ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਾਬਕਾ ਫੌਜੀਆਂ ਲਈ ਸੈਮੀਨਾਰ ਆਯੋਜਿਤ
ਬੰਗਾ 7 ਅਗਸਤ () ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਰੋਟਰੀ ਕਲੱਬ ਬੰਗਾ ਦੇ ਸਹਿਯੋਗ ਨਾਲ ਸਾਬਕਾ ਫੌਜੀਆਂ ਦੀ ਭਲਾਈ ਲਈ ਭਾਰਤ ਸਰਕਾਰ ਵੱਲੋਂ ਚਲਾਈ ਜਾਂਦੀ ਸਿਹਤ ਸਕੀਮ ਈ.ਸੀ.ਐਚ.ਐਸ. ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ।
ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਸਾਬਕਾ ਫੌਜੀਆਂ ਅਤੇ ਰੋਟਰੀ ਕਲੱਬ ਦੇ ਅਹੁਦੇਦਾਰਾਂ ਦਾ ਨਿੱਘਾ ਸਵਾਗਤ ਕਰਦੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਆਧੁਨਿਕ ਮੈਡੀਕਲ ਸਹੂਲਤਾਂ ਅਤੇ ਤਜਰਬੇਕਾਰ ਡਾਕਟਰਾਂ ਦੀ ਟੀਮ ਲੈਸ ਹੈ । ਦੇਸ਼ ਦੇ ਸਾਬਕਾ ਫੌਜੀ ਸਾਡੇ ਸਮਾਜ ਦਾ ਮਾਣ ਹਨ ਅਤੇ ਉਨ੍ਹਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਸਾਡਾ ਫ਼ਰਜ਼ ਹੈ । ਸ. ਢਾਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਸਾਬਕਾ ਫੌਜੀਆਂ ਨੂੰ ਈ.ਸੀ.ਐਚ.ਐਸ. ਸਕੀਮ ਅਧੀਨ ਕੈਸ਼ਲੈੱਸ ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਨਾ ਹੈ ।
ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ, ਮੈਡੀਕਲ ਸੁਪਰਡੈਂਟ ਅਤੇ ਨਿਊਰੋ ਸਰਜਨ ਨੇ ਹਸਪਤਾਲ ਵਿੱਚ ਚੱਲ ਰਹੇ ਵੱਖ-ਵੱਖ ਵਿਭਾਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿੱਚ ਨਿਊਰੋ ਸਰਜਰੀ, ਯੂਰੋਲੋਜੀ, ਜਨਰਲ ਮੈਡੀਸਨ, ਜਨਰਲ ਸਰਜਰੀ, ਹੱਡੀਆਂ ਦੇ ਰੋਗ, ਡੈਂਟਲ, ਗਾਇਨੀਕੋਲੋਜੀ, ਬੱਚਿਆਂ ਦੇ ਰੋਗ, ਈ ਐਨ ਟੀ, ਚਮੜੀ ਦੇ ਰੋਗ, ਮਾਨਸਿਕ ਰੋਗ, ਅੱਖਾਂ ਦੇ ਰੋਗ, ਫਿਜ਼ੀਉਥੈਰਾਪੀ, ਐਮਰਜੈਂਸੀ, ਟਰੌਮਾ ਸੈਂਟਰ ਅਤੇ ਆਧੁਨਿਕ ਡਾਇਗਨੋਸਟਿਕ ਸੇਵਾਵਾਂ ਉਪਲਬਧ ਹਨ । ਡਾ. ਅਮਿਤ ਸੰਧੂ ਯੂਰੋਲੋਜਿਸਟ ਨੇ ਗੁਰਦੇ, ਪਿਸ਼ਾਬ ਦੀ ਨਲੀ, ਪ੍ਰੋਸਟੇਟ ਅਤੇ ਹੋਰ ਯੂਰੋਲੋਜੀਕਲ ਸਮੱਸਿਆਵਾਂ ਦੇ ਆਧੁਨਿਕ ਇਲਾਜ ਬਾਰੇ ਜਾਣਕਾਰੀ ਦਿੱਤੀ । ਡਾ. ਜਗਜੀਤ ਸਿੰਘ ਡੈਂਟਲ ਸਰਜਨ ਨੇ ਦੰਦਾਂ ਦੀਆਂ ਬਿਮਾਰੀਆਂ, ਮਸੂੜਿਆਂ ਦੀਆਂ ਸਮੱਸਿਆਵਾਂ, ਡੈਂਟਲ ਇੰਪਲਾਂਟ, ਰੂਟ ਕੈਨਾਲ ਇਲਾਜ ਅਤੇ ਮੂੰਹ ਦੀ ਸਫ਼ਾਈ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਨੇ ਦੱਸਿਆ ਕਿ ਈ.