ਖ਼ਾਕੀ ਦਾਗ਼ਦਾਰ: ਕਾਊਂਟਰ ਇੰਟੈਲੀਜੈਂਸ ਦਾ ਇੰਸਪੈਕਟਰ ਹੈਰੋਇਨ ਅਤੇ ਨਜਾਇਜ਼ ਪਿਸਟਲਾਂ ਸਮੇਤ ਗ੍ਰਿਫ਼ਤਾਰ
Babushahi Network
ਫ਼ਿਰੋਜ਼ਪੁਰ, 26 ਸਤੰਬਰ 2026: ਕਾਊਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਰਹੇ ਇੰਸਪੈਕਟਰ ਬਲਦੇਵ ਸਿੰਘ ਨੂੰ ਫ਼ਿਰੋਜ਼ਪੁਰ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਅਤੇ ਅਸਲੇ ਸਮੇਤ ਹਿਰਾਸਤ ਵਿੱਚ ਲਿਆ ਹੈ। ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਫ਼ਿਰੋਜ਼ਪੁਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਸ਼ੇਸ਼ ਗੱਡੀ ਵਿੱਚ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਅਸਲਾ ਲਿਜਾਇਆ ਜਾ ਰਹਾ ਹੈ। ਇਸ ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨੇ ਮੋਗਾ ਰੋਡ 'ਤੇ ਵਿਸ਼ੇਸ਼ ਨਾਕੇਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇੱਕ ਸ਼ੱਕੀ ਹੁੰਡਈ I-20 ਕਾਰ ਮੋਗਾ ਰੋਡ ਵੱਲ ਆਉਂਦੀ ਦਿਖਾਈ ਦਿੱਤੀ। ਪੁਲਿਸ ਟੀਮ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਕਾਰ ਨੂੰ ਰੋਕਿਆ।
ਜਦੋਂ ਕਾਰ ਚਲਾ ਰਹੇ ਵਿਅਕਤੀ ਦੀ ਪਛਾਣ ਕੀਤੀ ਗਈ ਤਾਂ ਉਹ ਕਾਊਂਟਰ ਇੰਟੈਲੀਜੈਂਸ ਦਾ ਇੰਸਪੈਕਟਰ ਬਲਦੇਵ ਸਿੰਘ ਨਿਕਲਿਆ। ਇਸ ਤੋਂ ਬਾਅਦ ਜਦੋਂ ਪੁਲਿਸ ਟੀਮ ਵੱਲੋਂ ਗੱਡੀ ਅਤੇ ਦੋਸ਼ੀ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚੋਂ 3 ਕਿਲੋ 350 ਗ੍ਰਾਮ ਹੈਰੋਇਨ, 6 ਨਾਜਾਇਜ਼ ਪਿਸਤੌਲ ਅਤੇ 6 ਮੋਬਾਈਲ ਫੋਨ ਬਰਾਮਦ ਹੋਏ। ਬਰਾਮਦ ਕੀਤੇ ਗਏ ਮੋਬਾਈਲ ਫੋਨਾਂ ਦੀ ਵਰਤੋਂ ਨਸ਼ਾ ਤਸਕਰਾਂ ਅਤੇ ਅੰਤਰਰਾਸ਼ਟਰੀ ਨੈੱਟਵਰਕ ਨਾਲ ਰਾਬਤਾ ਕਾਇਮ ਕਰਨ ਲਈ ਕੀਤੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਨੇ ਮੌਕੇ 'ਤੇ ਹੀ ਸਮੱਗਰੀ ਨੂੰ ਜ਼ਬਤ ਕਰਦਿਆਂ ਇੰਸਪੈਕਟਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੰਸਪੈਕਟਰ ਬਲਦੇਵ ਸਿੰਘ ਖ਼ਿਲਾਫ਼ ਐਨ.ਡੀ.ਪੀ.ਐਸ. (NDPS) ਐਕਟ ਅਤੇ ਅਸਲਾ ਐਕਟ (Arms Act) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
- Download Babushahi App
-
-