ਹੈ ਕਿ ਜੇਕਰ ਸਮੇਂ ਸਿਰ ਕਾਰਵਾਈ ਹੋ ਜਾਂਦੀ ਤਾਂ ਅੱਜ ਉਨ੍ਹਾਂ ਦੀ ਧੀ ਜ਼ਿੰਦਾ ਹੁੰਦੀ।ਬਠਿੰਡਾ ਦਿਹਾਤੀ ਦੇ ਡੀਐੱਸਪੀ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਮਿਰਤਕਾਂ ਦੀ ਮਾਂ ਰਾਣੀ ਕੌਰ ਪਤਨੀ ਜਾਗਰ ਸਿੰਘ ਵਾਸੀ ਧੋਬੀਆਣਾ ਬਸਤੀ ਬਠਿੰਡਾ ਦੇ ਬਿਆਨਾ ਮੁਤਾਬਕ ਮਨਜੀਤ ਸਿੰਘ ਤੇ ਸੁਖਦੇਵ ਸਿੰਘ ਪੁੱਤਰਾਨ ਮਹਿੰਦਰ ਸਿੰਘ,ਸੁਖਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ
, ਸੁਖਬੀਰ ਕੋਰ ਪਤਨੀ ਸਵਰਗੀ ਨਿਰੰਜਨ ਸਿੰਘ,ਅਵਤਾਰ ਸਿੰਘ ਪੁੱਤਰ ਦਲਜੀਤ ਸਿੰਘ ਦਲਜੀਤ ਸਿੰਘ ਪੁੱਤਰ ਮਾਨ ਸਿੰਘ ਵਾਸੀਆਨ ਜੱਸੀ ਬਾਗਵਾਲੀ ਖਿਲਾਫ ਮੁਕਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
- Download Babushahi App
-
-