ਸੀ.ਐਚ.ਐਸ. ਸਿਹਤ ਸਕੀਮ ਦੇ ਅਧੀਨ ਸਾਬਕਾ ਫੌਜੀਆਂ ਨੂੰ ਕੈਸ਼ਲੈੱਸ ਇਲਾਜ ਅਤੇ ਮਾਹਿਰ ਡਾਕਟਰਾਂ ਦੀ ਸੇਵਾਵਾਂ ਮਿਲਦੀਆਂ ਹਨ । ਉਨ੍ਹਾਂ ਨੇ ਰਜਿਸਟ੍ਰੇਸ਼ਨ ਪ੍ਰਕਿਰਿਆ, ਇਲਾਜ ਸਬੰਧੀ ਲੋੜੀਂਦੇ ਦਸਤਾਵੇਜ਼ਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ।
ਇਸ ਮੌਕੇ ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਨੇ ਕਿਹਾ ਕਿ ਉਹ ਵੀ ਸਾਬਕਾ ਫੌਜੀ ਹਨ ਅਤੇ ਅਜਿਹੇ ਜਾਗਰੂਕਤਾ ਸੈਮੀਨਾਰ ਸਾਬਕਾ ਫੌਜੀਆਂ ਲਈ ਬਹੁਤ ਲਾਭਦਾਇਕ ਹੁੰਦੇ ਹਨ । ਕਿਉਂਕਿ ਬਹੁਤ ਸਾਰੇ ਈ.ਸੀ.ਐਚ.ਐਸ. ਲਾਭਪਾਤਰੀ ਸਕੀਮ ਦੀਆਂ ਸਹੂਲਤਾਂ ਬਾਰੇ ਪੂਰੀ ਜਾਣਕਾਰੀ ਤੋਂ ਵਾਂਝੇ ਰਹਿ ਜਾਂਦੇ ਹਨ। ਸੁਰਿੰਦਰਪਾਲ ਖੇਪੜ ਸਾਬਕਾ ਪ੍ਰਧਾਨ ਨੇ ਹਸਪਤਾਲ ਪ੍ਰਬੰਧਕ ਟਰੱਸਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਬਕਾ ਫੌਜੀਆਂ ਦੀ ਭਲਾਈ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਅਜਿਹੇ ਸੈਮੀਨਾਰ ਨਿਯਮਤ ਤੌਰ ’ਤੇ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਉਹ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਪੂਰਾ ਲਾਭ ਲੈ ਸਕਣ । ਸੈਮੀਨਾਰ ਵਿਚ ਹਾਜ਼ਰ ਸਾਬਕਾ ਫੌਜੀਆਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਸਾਬਕਾ ਫੌਜੀਆਂ ਦੀ ਭਲਾਈ ਕੀਤੇ ਇਸ ਉਦੱਮ ਦੀ ਸ਼ਲਾਘਾ ਕੀਤੀ । ਇਸ ਮੌਕੇ ਦਵਿੰਦਰਸਿੰਘ ਢਿੱਲੋਂ ਟਰੱਸਟ ਮੈਂਬਰ, ਰਾਜ ਕੁਮਾਰ ਬਾਜੜ ਸਾਬਕਾ ਪ੍ਰਧਾਨ, ਸੁਰਿੰਦਰ ਸਿੰਘ ਢੀਂਡਸਾ ਸਾਬਕਾ ਪ੍ਰਧਾਨ, ਬੀਬੀ ਜਗਜੀਤ ਕੌਰ ਕਰਨਾਣਾ, ਕੈਪਟਨ ਦੌਲਤ ਸਿੰਘ, ਸੂਬੇਦਾਰ ਮੇਜਰ ਪ੍ਰੇਮ ਸਿੰਘ, ਸੂਬੇਦਾਰ ਮੇਜਰ ਰਾਮ ਲੁਭਾਇਆ, ਰਿਸਾਲਦਾਰ ਆਦਰ ਸਿੰਘ, ਹਵਲਦਾਰ ਰਾਮ ਸਿੰਘ, ਹਵਲਦਾਰ ਦਲਬੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਬਕਾ ਫੌਜੀ, ਰੋਟਰੀ ਕਲੱਬ ਦੇ ਅਹੁਦੇਦਾਰ ਅਤੇ ਹਸਪਤਾਲ ਦੇ ਸਮੂਹ ਮੈਡੀਕਲ ਮਾਹਿਰ ਹਾਜ਼ਰ ਸਨ ।
- Download Babushahi App
-
-